ਪੰਜਾਬ
*ਮਾਂ ਜਿਹਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ……*
*‘ਮਦਰ ਵਰਕਸ਼ਾਪ’ ਸਕੂਲਾਂ ਵਿੱਚ ਮਾਵਾਂ ਨੂੰ ਮੁੜ ਵਿਦਿਆਰਥੀ ਬਣਨ ਦਾ ਮੌਕਾ*
ਬੱਚੇ ਦਾ ਪਹਿਲਾ ਅਧਿਆਪਕ ਮਾਂ ਹੁੰਦੀ ਹੈ। ਗੋਦੀ, ਕੁੱਛੜ ਅਤੇ ਪਾਲਣੇ ਵਿੱਚ ਪਿਆਰ ਦਾ ਨਿੱਘ ਦੇਣ ਵਾਲੀ ਮਾਂ ਨੂੰ ਸਿਖਾਉਣਾ ਸੂਰਜ ਨੂੰ ਦੀਵਾ ਦਿਖਾਉਣ ਦੇ ਬਰਾਬਰ ਹੈ। ਬੱਚੇ ਨੂੰ ਭੁੱਖ ਲੱਗੇ ਤਾਂ ਮਾਂ ਦੀਆਂ ਆਂਦਰਾਂ ਕਲਪਦੀਆਂ ਹਨ। ਬੱਚੇ ਦੇ ਸੱਟ ਲੱਗ ਜਾਵੇ ਤਾਂ ਮਾਂ ਦੇ ਦਿਲੋਂ ਆਹ ਨਿਕਲਦੀ ਹੈ। ਬੱਚੇ ਨੂੰ ਦੁੱਖਾਂ ਦੀ ਤੱਤੀ ਵਾ ਲੱਗ ਜਾਵੇ ਤਾਂ ਮਾਂ ਸੜ-ਭੁੱਜ ਜਾਂਦੀ ਹੈ। ਸੱਚਮੁੱਚ ਹੀ ਮਾਂ ਆਪਣੇ ਬੱਚਿਆਂ ਦਾ ਖਿਆਲ ਰੱਖਣ ਵਾਲੀ ਉਹ ਸ਼ਕਤੀ ਹੈ ਜਿਸਨੇ ਸੰਸਾਰ ਨੂੰ ਸੱਭਿਅਕ ਅਤੇ ਜ਼ਿੰਮੇਵਾਰ ਬਣਾਉਣ ਦਾ ਉਪਰਾਲਾ ਕਰਨਾ ਹੁੰਦਾ ਹੈ। ਸਿੱਖਿਆ ਵਿਭਾਗ ਵੱਲੋਂ ਇਸ ਸਾਲ ਪਹਿਲਾਂ ਮਈ ਵਿੱਚ ਅਤੇ ਫੇਰ ਸਤੰਬਰ ਵਿੱਚ ਦੋ ਵਾਰ ‘ਮਦਰ ਵਰਕਸ਼ਾਪ’ ਕਰਵਾਈ ਜਾ ਚੁੱਕੀ ਹੈ ਜਿਸ ਵਿੱਚ ਹੱਥ ਨਾਲ ਤਿਆਰ ਕੀਤੀ ਜਾਣ ਵਾਲੀ ਸਿੱਖਣ ਸਹਾਇਕ ਸਮੱਗਰੀ ਅਤੇ ਬੱਚਿਆਂ ਨੂੰ ਘਰ ਵਿੱਚ ਖੇਡ-ਖੇਡ ਵਿੱਚ ਵਰਕਸ਼ੀਟ ‘ਤੇ ਕਰਵਾਏ ਜਾਣ ਵਾਲੇ ਕੰਮ ਦੀ ਸਿਖਲਾਈ ਬਾਖੂਬੀ ਦਿੱਤੀ ਜਾ ਚੁੱਕੀ ਹੈ।
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ ਵਿੱਚ 3 ਤੋਂ 6 ਸਾਲ ਦੇ ਬੱਚਿਆਂ ਲਈ ਸ਼ੂਰੂ ਕੀਤੀਆਂ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਮਦਰ ਵਰਕਸ਼ਾਪ (ਮਾਂਵਾਂ ਦੀ ਸਿਖਲਾਈ ਵਰਕਸ਼ਾਪ) ਦਾ ਨਿਵੇਕਲਾ ਉਪਰਾਲਾ ਕੀਤਾ ਜਾ ਰਿਹਾ ਹੈ ਜਿਸ ਦਾ ਤੀਜਾ ਸੰਸਕਰਣ 8 ਦਸੰਬਰ ਨੂੰ ਪੰਜਾਬ ਦੇ ਲੱਗਭਗ 13 ਹਜ਼ਾਰ ਸਕੂਲਾਂ ਵਿੱਚ ਪ੍ਰਤੱਖ ਦੇਖਣ ਨੂੰ ਮਿਲੇਗਾ। ਮੱਧ ਵਰਗੀ ਅਤੇ ਕਿਰਤੀ ਪਰਿਵਾਰਾਂ ਦੀਆਂ ਮਾਵਾਂ ਨੂੰ ਬੱਚਿਆਂ ਦੀ ਸਿੱਖਿਆ ਦੇ ਉਦੇਸ਼ਾਂ, ਅਧਿਕਾਰਾਂ ਅਤੇ ਸੁਰੱਖਿਆ ਸੰਬੰਧੀ ਜਾਣਕਾਰੀ ਦੇਣਾ ਇਸ ‘ਮਦਰ ਵਰਕਸ਼ਾਪ’ ਦਾ ਮੁੱਖ ਉਦੇਸ਼ ਹੋਵੇਗਾ। ਸਕੂਲਾਂ ਦੇ ਅਧਿਆਪਕਾਂ, ਸਕੂਲ ਮੁਖੀਆਂ ਅਤੇ ਮਾਵਾਂ ਵਿੱਚ ਵਿੱਚ ਆਪਸੀ ਤਾਲਮੇਲ ਬਠਾ ਕੇ ਬੱਚਿਆਂ ਦੀ ਸਿੱਖਿਆ ਲਈ ਭਾਗੀਦਾਰ ਬਣਾਉਣ ਵਿੱਚ ਇਹ ਵਰਕਸ਼ਾਪ ਆਪਣੀ ਭੂਮਿਕਾ ਨਿਭਾਏਗੀ।
ਇਸ ਵਰਕਸ਼ਾਪ ਦੌਰਾਨ ਵੱਖ-ਵੱਖ ਸਕੂਲਾਂ ਦੇ ਮੁਖੀਆਂ ਵੱਲੋਂ ਮਾਵਾਂ ਦੀ ਹਾਜ਼ਰੀ ਲਈ ਵਿਸ਼ੇਸ਼ ਆਕਰਸ਼ਣ ਵਾਲੇ ਚਾਰਟ ਤਿਆਰ ਕੀਤੇ ਗਏ ਹਨ। ਮਾਵਾਂ ਆਪਣੀ ਰੂਚੀ ਅਨੁਸਾਰ ਇਹਨਾਂ ਹਾਜ਼ਰੀ ਚਾਰਟਾਂ ‘ਤੇ ਆਪਣੀ ਮਰਜ਼ੀ ਨਾਲ ਕੁਝ ਵੀ ਲਿਖ ਜਾਂ ਬਣਾ ਕੇ ਹਾਜ਼ਰੀ ਲਗਾਉਣਗੀਆਂ। ਸਕੂਲ ਮੁਖੀਆਂ ਵੱਲੋਂ ਮਾਵਾਂ ਨੂੰ ਵਿਸ਼ੇਸ਼ ਕਿਸਮ ਦੇ ਸੱਦਾ ਪੱਤਰ ਵੀ ਭੇਜ ਕੇ ‘ਮਦਰ ਵਰਕਸ਼ਾਪ’ ਦੀ ਰੌਚਿਕਤਾ ਨੂੰ ਵਧਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ ਹੈ। ਮਾਵਾਂ ਵੱਖ-ਵੱਖ ਗਤੀਵਿਧੀਆਂ ਕਰਕੇ ਆਪਣੀ ਜਾਣ-ਪਛਾਣ ਵੀ ਕਰਵਾਉਣਗੀਆਂ। ਇਸ ਵਰਕਸ਼ਾਪ ਵਿੱਚ ਮਾਵਾਂ ਨੂੰ ਬੱਚਿਆਂ ਦੇ ਅਧਿਕਾਰਾਂ ਸੰਬੰਧੀ ਕਾਨੂੰਨਾਂ, ਨੀਤੀਆਂ ਅਤੇ ਹੋਰ ਪ੍ਰੋਗਰਾਮਾਂ ਬਾਰੇ ਵੀ ਵਰਕਸ਼ਾਪ ਵਿੱਚ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਜਿਸ ਵਿੱਚ ਬੱਚਿਆਂ ਦੀ ਸੁਰੱਖਿਆਂ ਦੇ ਅਧਿਕਾਰ ਜਿਵੇਂ ਕਿ ਬਾਲ ਮਜ਼ਦੂਰੀ, ਤਸਕਰੀ, ਮਾਨਸਿਕ ਸੋਸ਼ਣ ਆਦਿ, ਬੱਚਿਆਂ ਦੇ ਵਿਕਾਸ ਸੰਬੰਧੀ ਅਧਿਕਾਰ ਜਿਵੇਂ ਕਿ ਸਿੱਖਿਆ ਅਤੇ ਮਨੋਰੰਜਨ ਸੰਬੰਧੀ, ਬੱਚਿਆਂ ਦੀ ਭਾਗੀਦਾਰੀ ਸੰਬੰਧੀ ਅਧਿਕਾਰ ਜਿਵੇਂ ਕਿ ਉਹਨਾਂ ਦੇ ਵਿਚਾਰ ਪ੍ਰਗਟਾਉਣ ਅਤੇ ਸੁਣਨ ਦਾ ਅਧਿਕਾਰ, ਭਰੂਣ ਹੱਤਿਆ ਸੰਬੰਧੀ ਜਾਗਰੂਕਤਾ, ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਅਧਿਕਾਰਾਂ ਬਾਰੇ ਵੀ ਚਰਚਾ ਕੀਤੀ ਜਾਵੇਗੀ। ਬੱਚਿਆਂ ਨਾਲ ਸੰਬੰਧੀ ਮਿਡ-ਡੇ-ਮੀਲ ਸਕੀਮ, ਸਰਵ ਸਿੱਖਿਆ ਅਭਿਆਨ ਅਤੇ ਸਮੱਗਰ ਸਿੱਖਿਆ ਅਭਿਆਨ, ਰਾਸ਼ਟਰੀ ਪੇਂਡੂ ਸਿਹਤ ਮਿਸ਼ਨ, ਪਲਸ ਪੋਲੀਓ ਮੁਹਿੰਮ ਅਤੇ ਹੋਰ ਵਿਸ਼ੇਸ਼ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ ਜਾਣਗੀਆਂ। ਮਾਵਾਂ ਨੂੰ ਪੋਕਸੋ ਐਕਟ 2012 ਬਾਰੇ ਵੀ ਉਚੇਚੇ ਤੌਰ ‘ਤੇ ਬਹੁਤ ਸਾਰੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ ਜਿਸ ਨਾਲ ਛੋਟੇ-ਛੋਟੇ ਬੱਚਿਆਂ ਦੀਆਂ ਸਮੱਸਿਆਂਵਾਂ ਅਤੇ ਮਨੋਦਸ਼ਾ ਨੂੰ ਮਾਵਾਂ ਸੌਖੇ ਢੰਗ ਨਾਲ ਸਮਝ ਸਕਣਗੀਆਂ।
ਸਿੱਖਿਆ ਵਿਭਾਗ ਵੱਲੋਂ ‘ਮਦਰ ਵਰਕਸ਼ਾਪ’ ਦੇ ਪ੍ਰਚਾਰ ਲਈ ਸਕੂਲ ਮੁਖੀਆਂ ਨੂੰ ਬਾਖੂਬੀ ਅਗਵਾਈ ਦਿੱਤੀ ਗਈ ਹੈ। ਇਸ ਲਈ ਇਲਾਕੇ ਵਿੱਚ ਫਲੈਕਸਾਂ ਰਾਹੀਂ, ਪੰਫਲੈਟ ਤਿਆਰ ਕਰਕੇ, ਘਰ-ਘਰ ਵਿੱਚ ਮਾਵਾਂ ਨੂੰ ਮਿਲ ਕੇ ਪ੍ਰੇਰਿਤ ਕਰਨ. ਟੈਲੀਫੋਨ ਕਾਲ ਕਰਕੇ, ਸਰਵਜਨਿਕ ਸਥਾਨਾਂ ‘ਤੇ ਅਨਾਊਂਸਮੈਂਟਾਂ ਕਰਕੇ ਮਾਵਾਂ ਨੂੰ ‘ਮਦਰ ਵਰਕਸ਼ਾਪ’ ਦੀ ਜਾਣਕਾਰੀ ਦੇਣ ਲਈ ਅਧਿਆਪਕਾਂ ਦੀ ਅਗਵਾਈ ਕੀਤੀ ਗਈ ਹੈ। ਇਸ ਸੰਬੰਧੀ ਮੁੱਖ ਦਫ਼ਤਰ ‘ਤੇ ਅਤੇ ਫਿਰ ਜ਼ਿਲ੍ਹਾ ਪੱਧਰ ‘ਤੇ ਵੀ ਸਟੇਟ ਅਤੇ ਜ਼ਿਲ੍ਹਾ ਰਿਸੋਰਸ ਗਰੁੱਪ ਨੂੰ ਵਾਰ-ਵਾਰ ਅਗਵਾਈ ਦਿੱਤੀ ਗਈ ਹੈ ਜੋ ਕਿ ਸਕੂਲਾਂ ਦੇ ਮੁਖੀਆਂ ਅਤੇ ਅਧਿਆਪਕਾਂ ਨੂੰ ਸਮੇਂ-ਸਮੇਂ ‘ਤੇ ਅਗਵਾਈ ਵੀ ਦਿੰਦੇ ਰਹੇ ਹਨ। ਅੱਜਕੱਲ ਸੋਸ਼ਲ਼ ਮੀਡੀਆ ਦੀ ਵਰਤੋਂ ਵੀ ਇਸ ਕਾਰਜ ਲਈ ਬਹੁਤ ਜਿਆਦਾ ਕੀਤੀ ਜਾ ਰਹੀ ਹੈ। ਸਕੂਲ ਮੁਖੀਆਂ ਦੁਆਰਾ ਬੱਚਿਆਂ ਦੇ ਮਾਪਿਆਂ ਦੇ ਵਟਸਐਪ ਗਰੁੱਪ ਬਣਾਏ ਗਏ ਹਨ ਜਿਸ ਰਾਹੀ ਸਕਿੰਟਾਂ ਵਿੱਚ ਕੋਈ ਵੀ ਸੂਚਨਾ ਮਾਪਿਆਂ ਤੱਕ ਪਹੁੰਚ ਜਾਂਦੀ ਹੈ। ਇਸ ਲਈ ਲਿਖਤੀ ਅਤੇ ਬੋਲ ਕੇ ਵੀ ਸੁਨੇਹੇ ਦਿੱਤੇ ਜਾ ਰਹੇ ਹਨ। ਇਸਤੋਂ ਇਲਾਵਾਂ ਸਕੂਲਾਂ ਦੇ ਵੱਲੋਂ ਫੇਸਬੁੱਕ, ਟਵਿੱਟਰ ਅਤੇ ਹੋਰ ਪਲੇਟਫਾਰਮਾਂ ‘ਤੇ ਵੀ ਅਕਾਉਂਟ ਬਣਾਏ ਗਏ ਹਨ ਅਤੇ ਵੱਧ ਤੋਂ ਵੱਧ ਸੁਨੇਹੇ ਵਾਇਰਲ ਕੀਤੇ ਜਾਂਦੇ ਹਨ। ਮਹੱਤਵਪੂਰਨ ਇਹ ਹੈ ਕਿ ਪੰਜਾਬ ਦਾ ਪ੍ਰਿੰਟ ਮੀਡੀਆ ਭਾਵ ਅਖਬਾਰਾਂ ਵੀ ਇਹਨਾਂ ਸਾਕਾਰਾਤਮਕ ਐਕਟੀਵਿਟੀਜ਼ ਨੂੰ ਵਧੀਆ ਢੰਗ ਨਾਲ ਪ੍ਰਚਾਰਨ ਵਿੱਚ ਪਿੱਛੇ ਨਹੀਂ ਰਹਿੰਦੀਆਂ। ਇਲੈਕਟ੍ਰੋਨਿਕ ਮੀਡੀਆ ਦੇ ਵੱਲੋਂ ਵੀ ‘ਮਦਰ ਵਰਕਸ਼ਾਪ’ ਨੂੰ ਸਫ਼ਲ ਬਣਾਉਣ ਲਈ ਬਣਦਾ ਯੋਗਦਾਨ ਪਾਇਆ ਜਾਂਦਾ ਹੈ। ਸਮੂਹ ਸਰਕਾਰੀ ਸਕੂਲਾਂ ਅੰਦਰ ਪ੍ਰੀ-ਪ੍ਰਾਇਮਰੀ ਵਿੱਚ ਪੜ੍ਹਦੇ ਬੱਚਿਆਂ ਦੀਆਂ ਮਾਵਾਂ ਨੂੰ ਅਪੀਲ ਹੈ ਕਿ ਉਹ ਆਪਣੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਵੱਧ ਤੋਂ ਵੱਧ ਗਿਣਤੀ ਵਿੱਚ 8 ਦਸੰਬਰ ਨੂੰ ‘ਮਦਰ ਵਰਕਸ਼ਾਪ’ ਵਿੱਚ ਸ਼ਮੂਲੀਅਤ ਕਰਨ।
ਰਾਜਿੰਦਰ ਸਿੰਘ ਚਾਨੀ
ਸ.ਸ. ਮਾਸਟਰ
ਸਟੇਟ ਮੀਡੀਆ ਕੋਆਰਡੀਨੇਟਰ
ਸੰਪਰਕ-9888383624