ਪੰਜਾਬ
ਸਮੁੱਚੀਆਂ ਸੈਣੀ ਸਮਾਜ ਦੀਆਂ ਜਥੇਬੰਦੀਆਂ ਨੂੰ ਇਕ ਝੰਡੇ ਹੇਠ ਲਿਆਉਣਾ ਸਮੇਂ ਦੀ ਲੋੜ: ਕਮਲਦੀਪ ਸੈਣੀ
ਸੈਣੀ ਭਵਨ ਚੰਡੀਗੜ੍ਹ ਵਿਖੇ ਟ੍ਰਾਈਸਿਟੀ ਸੈਣੀ ਵਿਕਾਸ ਮੰਚ ਵੱਲੋਂ ਕਰਵਾਈ ਮੀਟਿੰਗ ਚ ਬੋਲੇ ਕਮਲਦੀਪ ਸੈਣੀ
ਜਲਦੀ ਹੀ ਹੋਣਗੀਆਂ ਸਾਰੀਆਂ ਜਥੇਬੰਦੀਆਂ ਇਕ ਝੰਡੇ ਹੇਠ
( )
ਬੀਤੇ ਦਿਨੀ ਸੈਣੀ ਭਵਨ ਚੰਡੀਗਡ਼੍ਹ ਵਿਖੇ ਟਰਾਈ ਸਿਟੀ ਸੈਣੀ ਵਿਕਾਸ ਮੰਚ ਚੰਡੀਗੜ੍ਹ ਵੱਲੋਂ ਸੈਣੀ ਸਮਾਜ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਕਮਲਦੀਪ ਸੈਣੀ ਨੇ ਵੀ ਵਿਸ਼ੇਸ਼ ਰੂਪ ਵਿੱਚ ਸ਼ਿਰਕਤ ਕੀਤੀ।
ਇਸ ਮੌਕੇ ਟਰਾਈ ਸਿਟੀ ਸੈਣੀ ਵਿਕਾਸ ਮੰਚ ਚੰਡੀਗੜ੍ਹ ਦੇ ਪ੍ਰਧਾਨ ਜੈ ਸਿੰਘ ਸੈਣੀ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ।
ਮੀਟਿੰਗ ਦੌਰਾਨ ਆਪਣੇ ਸੰਬੋਧਨ ਵਿੱਚ ਕਮਲਦੀਪ ਸਿੰਘ ਸੈਣੀ ਨੇ ਵਿਚਾਰ ਰੱਖਦਿਆਂ ਕਿਹਾ ਕਿ ਸਮੁੱਚੇ ਸੈਣੀ ਸਮਾਜ ਨੂੰ ਅੱਜ ਇਕ ਮੰਚ ਅਤੇ ਇਕ ਝੰਡੇ ਹੇਠਾਂ ਇਕੱਠੇ ਹੋਣ ਦੀ ਲੋੜ ਹੈ। ਵਰਤਮਾਨ ਵਿੱਚ ਨਾ ਕੇਵਲ ਉੱਤਰ ਭਾਰਤ ਵਿੱਚ ਬਲਕਿ ਪੂਰੇ ਦੇਸ਼ ਵਿੱਚ ਅਤੇ ਵਿਦੇਸ਼ਾਂ ਵਿੱਚ ਵੀ ਸੈਣੀ ਸਮਾਜ ਨਾਲ ਜੁੜੀਆਂ ਕਈ ਨਾਮਵਰ ਹਸਤੀਆਂ ਆਪਣਾ ਨਾਮ ਰੌਸ਼ਨ ਕਰ ਰਹੀਆਂ ਹਨ। ਅਜਿਹੇ ਵਿਚ ਸੈਣੀ ਸਮਾਜ ਸਮਾਜ ਨੂੰ ਇਕ ਸੰਗਠਨ ਹੋ ਕੇ ਅੱਗੇ ਵਧਣ ਦੀ ਲੋੜ ਤਾਂ ਜੋ ਸੈਣੀ ਸਮਾਜ ਦੀ ਭਲਾਈ ਲਈ ਕੰਮ ਕੀਤਾ ਜਾ ਸਕੇ ਅਤੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਹੋਰ ਵੀ ਵਧੀਆ ਬਣਾਉਣ ਲਈ ਉਪਰਾਲੇ ਕੀਤੇ ਜਾ ਸਕਣ।
ਇਨ੍ਹਾਂ ਸੁਝਾਵਾਂ ਅਤੇ ਵਿਚਾਰਾਂ ਨੂੰ ਪ੍ਰਵਾਨ ਕਰਦਿਆਂ ਮੀਟਿੰਗ ਵਿੱਚ ਸੈਣੀ ਸਮਾਜ ਅਤੇ ਸਮੂਹ ਮਾਨਵਤਾ ਦੀ ਭਲਾਈ ਅਤੇ ਸ਼ੁਭ ਕਾਰਜਾਂ ਦੇ ਲਈ ਸਮਾਜ ਨੂੰ ਇਕਮੁੱਠ ਹੋ ਕੇ ਕਾਰਜ ਕਰਨ ਤੇ ਸਹਿਮਤੀ ਪ੍ਰਗਟਾਈ ਗਈ। ਇਸੇ ਤਹਿਤ ਬਹੁਤ ਜਲਦੀ ਹੀ ਸੈਣੀ ਸਮਾਜ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਇਕ ਝੰਡੇ ਹੇਠ ਇਕੱਠਾ ਕੀਤਾ ਜਾਵੇਗਾ। ਜਿਸ ਵਿੱਚ ਨਾ ਕੇਵਲ ਉੱਤਰ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਬਲਕਿ ਪੂਰੇ ਭਾਰਤ ਖਾਸ ਕਰਕੇ ਦਿੱਲੀ ਅਤੇ ਮੁੰਬਈ ਦੇ ਸਮੁੱਚੇ ਸੈਣੀ ਸਮਾਜ ਨੂੰ ਅਤੇ ਵਿਦੇਸ਼ਾਂ ਵਿੱਚ ਵਸਦੀਆਂ ਸਮੂਹ ਸੈਣੀ ਸਮਾਜ ਦੀਆਂ ਨਾਮਵਰ ਹਸਤੀਆਂ ਖਾਸ ਕਰਕੇ ਇੰਗਲੈਂਡ, ਅਮਰੀਕਾ, ਕੈਨੇਡਾ ਅਤੇ ਹੋਰਨਾਂ ਯੂਰਪੀਨ ਦੇਸ਼ਾਂ ਦੀਆਂ ਹਸਤੀਆਂ ਨੂੰ ਇਸ ਇੱਕ ਝੰਡੇ ਹੇਠ ਜੋਡ਼ਿਆ ਜਾਵੇਗਾ।
ਇਸ ਦੇ ਨਾਲ ਹੀ ਪੂਰੇ ਸੈਣੀ ਸਮਾਜ ਦੇ ਇਸ ਇਕ ਸੰਗਠਨ ਨੂੰ ਮਜ਼ਬੂਤ ਕਰਕੇ ਅਤੇ ਪਿੰਡ ਪੱਧਰ ਤੇ ਮੀਟਿੰਗਾਂ ਕਰਕੇ ਸਮਾਜ ਅਤੇ ਸਮਾਜ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਸਿੱਖਿਆ, ਖੇਡਾਂ ਅਤੇ ਹਾਈ ਐਜੂਕੇਸ਼ਨ ਲਈ ਸੰਗਠਨ ਵੱਲੋਂ ਉਪਰਾਲੇ ਵੀ ਕੀਤੇ ਜਾਣਗੇ।
ਮੀਟਿੰਗ ਵਿਚ ਸੈਣੀ ਸੰਗਠਨ ਵੱਲੋਂ ਆਜ਼ਾਦੀ ਘੁਲਾਟੀਏ ਪਰਿਵਾਰ ਅਤੇ ਆਏ ਮੁੱਖ ਵਿਸ਼ੇਸ਼ ਮਹਿਮਾਨਾਂ ਦਾ ਸਨਮਾਨ ਚਿੰਨ੍ਹ ਅਤੇ ਦੁਸ਼ਾਲਾ ਦੇ ਕੇ ਸਨਮਾਨ ਕੀਤਾ ਗਿਆ। ਮੀਟਿੰਗ ਵਿੱਚ ਇਕ ਦਰਜਨ ਹੋਰ ਮੈਂਬਰਾਂ ਨੂੰ ਜਨਰਲ ਬਾਡੀ ਦੇ ਮੈਂਬਰ ਬਣਾ ਉਨ੍ਹਾਂ ਨੂੰ ਗੁਲਾਬ ਦਾ ਫੁੱਲ ਦੇ ਕੇ ਸੈਣੀ ਸੰਗਠਨ ਦਾ ਵਿਸਥਾਰ ਕੀਤਾ ਗਿਆ।
ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਸਾਬਕਾ ਮੈਂਬਰ ਪਾਰਲੀਮੈਂਟ ਸਰਦਾਰ ਚਰਨਜੀਤ ਸਿੰਘ ਚੰਨੀ ਨੇ ਨਵ ਨਿਯੁਕਤ ਪ੍ਰਧਾਨ ਸਰਦਾਰ ਹਰਵੇਲ ਸਿੰਘ ਸੈਣੀ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਸਮਾਜ ਲਈ ਤਕੜੇ ਹੋ ਕੇ ਕੰਮ ਕਰੋ ਅਤੇ ਸਮਾਜ ਸਮਾਜ ਦੇ ਨੌਜਵਾਨਾਂ ਨੂੰ ਨਾਲ ਜੋੜ ਕੇ ਸਮਾਜ ਭਲਾਈ ਦੇ ਕੰਮ ਕਰਨੇ ਅਤਿ ਜ਼ਰੂਰੀ ਹੈ ,ਮੇਰਾ ਪੂਰਾ ਸਹਿਯੋਗ ਤੁਹਾਡੇ ਨਾਲ ਹੈ।
ਇਸ ਮੌਕੇ ਹਰਿਆਣਾ ਰਾਜ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਸ ਗੁਰਦਿਆਲ ਸਿੰਘ ਸੈਣੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੂਰੇ ਭਾਰਤ ਦੇ ਸੈਣੀ ਸਮਾਜ ਨੂੰ ਇਕੱਠਾ ਕਰਨ ਦਾ ਮਿਸ਼ਨ ਪੂਰੇ ਭਾਰਤ ਨੂੰ ਇਕਮੁੱਠ ਕਰਨ ਦਾ ਵੀ ਯਤਨ ਹੋਵੇਗਾ।
ਇਸ ਮੌਕੇ ਸੈਣੀ ਸੰਗਠਨ ਦੇ ਨਵ ਨਿਯੁਕਤ ਪ੍ਰਧਾਨ ਹਰਵੇਲ ਸਿੰਘ ਸੈਣੀ ਵੱਲੋਂ ਅਮਰ ਸ਼ਹੀਦ ਬੀਬੀ ਸ਼ਰਨ ਕੌਰ ਜੀ ਦੀ ਜੀਵਨੀ ਅਤੇ ਵੀਰ ਗਾਥਾ ਬਾਰ ਦੇ ਰੂਪ ਵਿੱਚ ਸੁਣਾਈ ਗਈ । ਅਮਰ ਸ਼ਹੀਦ ਬੀਬੀ ਸ਼ਰਨ ਕੌਰ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਜਿਸ ਨੇ ਚਮਕੌਰ ਦੀ ਗੜ੍ਹੀ ਦੇ ਚਾਲੀ ਸਿੰਘਾਂ ਦਾ ਸਸਕਾਰ ਕੀਤਾ ਅਤੇ ਉਸ ਨੂੰ ਮੁਗਲ ਫੌਜਾਂ ਨਾਲ ਲੜਦਿਆਂ ਜ਼ਿੰਦਾ ਚਿਖਾ ਵਿਚ ਸੁੱਟ ਦਿੱਤਾ ਗਿਆ ਅਤੇ ਸ਼ਹੀਦੀ ਪ੍ਰਾਪਤ ਕੀਤੀ । ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਤਲਵੰਡੀ ਸਾਬੋ ਵਿਖੇ ਆਪਣੀ ਸਪੁੱਤਰੀ ਦਾ ਦਰਜਾ ਦਿੱਤਾ ਗਿਆ ਬਾਰੇ ਵਿਸਥਾਰ ਨਾਲ ਦੱਸਿਆ ਗਿਆ।
ਸ੍ਰੀ ਵੇਦਪਾਲ ਸੈਣੀ ਵਲੋਂ ਮਾਤਾ ਸਵਿੱਤਰੀ ਬਾਈ ਫੂਲੇ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰਪੂਰਕ ਦੱਸਿਆ ਗਿਆ ਜੋ ਕਿ ਭਾਰਤ ਦੀ ਪਹਿਲੀ ਮਹਿਲਾ ਅਧਿਆਪਕ ਰਹੀ ਸੀ। ਸ੍ਰੀ ਵਿਨੋਦ ਰਾਏ ਸੈਣੀ ਹੁਸ਼ਿਆਰਪੁਰ ਅਤੇ ਪ੍ਰਤਾਪ ਸੈਣੀ ਨੰਗਲ ਵੱਲੋਂ ਵੀ ਸੈਣੀ ਸੰਗਠਨ ਦੀ ਮਹੱਤਤਾ ਬਾਰੇ ਚਾਨਣਾ ਪਾਇਆ ਗਿਆ ।