ਪੰਜਾਬ
ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫੀ ਬਣੇਗੀ ਹੁਣ ਮੁੱਦਾ , ਮੁੱਖ ਮੰਤਰੀ ਚੰਨੀ ਨਾਲ ਮੀਟਿਗ ਦੌਰਾਨ ਕਿਸਾਨ ਉਠਾਉਣਗੇ ਮੁੱਦਾ
ਵਿਧਾਨ ਸਭਾ ਚੋਣਾਂ ਦੌਰਾਨ ਚੋਣ-ਮੈਨੀਫੈਸਟੋ ਰਾਹੀਂ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ : ਬੁਰਜ਼ਗਿੱਲ, ਜਗਮੋਹਨ
ਦਿੱਲੀ ਦੇ ਕਿਸਾਨ-ਮੋਰਚੇ ਤੋਂ ਮੁੜਦੇ 2 ਕਿਸਾਨਾਂ ਦੀ ਸੜਕ ਹਾਦਸੇ ‘ਚ ਸ਼ਹਾਦਤ ‘ਤੇ ਦੁੱਖ ਦਾ ਪ੍ਰਗਟਾਵਾ
ਚੰਡੀਗੜ੍ਹ :- ਦਿੱਲੀ ਤੋਂ ਵਾਪਸੀ ਤੋਂ ਬਾਅਦ ਹੁਣ ਪੰਜਾਬ ਅੰਦਰ ਕਿਸਾਨਾਂ ਦੇ ਪੂਰਨ ਕਰਜ਼ਾ ਮੁਆਫੀ ਨੂੰ ਲੈ ਕੇ ਕਿਸਾਨ ਸੰਗਠਨ ਪੂਰੀ ਤਰ੍ਹਾਂ ਸਰਗਰਮ ਹੋ ਗਏ ਹਨ ਤੇ ਕਿਸਾਨਾਂ ਆਗੂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਪੂਰਨ ਕਰਜੇ ਮੁਆਫੀ ਦਾ ਕੀਤਾ ਵਾਅਦਾ ਯਾਦ ਕਾਰਵਾਉਂਗੇ । ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਪਰਤਣ ਤੋਂ ਬਾਅਦ ਕਿਹਾ ਕਿ 17 ਦਸੰਬਰ ਨੂੰ ਪੰਜਾਬ ਦੇ ਮੁੱਖ-ਮੰਤਰੀ ਚਰਨਜੀਤ ਸਿੰਘ ਚੰਨੀ ਅਤੇ 32 ਕਿਸਾਨ-ਜਥੇਬੰਦੀਆਂ ਵਿਚਕਾਰ ਹੋਣ ਵਾਲੀ ਮੀਟਿੰਗ ਦੌਰਾਨ ਕਿਸਾਨਾਂ ਦੀ ਪੂਰਨ ਕਰਜ਼ਾ ਮੁਕਤੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਜਾਵੇਗਾ। ਪੰਜਾਬ ਕਾਂਗਰਸ ਨੂੰ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ-ਮੈਨੀਫੈਸਟੋ ਰਾਹੀਂ ਕੀਤੇ ਵਾਅਦੇ ਨੂੰ ਤੁਰੰਤ ਪੂਰਾ ਕਰਨਾ ਚਾਹੀਦਾ ਹੈ, ਕਿਉਂਕਿ ਕਿ ਆਗਾਮੀ ਚੋਣਾਂ ਬਿਲਕੁਲ ਨੇੜੇ ਹਨ, ਪਰ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਜਾ ਰਹੇ ਹਨ।
ਇਸ ਦੌਰਾਨ ਬੁਰਜ਼ਗਿੱਲ ਨੇ ਦਿੱਲੀ ਕਿਸਾਨ ਮੋਰਚੇ ਤੋਂ ਵਾਪਿਸ ਪਰਤਦੇ ਮੁਕਤਸਰ ਸਾਹਿਬ ਜਿਲ੍ਹੇ ਦੇ 2 ਕਿਸਾਨਾਂ ਦੀ ਸੜਕ ਦੁਰਘਟਨਾ ‘ਚ ਸ਼ਹਾਦਤ ਨੂੰ ਬੇਹੱਦ ਦੁਖਦਾਈ ਕਿਹਾ ਹੈ, ਉਹਨਾਂ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਪਰਿਵਾਰ ਲਈ ਮੁਆਵਜਾ ਅਤੇ ਨੌਕਰੀ ਦੇਵੇ। ਉਹਨਾਂ ਕਿਹਾ ਕਿ ਹੁਣ ਤੱਕ 700 ਤੋਂ ਵੱਧ ਕਿਸਾਨਾਂ ਦੀਆਂ ਸ਼ਹਾਦਤਾਂ ਹੋਈਆਂ ਹਨ, ਜਿਹਨਾਂ ਲਈ ਕੇਂਦਰ-ਸਰਕਾਰ ਜਿੰਮੇਵਾਰ ਹੈ।
ਬੁਰਜ਼ਗਿੱਲ ਨੇ ਦੱਸਿਆ ਕਿ 15 ਦਸੰਬਰ ਨੂੰ ਵੱਡੇ ਇਕੱਠਾਂ ਨਾਲ ਪੰਜਾਬ ਦੇ ਕਿਸਾਨੀ-ਧਰਨੇ ਚੁੱਕੇ ਜਾਣਗੇ। ਜ਼ਿਕਰਯੋਗ ਹੈ ਕਿ ਪੰਜਾਬ ਭਰ ‘ਚ ਟੌਲ ਪਲਾਜ਼ਿਆਂ, ਰਿਲਾਇੰਸ ਪੰਪਾਂ, ਭਾਜਪਾ ਆਗੂਆਂ ਦੇ ਘਰਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਕਾਰਪੋਰੇਟ ਮਾਲਜ਼ ਸਮੇਤ 116 ਥਾਵਾਂ ‘ਤੇ ਪਿਛਲੇ 1 ਸਾਲ ਤੋ ਪੱਕੇ-ਧਰਨੇ ਜਾਰੀ ਸਨ, ਜੋ ਹੁਣ ਬਕਾਇਦਾ ਜਿੱਤ ਦਾ ਐਲਾਨ ਕਰਕੇ ਚੁੱਕੇ ਜਾਣਗੇ।