ਪੰਜਾਬ

26 ਫਰਵਰੀ ਨੂੰ ਬਟਾਲਾ ਵਿਖੇ ਸਥਾਪਤ ਹੋਵੇਗਾ ਹਾਕੀ ਓਲੰਪੀਅਨ ਸੁਰਜੀਤ ਸਿੰਘ  ਰੰਧਾਵਾ ਦਾ ਦਰਸ਼ਨੀ ਬੁੱਤ 

ਲੁਧਿਆਣਾ ਤੋਂ ਖੇਡ ਪ੍ਰੇਮੀਆਂ ਦਾ ਵਿਸ਼ਾਲ ਕਾਫ਼ਲਾ ਸਮਾਰੋਹ ਵਿੱਚ ਸ਼ਾਮਿਲ ਹੋਵੇਗਾ

ਲੁਧਿਆਣਾ 25 ਫਰਵਰੀ
ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ (ਬਟਾਲਾ) ਵੱਲੋਂ 26 ਫਰਵਰੀ 2023 ਨੂੰ ਹੰਸਲੀ ਪੁੱਲ ਚੌਕ ਬਟਾਲਾ ਵਿਖੇ ਹਾਕੀ ਦੇ ਮਹਾਨ ਓਲੰਪੀਅਨ ਸਵ. ਸੁਰਜੀਤ ਸਿੰਘ ਦਾ ਬੁੱਤ ਲਗਾਇਆ ਜਾ ਰਿਹਾ ਹੈ। ਇਹ ਜਾਣਕਾਰੀ  ਅਸੋਸੀਏਸ਼ਨ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਨੇ ਦਿੰਦਿਆਂ ਲੁਧਿਆਣਾ ਚ ਦੱਸਿਆ ਕਿ ਜੂਨ 2007 ਵਿੱਚ ਇਸੇ ਥਾਂ ਐਸੋਸੀਏਸ਼ਨ ਵੱਲੋਂ ਇਸੇ ਥਾਂ ਸੁਰਜੀਤ ਸਿੰਘ ਦਾ ਬੁੱਤ ਲਗਾਇਆ ਸੀਅਤੇ ਉਦੋਂ ਪਹਿਲੀ ਵਾਰ ਪੰਜਾਬ ਵਿੱਚ ਕਿਸੇ ਖਿਡਾਰੀ ਦਾ ਬੁੱਤ ਲੱਗਿਆ ਸੀ। ਵਰਤਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਪੰਜਾਬੀ ਲੋਕ ਗਾਇਕ ਹਰਭਜਨ ਮਾਨ ਤੋਂ ਇਲਾਵਾ ਹਾਕੀ ਉਲੰਪੀਅਨ ਸੁਰਿੰਦਰ ਸਿੰਘ ਸੋਢੀ ਵੀ ਇਸ ਸਮਾਗਮ ਵਿੱਚ ਪੁੱਜੇ ਸਨ। 
ਉਦੋਂ ਤੀਕ ਹਾਕੀ ਦੀ ਦੁਨੀਆ ਵਿੱਚ ਧਿਆਨ ਚੰਦ ਤੋਂ ਬਾਅਦ ਸੁਰਜੀਤ ਸਿੰਘ ਦੂਜਾ ਹਾਕੀ ਖਿਡਾਰੀ ਸੀ ਜਿਸ ਦਾ ਬੁੱਤ ਲਗਾਇਆ ਗਿਆ ਸੀ।
ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਅਤੇ ਬਟਾਲਾ ਤੋਂ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ  ਬਟਾਲਾ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਰਜੀਤ ਸਪੋਰਟਸ ਐਸੋਸੀਏਸ਼ਨ ਤੇ ਬਟਾਲਾ ਅਥਲੈਟਿਕਸ ਕਲੱਬ ਦੀ ਅਗਵਾਈ ਹੇਠ ਕਮਲਜੀਤ ਖੇਡਾਂ ਦੀ ਪੂਰੀ ਟੀਮ ਸੁਰਜੀਤ ਸਿੰਘ ਦਾ ਨਵਾਂ ਅਤੇ ਪਹਿਲੇ ਬੁੱਤ ਨਾਲ਼ੋਂ ਵੱਡਾ ਅਤੇ ਦਰਸ਼ਨੀ ਬੁੱਤ ਸਥਾਪਤ ਕਰ ਰਹੀ ਹੈ ਜੋ ਕਿ ਗੈਰੀ ਆਰਟ ਮੁਹਾਲੀ ਵੱਲੋਂ 10 ਫੁੱਟ ਆਕਾਰ ਦਾ ਪੂਰਾ ਆਦਮ ਕੱਦ ਤਿਆਰ ਕੀਤਾ ਗਿਆ ਹੈ। 
ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਤੇ ਪਰਵਾਸੀ ਮਾਮਲਿਆਂ ਦੇ ਮੰਤਰੀ ਸਃ ਕੁਲਦੀਪ ਸਿੰਘ ਧਾਲੀਵਾਲ ਇਸ ਦਾ ਉਦਘਾਟਨ ਕਰਨਗੇ। ਸਮਾਗਮ ਦੀ ਪ੍ਰਧਾਨਗੀ ਸਰਬੱਤ ਦਾ ਭਲਾ ਟਰੱਸਟ ਦੇ ਚੇਅਰਮੈਨ ਸੁਰਿੰਦਰ ਪਾਲ ਸਿੰਘ ਉਬਰਾਏ ਕਰਨਗੇ। 
ਇਸ ਉਪਰੰਤ ਸ਼ਿਵ ਕੁਮਾਰ ਬਟਾਲਵੀ ਆਡੀਟੋਰੀਅਮ ਵਿਖੇ ਗੁਰਦਾਸਪੁਰ ਜ਼ਿਲਾ ਦੀਆਂ ਸਮੂਹ ਕਲੱਬਾਂ ਤੇ ਖੇਡ ਸੰਸਥਾਵਾਂ ਦੀ ਖੇਡ ਕਨਵੈਨਸ਼ਨ ਕੀਤੀ ਜਾਵੇਗੀ ਜਿਸ ਵਿੱਚ ਅਸੋਸੀਏਸ਼ਨ ਦੇ ਚੇਅਰਮੈਨ ਪ੍ਰੋ ਗੁਰਭਜਨ ਸਿੰਘ ਗਿੱਲ ਅਤੇ ਚੰਡੀਗੜ੍ਹ ਵੱਸਦੇ ਖੇਡ ਲੇਖਕ ਨਵਦੀਪ ਸਿੰਘ ਗਿੱਲ ਆਪਣਾ ਪੇਪਰ ਪੜ੍ਹਨਗੇ। 
ਹਾਕੀ ਓਲੰਪੀਅਨ ਸੁਰਜੀਤ ਸਿੰਘ ਬਾਰੇ ਜਾਣਕਾਰੀ ਦਿੰਦਿਆਂ ਸੁਰਜੀਤ ਸਪੋਰਟਸ ਅਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਦੱਸਿਆ ਕਿ ਬਟਾਲਾ ਖੰਡ ਮਿੱਲ ਨੇੜਲੇ ਪਿੰਡ ਦਾਖਲਾ (ਹੁਣ ਸੁਰਜੀਤ ਸਿੰਘ ਵਾਲਾ) ਵਿਖੇ 10 ਅਕਤੂਬਰ, 1951 ਨੂੰ ਜਨਮੇ ਤੇ ਸਪੋਰਟਸ ਕਾਲਜ ਜਲੰਧਰ ਵਿਖੇ ਪੜ੍ਹੇ  ਹਾਕੀ ਓਲੰਪੀਅਨ ਸੁਰਜੀਤ ਸਿੰਘ ਰੰਧਾਵਾ 1975 ਵਿੱਚ ਭਾਰਤ ਲਈ ਇਕਲੌਤਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਅਹਿਮ ਮੈਂਬਰ ਸਨ। ਚੋਟੀ ਜੇ ਡਿਫੈਂਡਰ ਤੇ ਪੈਨਲਟੀ ਕਾਰਨਰ ਦੇ ਬਾਦਸ਼ਾਹ ਸੁਰਜੀਤ ਸਿੰਘ 1973 ਵਿੱਚ ਵਿਸ਼ਵ ਕੱਪ ਦੀ ਉਪ ਜੇਤੂ ਟੀਮ ਦੇ ਵੀ ਮੈਂਬਰ ਸਨ। 
ਫ਼ਾਈਨਲ ਵਿੱਚ ਭਾਰਤ ਤਰਫੋਂ ਕੀਤੇ ਦੋਵੇਂ ਗੋਲ ਸੁਰਜੀਤ ਸਿੰਘ ਨੇ ਕੀਤੇ ਸੀ। 1976 ਦੀਆਂ ਮਾਂਟਰੀਅਲ ਓਲੰਪਿਕਸ ਵਿੱਚ ਖੇਡਣ ਵਾਲਾ ਸੁਰਜੀਤ ਸਿੰਘ ਏਸ਼ਿਆਈ ਖੇਡਾਂ ਵਿੱਚ ਦੋ ਵਾਰ ਚਾਂਦੀ ਦਾ ਤਮਗ਼ਾ ਜਿੱਤ ਚੁੱਕਾ ਹੈ। ਸੁਰਜੀਤ ਸਿੰਘ ਨੇ 1974 ਵਿੱਚ ਤਹਿਰਾਨ ਅਤੇ 1978 ਵਿੱਚ ਬੈਂਕਾਕ ਵਿਖੇ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ। 1973 ਵਿਚ ਉਸ ਨੂੰ ਵਿਸ਼ਵ ਹਾਕੀ ਇਲੈਵਨ ਟੀਮ ਵਿਚ ਸ਼ਾਮਲ ਕੀਤਾ ਗਿਆ ਅਤੇ 1974 ਵਿੱਚ ਏਸ਼ੀਅਨ ਆਲ-ਸਟਾਰ ਹਾਕੀ ਇਲੈਵਨ ਦਾ ਮੈਂਬਰ ਰਿਹਾ। ਮਾਤਾ ਜੋਗਿੰਦਰ ਕੌਰ ਦੀ ਕੁੱਖੋਂ ਸਃ ਮੱਘਰ ਸਿੰਘ ਰੰਧਾਵਾ ਦੇ ਘਰ ਜਨਮੇ ਸਃ 
ਸੁਰਜੀਤ ਸਿੰਘ ਸ਼ੁਰੂਆਤੀ ਸਮੇਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੇ ਕੰਬਾਈਨਡ ਯੂਨੀਵਰਸਿਟੀ ਦੀ ਟੀਮ ਲਈ ਫੁੱਲ ਬੈਕ ਵਜੋਂ ਖੇਡੇ। ਸੁਰਜੀਤ ਸਿੰਘ ਨੇ ਕੁਝ ਸਾਲਾਂ ਲਈ ਪਹਿਲਾਂ ਸੈਂਟਰਲ ਰੇਲਵੇ ਬੰਬਈ,ਫਿਰ ਇੰਡੀਅਨ ਏਅਰ ਲਾਈਨਜ਼ ਦਿੱਲੀ ਵਿਚ ਤੇ ਮਗਰੋਂ ਪੰਜਾਬ ਪੁਲੀਸ ਵਿੱਚ ਨੌਕਰੀ ਕੀਤੀ ਉਨ੍ਹਾਂ ਦਾ ਵਿਆਹ ਚੰਚਲ ਰੰਧਾਵਾ ਨਾਲ ਹੋਇਆ ਜੋ ਕਿ ਖ਼ੁਦ ਅੰਤਰਰਾਸ਼ਟਰੀ ਹਾਕੀ ਖਿਡਾਰਨ ਸੀ । ਉਨ੍ਹਾਂ ਦੇ ਦੋ ਬੱਚੇ ਬੇਟੀ ਚੈਰੀ ਤੇ ਪੁੱਤਰ ਸਰਬਿੰਦਰ ਸਿੰਘ ਰੰਧਾਵਾ ਲਾਅਨ ਟੈਨਿਸ ਖਿਡਾਰੀ ਹਨ। 
ਦੁਨੀਆ ਦੇ ਚੋਟੀ ਦੇ ਡਿਫੈਂਡਰਾਂ ਵਿੱਚ ਸ਼ੁਮਾਰ ਸੁਰਜੀਤ ਸਿੰਘ ਇਕਲੌਤਾ ਭਾਰਤੀ ਖਿਡਾਰੀ ਹੈ ਜਿਸ ਦੇ ਨਾਮ ਉੱਤੇ ਉਸ ਦੇ ਪਿੰਡ ਦਾ ਨਾਮ ਸੁਰਜੀਤ ਸਿੰਘ ਵਾਲਾ (ਪਹਿਲਾ ਨਾਮਾ ਦਾਖਲਾ), ਦੋ ਸਟੇਡੀਅਮਾਂ ਦੇ ਨਾਮ (ਓਲੰਪੀਅਨ ਸੁਰਜੀਤ ਸਟੇਡੀਅਮ ਜਲੰਧਰ ਤੇ ਸੁਰਜੀਤ ਕਮਲਜੀਤ ਖੇਡ ਕੰਪਲੈਕਸ ਕੋਟਲਾ ਸ਼ਾਹੀਆ), ਅਕੈਡਮੀ ਦਾ ਨਾਮ (ਸੁਰਜੀਤ ਹਾਕੀ ਅਕੈਡਮੀ ਜਲੰਧਰ), ਸੁਸਾਇਟੀ ਦਾ ਨਾਮ (ਸੁਰਜੀਤ ਹਾਕੀ ਸੁਸਾਇਟੀ ਜਲੰਧਰ), ਐਸੋਸੀਏਸ਼ਨ ਦਾ ਨਾਮ (ਸੁਰਜੀਤ ਸਪੋਰਟਸ ਐਸੋਸੀਏਸ਼ਨ ਕੋਟਲਾ ਸ਼ਾਹੀਆ), ਕੌਮੀ ਪੱਧਰ ਦੇ ਟੂਰਨਾਮੈਂਟ ਦਾ ਨਾਮ (ਸੁਰਜੀਤ ਹਾਕੀ ਟੂਰਨਾਮੈਂਟ), ਐਵਾਰਡ ਦਾ ਨਾਮ (ਓਲੰਪੀਅਨ ਸੁਰਜੀਤ ਐਵਾਰਡ ਜੋ ਕਮਲਜੀਤ ਖੇਡਾਂ ਦੌਰਾਨ ਉਘੇ ਹਾਕੀ ਖਿਡਾਰੀ ਨੂੰ ਮਿਲਦਾ ਹੈ) ਅਤੇ ਦੋ ਬੁੱਤ (ਬਟਾਲਾ ਤੇ ਜਰਖੜ) ਲੱਗੇ ਹੋਏ ਹਨ। ਸੁਰਜੀਤ ਨੂੰ 1998 ਵਿਚ ਮਰਨ ਉਪਰੰਤ ਅਰਜੁਨ ਪੁਰਸਕਾਰ ਦਿੱਤਾ ਗਿਆ ।
7 ਜਨਵਰੀ 1984 ਦੀ ਸਵੇਰ ਜਲੰਧਰ-ਕਰਤਾਰਪੁਰ ਵਿਚਾਲੇ ਬਿਧੀਪੁਰ ਫਾਟਕ ਕੋਲ ਸਮਕ ਹਾਦਸੇ ਵਿੱਚ ਸਦਾ ਲਈ ਵਿਛੋੜਾ ਦੇਣ ਵਾਲੇ ਸੁਰਜੀਤ ਸਿੰਘ ਦਾ ਨਾਮ ਰਹਿੰਦੀ ਦੁਨੀਆ ਤੱਕ ਸਤਿਕਾਰ ਨਾਲ ਲਿਆ ਜਾਂਦਾ ਰਹੇਗਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!