ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ: ਪੰਜਾਬ ਪੁਲਿਸ ਵੱਲੋਂ 98 ਵਿਅਕਤੀ ਗ੍ਰਿਫ਼ਤਾਰ; 1 ਕਿਲੋ ਹੈਰੋਇਨ, 10.91 ਲੱਖ ਰੁਪਏ ਡਰੱਗ ਮਨੀ, ਦੋ ਪਿਸਤੌਲ ਅਤੇ ਇੱਕ ਰਾਈਫਲ ਬਰਾਮਦ
ਸੂਬੇ ਭਰ ਵਿੱਚ 250 ਤੋਂ ਵੱਧ ਥਾਵਾਂ 'ਤੇ ਕਾਰਵਾਈ ਕਰਨ ਲਈ 12 ਹਜ਼ਾਰ ਤੋਂ ਵੱਧ ਪੁਲਿਸ ਕਰਮਚਾਰੀ ਕੀਤੇ ਤਾਇਨਾਤ
ਚੰਡੀਗੜ੍ਹ, 15 ਨਵੰਬਰ
ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਪੰਜਾਬ ਪੁਲਿਸ ਵੱਲੋਂ ਚਲਾਈ ਗਈ ਵਿਸ਼ੇਸ਼ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੇ ਸਫ਼ਲ ਨਤੀਜੇ ਸਾਹਮਣੇ ਆਏ ਹਨ ਜਿਸ ਦੌਰਾਨ ਪੁਲਿਸ ਟੀਮਾਂ ਨੇ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਤਿੰਨ ਭਗੌੜਿਆਂ ਸਮੇਤ 98 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧ ਵਿੱਚ ਕੁੱਲ 97 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਅੱਜ ਸੂਬੇ ਭਰ ਵਿੱਚ ਚਲਾਏ ਗਏ ਇਸ ਆਪਰੇਸ਼ਨ ਦੇ ਨਤੀਜਿਆਂ ਨੂੰ ਸਾਂਝਾ ਕਰਦਿਆਂ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਕਿਹਾ ਕਿ ਏਡੀਜੀਪੀਜ਼/ਆਈਜੀਪੀਜ਼ ਅਤੇ ਸਬੰਧਤ ਸੀਪੀਜ਼/ਐਸਐਸਪੀਜ਼ ਦੀ ਨਿਗਰਾਨੀ ਹੇਠ 12000 ਤੋਂ ਵੱਧ ਪੁਲਿਸ ਮੁਲਾਜ਼ਮਾਂ ਵੱਲੋਂ ਸੂਬੇ ਭਰ ਵਿੱਚ ਇਹ ਕਾਰਵਾਈ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਨੇ 1 ਕਿਲੋ ਹੈਰੋਇਨ, 10.91 ਲੱਖ ਰੁਪਏ ਦੀ ਡਰੱਗ ਮਨੀ, 158 ਲੀਟਰ ਨਜਾਇਜ਼ ਸ਼ਰਾਬ, 660 ਕਿਲੋ ਲਾਹਣ, 103 ਕਿਲੋ ਭੁੱਕੀ, 19 ਕਿਲੋ ਭੰਗ ਅਤੇ 10460 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਪੰਜ ਘੰਟੇ ਤੱਕ ਚੱਲੇ ਆਪਰੇਸ਼ਨ ਦੌਰਾਨ ਦੋ ਪਿਸਤੌਲ, ਇੱਕ ਰਾਈਫ਼ਲ ਅਤੇ ਇੱਕ ਬੰਦੂਕ ਸਮੇਤ ਗੋਲੀ-ਸਿੱਕਾ ਅਤੇ 30 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਇਸ ਦੌਰਾਨ ਡੀਜੀਪੀ ਗੌਰਵ ਯਾਦਵ ਨੇ ਏਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ ਅਤੇ ਵੂਮੈਨ ਅਫੇਅਰਜ਼ ਗੁਰਪ੍ਰੀਤ ਕੌਰ ਅਤੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ (ਸੀਪੀ) ਮਨਦੀਪ ਸਿੰਘ ਸਿੱਧੂ ਨਾਲ ਲੁਧਿਆਣਾ ਕਮਿਸ਼ਨਰੇਟ ਦੇ ਵੱਖ-ਵੱਖ ਖੇਤਰਾਂ ਵਿੱਚ ਆਪਰੇਸ਼ਨ ਦੀ ਖੁਦ ਨਿਗਰਾਨੀ ਕੀਤੀ।
ਜ਼ਿਕਰਯੋਗ ਹੈ ਕਿ ਏਡੀਜੀਪੀ ਈਸ਼ਵਰ ਸਿੰਘ ਨੇ ਐਸਏਐਸ ਨਗਰ ਵਿੱਚ, ਏਡੀਜੀਪੀ ਡਾਕਟਰ ਜਤਿੰਦਰ ਕੁਮਾਰ ਜੈਨ ਨੇ ਫਾਜ਼ਿਲਕਾ , ਏਡੀਜੀਪੀ ਸ਼ਸ਼ੀ ਪ੍ਰਭਾ ਦਿਵੇਦੀ ਨੇ ਪਟਿਆਲਾ , ਏਡੀਜੀਪੀ ਡਾਕਟਰ ਨਰੇਸ਼ ਅਰੋੜਾ ਨੇ ਫਤਹਿਗੜ੍ਹ ਸਾਹਿਬ, ਏਡੀਜੀਪੀ ਰਾਮ ਸਿੰਘ ਨੇ ਜਲੰਧਰ ਕਮਿਸ਼ਨਰੇਟ, ਏਡੀਜੀਪੀ ਏਐਸ ਰਾਏ ਨੇ ਅੰਮ੍ਰਿਤਸਰ ਕਮਿਸ਼ਨਰੇਟ, ਏ.ਡੀ.ਜੀ.ਪੀ. ਅਨੀਤਾ ਪੁੰਜ ਨੇ ਜਲੰਧਰ ਦਿਹਾਤੀ, ਏਡੀਜੀਪੀ ਜੀ ਨਾਗੇਸ਼ਵਰ ਰਾਓ ਨੇ ਬਠਿੰਡਾ, ਏਡੀਜੀਪੀ ਵਿਭੂ ਰਾਜ ਨੇ ਮਲੇਰਕੋਟਲਾ ਅਤੇ ਏਡੀਜੀਪੀ ਐਲਕੇ ਯਾਦਵ ਨੇ ਲੁਧਿਆਣਾ ਦਿਹਾਤੀ ਵਿੱਚ ਇਸ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਦੀ ਨਿਗਰਾਨੀ ਕੀਤੀ।