ਪੰਜਾਬ

ਵਿਜੀਲੈਸ ਬਿਉਰੋ ਵੱਲੋਂ ਵਣ ਰੇਂਜ ਅਫਸਰ ਬੁਢਲਾਡਾ ਗ੍ਰਿਫਤਾਰ

· ਰੁੱਖ ਗਾਰਡ ਬਣਾਉਣ ਲਈ 52 ਲੱਖ ਰੁਪਏ ਦਾ ਕੀਤਾ ਗਬਨ

 

 

· ਰੁੱਖ ਗਾਰਡ ਬਣਾਉਣ ਵਾਲੀਆਂ ਫਰਮਾਂ ਫਰਜ਼ੀ ਤੇ ਬਿੱਲ ਵੀ ਫ਼ਰਜ਼ੀ ਨਿੱਕਲੇ

 

ਚੰਡੀਗੜ 30 ਅਗਸਤ : ਪੰਜਾਬ ਵਿਜੀਲੈਸ ਬਿਉਰੋ ਵੱਲੋਂ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਦੌਰਾਨ ਅੱਜ ਵਣ ਰੇਂਜ ਅਫਸਰ ਬੁਢਲਾਡਾ ਸੁਖਵਿੰਦਰ ਸਿੰਘ ਨੂੰ ਉਸ ਸਮੇਂ ਦੇ ਵਣ ਮੰਡਲ ਅਫਸਰ ਮਾਨਸਾ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਰਾਹੀਂ ਫਰਜੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਨ ਪਿੱਛੋਂ ਨਗਦ ਕਢਵਾ ਕੇ ਸੀਮਿੰਟ ਦੇ ਰੁੱਖ ਗਾਰਡ ਬਣਾਉਣ ਲਈ ਜਾਰੀ ਬੱਜਟ 45,69,000 ਰੁਪਏ ਅਤੇ ਬਾਂਸ ਦੇ ਰੁੱਖ ਗਾਰਡ ਬਣਾਉਣ ਸਬੰਧੀ 7,00,000 ਰੁਪਏ ਦੇ ਫੰਡਾਂ ਦੇ ਗਬਨ ਰਾਹੀਂ ਸਰਕਾਰ ਨੂੰ ਕੁੱਲ 52,69,000 ਰੁਪਏ ਦਾ ਵਿੱਤੀ ਨੁਕਸਾਨ ਪਹੁੰਚਾਉਣ ਦੇ ਦੋਸ਼ ਤਹਿਤ ਬਤੌਰ ਦੋਸ਼ੀ ਨਾਮਜ਼ਦ ਕਰਨ ਪਿੱਛੋਂ ਗ੍ਰਿਫਤਾਰ ਕੀਤਾ ਗਿਆ ਹੈ।

 

ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਸ ਬਿਉਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਿਉਰੋ ਵੱਲੋਂ ਇਸ ਬਾਰੇ ਮੁੱਕਦਮਾ ਨੰਬਰ 07 ਮਿਤੀ 06.06.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7-ਏ, 13(1)(ਏ)(2) ਅਤੇ ਆਈ.ਪੀ.ਸੀ. ਦੀਆਂ ਧਾਰਾਵਾਂ 120-ਬੀ, 409, 420, 465, 467, 468, 471 ਤਹਿਤ ਵਿਜੀਲੈਸ ਬਿਉਰੋ ਦੇ ਉਡਣ ਦਸਤਾ ਪੰਜਾਬ ਦੇ ਥਾਣਾ ਮੋਹਾਲੀ ਵਿਖੇ ਪਹਿਲਾਂ ਹੀ ਦਰਜ ਕੀਤਾ ਹੋਇਆ ਹੈ।

 

ਇਸ ਮੁਕੱਦਮੇ ਦੀ ਤਫਤੀਸ਼ ਦੋਰਾਨ ਪਾਇਆ ਗਿਆ ਕਿ ਉਕਤ ਸੁਖਵਿੰਦਰ ਸਿੰਘ ਨਵੰਬਰ 2021 ਤੋਂ ਵਣ ਰੇਂਜ ਅਫਸਰ ਬੁਢਲਾਡਾ ਤਾਇਨਾਤ ਰਿਹਾ ਅਤੇ ਉਸ ਸਮੇਂ ਅਮਿਤ ਚੌਹਾਨ, ਆਈ.ਐਫ.ਐਸ., ਵਣ ਮੰਡਲ ਅਫਸਰ ਮਾਨਸਾ ਤਾਇਨਾਤ ਸੀ। ਸਾਲ 2021 ਵਿੱਚ ਰੁੱਖ ਕੱਟਣ ਬਦਲੇ ਰੁੱਖ ਲਗਾਉਣ (ਕੰਪਨਸੇਟਰੀ ਅਫਾਰੈਸਟੇਸ਼ਨ) ਸਕੀਮ ਅਧੀਨ ਪ੍ਰਧਾਨ ਮੁੱਖ ਵਣ ਪਾਲ ਵੱਲੋਂ 5872 ਆਰ.ਸੀ.ਸੀ. ਰੁੱਖ ਗਾਰਡ ਖਰੀਦ ਕਰਨ ਲਈ ਮਾਨਸਾ ਮੰਡਲ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਜਿਸ ਵਿੱਚੋਂ 2537 ਰੁੱਖ ਗਾਰਡ ਵਣ ਮੰਡਲ ਅਫਸਰ ਮਾਨਸਾ ਵੱਲੋਂ ਰੇਂਜ ਬੁਢਲਾਡਾ ਨੂੰ ਤਿਆਰ ਕਰਵਾਏ ਜਾਣ ਲਈ 45,69,000 ਰੁਪਏ ਦਾ ਬੱਜਟ ਜਾਰੀ ਕੀਤਾ ਗਿਆ ਸੀ।

 

ਉਨਾਂ ਦੱਸਿਆ ਕਿ ਉਕਤ ਸਕੀਮ ਅਧੀਨ ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਸੀਮਿੰਟ ਦੇ 2537 ਰੁੱਖ ਗਾਰਡ ਤਿਆਰ ਕਰਨ ਲਈ ਮੈਸਰਜ਼ ਅੰਬੇ ਸੀਮਿੰਟ ਸਟੋਰ, ਚੰਨੋ, ਜਿਲਾ ਸੰਗਰੂਰ ਅਤੇ ਐਨ.ਐਸ. ਜੈਨ ਸੀਮਿੰਟ ਐਂਡ ਐਕਸੈਸਰੀਜ ਸਟੋਰ, ਪਟਿਆਲਾ ਨਾਮੀ ਫਰਮਾਂ ਪਾਸੋਂ ਖਰੀਦਣ ਸਬੰਧੀ ਬਿੱਲ ਹਾਸਲ ਕੀਤੇ ਗਏ। ਇੰਨਾਂ ਬਿੱਲਾਂ ਉੱਪਰ ਲਿਖੀ ਹੋਈ ਫਰਮ, ਉਸਦੇ ਜੀ.ਐਸ.ਟੀ. ਨੰਬਰਾਂ ਅਤੇ ਸੰਪਰਕ ਨੰਬਰਾਂ ਬਾਰੇ ਤਫਤੀਸ਼ ਦੌਰਾਨ ਪਤਾ ਲੱਗਾ ਕਿ ਉਕਤ ਦੋਵੇਂ ਨਾਵਾਂ ਦੀਆਂ ਮੌਜੂਦਾ ਪਤੇ ਵਾਲੀਆਂ ਕੋਈ ਵੀ ਫਰਮ ਮੌਜੂਦ ਨਹੀਂ ਹਨ। ਇੰਨਾਂ ਫਰਮਾ ਦੇ ਬਿਲਾਂ ਉਤੇ ਲਿਖੇ ਗਏ ਜੀ.ਐਸ.ਟੀ. ਨੰਬਰ ਵੀ ਵਿਭਾਗ ਵੱਲੋਂ ਜਾਰੀ ਨਹੀਂ ਕੀਤੇ ਗਏ ਭਾਵ ਕਿ ਫਰਜ਼ੀ ਹਨ ਅਤੇ ਸੰਪਰਕ ਨੰਬਰ ਵੀ ਠੀਕ ਨਹੀਂ ਹਨ।

 

ਬੁਲਾਰੇ ਨੇ ਦੱਸਿਆ ਕਿ ਇਹ ਬੱਜਟ ਦੀ ਇਹ ਰਕਮ ਸੁਖਵਿੰਦਰ ਸਿੰਘ ਦੇ ਕਹਿਣ ਉਤੇ ਨਗਦ ਕਢਵਾ ਕੇ ਦਿੱਤੀ ਗਈ ਹੈ। ਤਫ਼ਤੀਸ਼ ਦੌਰਾਨ ਵਿਜੀਲੈਸ ਬਿਉਰੋ ਵੱਲੋਂ ਇਹ ਪਾਇਆ ਗਿਆ ਕਿ ਸੀਮਿੰਟ ਵਾਲੇ 2537 ਰੁੱਖ ਗਾਰਡਾਂ ਸਬੰਧੀ ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫਸਰ ਮਾਨਸਾ ਅਮਿਤ ਚੌਹਾਨ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾ ਦੇ ਜਾਅਲੀ ਬਿੱਲ ਤਿਆਰ ਕਰਕੇ 45,69,000 ਰੁਪਏ ਦੇ ਸਰਕਾਰੀ ਧੰਨ ਦਾ ਗਬਨ ਕੀਤਾ ਗਿਆ ਹੈ।

 

ਉਨਾਂ ਦੱਸਿਆ ਕਿ ਤਫਤੀਸ਼ ਦੌਰਾਨ ਇਹ ਵੀ ਪਤਾ ਲੱਗਾ ਕਿ ਉਕਤ ਸੁਖਵਿੰਦਰ ਸਿੰਘ ਵੱਲੋਂ ਦਸੰਬਰ 2021 ਵਿੱਚ 7 ਲੱਖ ਰੁਪਏ ਦੇ ਬਾਂਸ ਦੇ ਰੁੱਖ ਗਾਰਡ ਗੁਰੂਕਿਰਪਾ ਬੈਂਬੂ ਸਟੋਰ, ਮਾਨਸਾ ਨਾਮੀ ਫਰਮ ਪਾਸੋਂ ਵੱਖ-ਵੱਖ ਬਿੱਲਾਂ ਰਾਹੀਂ ਖਰੀਦ ਕੀਤੇ ਗਏ ਪਰ ਮੌਜੂਦਾ ਪਤੇ ਉਤੇ ਇਹ ਫਰਮ ਵੀ ਮੌਜੂਦ ਹੀ ਨਹੀਂ ਹੈ। ਜਾਅਲੀ ਬਿੱਲਾਂ ਉੱਪਰ ਲਿਖਿਆ ਹੋਇਆ ਪੈਨ ਨੰਬਰ ਵੀ ਫਰਜੀ ਹੈ। ਇਸ ਤੋਂ ਸਿੱਧ ਹੋਇਆ ਕਿ ਵਣ ਰੇਂਜ ਅਫਸਰ ਬੁਢਲਾਡਾ ਵੱਲੋਂ ਉਸ ਸਮੇਂ ਦੇ ਵਣ ਰੇਂਜ ਅਫਸਰ ਮਾਨਸਾ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਜਾਅਲੀ ਬਿੱਲ ਤਿਆਰ ਕਰਕੇ 7,00,000 ਰੁਪਏ ਦਾ ਗਬਨ ਕੀਤਾ ਗਿਆ ਹੈ।

 

ਬੁਲਾਰੇ ਨੇ ਦੱਸਿਆ ਕਿ ਉਪਰੋਕਤ ਸਾਰੇ ਤੱਥਾਂ ਅਤੇ ਤਫਤੀਸ਼ ਦੇ ਅਧਾਰ ਉਤੇ ਸੁਖਵਿੰਦਰ ਸਿੰਘ ਵੱਲੋਂ ਅਮਿਤ ਚੌਹਾਨ ਅਤੇ ਹੋਰਨਾਂ ਨਾਲ ਮਿਲੀਭੁਗਤ ਕਰਕੇ ਫਰਜ਼ੀ ਫਰਮਾਂ ਦੇ ਬਿੱਲ ਤਿਆਰ ਕਰਕੇ ਫਰਜ਼ੀ ਦਸਤਖਤ ਕਰਨ ਉਪਰੰਤ ਸਰਕਾਰੀ ਰਕਮ ਨੂੰ ਹੋਰ ਵੱਖਰੇ ਬੈਂਕ ਖਾਤੇ ਵਿੱਚ ਤਬਦੀਲ ਕਰਕੇ ਨਗਦ ਕਢਵਾ ਲਿਆ ਗਿਆ ਅਤੇ ਵੱਖ-ਵੱਖ ਤਰਾਂ ਦੇ ਰੁੱਖ ਗਾਰਡ ਤਿਆਰ ਕਰਵਾਉਣ ਦੇ ਇਵਜ਼ ਵਿੱਚ ਜਾਰੀ ਹੋਏ ਕੁੱਲ ਸਰਕਾਰੀ ਬੱਜਟ 52,69,000 ਰੁਪਏ ਦਾ ਗਬਨ ਕਰਕੇ ਸਰਕਾਰ ਖਜ਼ਾਨੇ ਨੂੰ ਵਿੱਤੀ ਨੁਕਸਾਨ ਪਹੁੰਚਾਇਆ ਗਿਆ ਹੈ ਜਿਸ ਕਰਕੇ ਸੁਖਵਿੰਦਰ ਸਿੰਘ ਵਣ ਰੇਂਜ ਅਫਸਰ ਬੁਢਲਾਡਾ ਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!