ਪੰਜਾਬ
ਬਠਿੰਡਾ ਵਿਕਾਸ ਅਥਾਰਟੀ ਵੱਲੋਂ ਬਠਿੰਡਾ ਤੇ ਅਬੋਹਰ ਵਿੱਚ ਪ੍ਰਮੁੱਖ ਜਾਇਦਾਦਾਂ ਦੀ ਈ-ਨਿਲਾਮੀ 20 ਅਕਤੂਬਰ ਤੋਂ
ਚੰਡੀਗੜ੍ਹ, 13 ਅਕਤੂਬਰ:
ਬਠਿੰਡਾ ਵਿਕਾਸ ਅਥਾਰਟੀ (ਬੀ.ਡੀ.ਏ.) ਵੱਲੋਂ 20 ਤੋਂ 31 ਅਕਤੂਬਰ, 2022 ਤੱਕ ਬਠਿੰਡਾ ਅਤੇ ਅਬੋਹਰ ਵਿੱਚ ਸਥਿਤ ਪ੍ਰਮੁੱਖ ਸ਼ਹਿਰੀ ਜਾਇਦਾਦਾਂ ਦੀ ਈ-ਨਿਲਾਮੀ ਕੀਤੀ ਜਾਵੇਗੀ।
ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਬਠਿੰਡਾ ਵਿਕਾਸ ਅਥਾਰਟੀ ਵੱਲੋਂ 26 ਰਿਹਾਇਸ਼ੀ ਪਲਾਟਾਂ, 24 ਐਸ.ਸੀ.ਓ. ਸਾਈਟਾਂ, ਨਿਰਵਾਣਾ ਅਸਟੇਟ ਬਠਿੰਡਾ ਵਿਖੇ 5.72 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਇਕ ਸਕੂਲ ਸਾਈਟ ਅਤੇ ਅਰਬਨ ਅਸਟੇਟ, ਫੇਜ਼-2, ਬਠਿੰਡਾ ਵਿਖੇ 19.40 ਕਰੋੜ ਰੁਪਏ ਦੀ ਰਾਖਵੀਂ ਕੀਮਤ ਵਾਲੀ ਇੱਕ ਮਲਟੀਪਲੈਕਸ ਸਾਈਟ ਦੀ ਈ-ਨਿਲਾਮੀ ਕੀਤੀ ਜਾਵੇਗੀ।
ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਜਾਇਦਾਦਾਂ ਦਾ ਕਬਜ਼ਾ ਸਫ਼ਲ ਬੋਲੀਕਾਰਾਂ ਨੂੰ ਬੋਲੀ ਦੀ ਕੁੱਲ ਕੀਮਤ ਦਾ 25 ਫ਼ੀਸਦ ਦਾ ਭੁਗਤਾਨ ਕਰਨ ‘ਤੇ ਸੌਂਪਿਆ ਜਾਵੇਗਾ। ਬਕਾਇਆ ਰਾਸ਼ੀ 9.5 ਫ਼ੀਸਦ ਸਾਲਾਨਾ ਵਿਆਜ ਦਰ ‘ਤੇ ਕਿਸ਼ਤਾਂ ਵਿੱਚ ਭੁਗਤਾਨ ਕਰਨੀ ਪਵੇਗੀ। ਇਨ੍ਹਾਂ ਜਾਇਦਾਦਾਂ ਦੇ ਵੇਰਵਿਆਂ ਤੋਂ ਇਲਾਵਾ ਨਿਯਮ ਤੇ ਸ਼ਰਤਾਂ ਪੋਰਟਲ www.puda.e-auctions.in ਉਤੇ ਉਪਲਬਧ ਹਨ।
ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਵਿੱਚ ਹਿੱਸਾ ਲੈਣ ਲਈ ਇੱਛੁਕ ਬੋਲੀਕਾਰਾਂ ਨੂੰ ਨਿਲਾਮੀ ਪੋਰਟਲ ‘ਤੇ ਸਾਈਨ-ਅਪ ਕਰਕੇ ਉਪਭੋਗਤਾ ਆਈ.ਡੀ. ਅਤੇ ਪਾਸਵਰਡ ਪ੍ਰਾਪਤ ਕਰਨਾ ਹੋਵੇਗਾ। ਇਸ ਉਪਰੰਤ ਬੋਲੀਕਾਰਾਂ ਨੂੰ ਨੈੱਟ ਬੈਂਕਿੰਗ/ਡੈਬਿਟ ਕਾਰਡ/ਕ੍ਰੈਡਿਟ ਕਾਰਡ/ ਆਰ.ਟੀ.ਜੀ.ਐਸ./ਐਨ.ਈ.ਐਫ.ਟੀ. ਰਾਹੀਂ ਰਿਫੰਡੇਬਲ/ਅਡਜਸਟੇਬਲ ਯੋਗਤਾ ਫੀਸ ਜਮ੍ਹਾਂ ਕਰਵਾਉਣੀ ਪਵੇਗੀ।