ਪੰਜਾਬ

ਪਟਿਆਲਾ ਵਿਖੇ ਚੱਪੇ-ਚੱਪੇ ‘ਤੇ ਨਜ਼ਰ ਰੱਖਣਗੇ 38 ਲੋਕੇਸ਼ਨਾਂ ‘ਤੇ 243 ਸੀ.ਸੀ.ਟੀ.ਵੀ. ਕੈਮਰੇ, ਐਸ.ਐਸ.ਪੀ. ਨੇ ਕੀਤਾ ਉਦਘਾਟਨ

 

ਪਟਿਆਲਾ, 1 ਜੁਲਾਈ:

ਪਟਿਆਲਾ ਦੇ ਐਸ.ਐਸ.ਪੀ. ਵਰੁਣ ਸ਼ਰਮਾ ਨੇ ਅੱਜ ਪਟਿਆਲਾ ਦੇ ਚੱਪੇ-ਚੱਪੇ ‘ਤੇ ਹਫ਼ਤੇ ਦੇ ਸਾਰੇ ਦਿਨ 24 ਘੰਟੇ ਬਾਜ਼ ਅੱਖ ਰੱਖਣ ਲਈ ਸੀ.ਸੀ.ਟੀ.ਵੀ. ਕੈਮਰਿਆਂ ਦੇ ਇੱਕ ਅਹਿਮ ਪ੍ਰਾਜੈਕਟ ਦਾ ਉਦਘਾਟਨ ਕੀਤਾ, ਇਸ ਤਹਿਤ ਸ਼ਹਿਰ ਦੀਆਂ ਸਾਰੀਆਂ 38 ਲੋਕੇਸ਼ਨਾਂ ਉਪਰ ਲਗਾਏ ਗਏ 243 ਸੀ.ਸੀ.ਟੀ.ਵੀ. ਕੈਮਰੇ ਚਾਲੂ ਕਰ ਦਿੱਤੇ ਗਏ ਹਨ। ਐਸ.ਐਸ.ਪੀ. ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀ.ਜੀ.ਪੀ. ਗੌਰਵ ਯਾਦਵ ਦੀ ਅਗਵਾਈ ਹੇਠ ਪਟਿਆਲਾ ਜ਼ਿਲ੍ਹੇ ਦੇ ਨਾਗਰਿਕਾਂ ਨੂੰ ਬਿਹਤਰ ਪੁਲਿਸਿੰਗ ਅਤੇ ਸੁਰੱਖਿਅਤ ਤੇ ਅਮਨ-ਸ਼ਾਂਤੀ ਪੂਰਵਕ ਮਾਹੌਲ ਪ੍ਰਦਾਨ ਕਰਨ ਲਈ ਪਟਿਆਲਾ ਪੁਲਿਸ ਆਪਣੀ ਵਚਨਬੱਧਤਾ ਪੂਰੀ ਸ਼ਿਦਤ, ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਅ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕੈਮਰਿਆਂ ਦੇ ਚਾਲੂ ਹੋਣ ਨਾਲ ਹੁਣ ਸ਼ਹਿਰ ਵਿੱਚ ਟ੍ਰੈਫਿਕ ਉਲੰਘਣਾ ਕਰਨ ਵਾਲਿਆਂ ਦੇ ਈ-ਚਲਾਨ ਸ਼ੁਰੂ ਕੀਤੇ ਜਾਣਗੇ।

ਇੱਥੇ ਪੁਲਿਸ ਲਾਇਨ ਵਿਖੇ ਸਿਟੀ ਸਰਵੇਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ ਦਾ ਉਦਘਾਟਨ ਕਰਦਿਆਂ ਐਸ.ਐਸ.ਪੀ. ਵਰੁਣ ਸ਼ਰਮਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਹੁਕਮਾਂ ਤਹਿਤ ਪਹਿਲੇ ਫੇਜ ਵਿੱਚ 179 ਕੈਮਰੇ ਅਤੇ ਦੂਜੇ ਫੇਜ ਵਿੱਚ 64 ਕੈਮਰੇ ਕੁੱਲ 243 ਕੈਮਰੇ ਇੰਸਟਾਲ ਕੀਤੇ ਜਾ ਚੁੱਕੇ ਹਨ।ਇਸ ਤਰ੍ਹਾਂ ਵੱਖ-ਵੱਖ ਸਮਾਜ ਵਿਰੋਧੀ ਅਨਸਰਾਂ ਅਤੇ ਸ਼ਰਾਰਤੀ ਤੱਤਾਂ ਉਪਰ ਨਜਰ ਰੱਖਣ ਲਈ ਅਤੇ ਪਬਲਿਕ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ, ਇਹ ਪ੍ਰਾਜੈਕਟ ਜ਼ਿਲ੍ਹਾ ਪਟਿਆਲਾ ਵਿਖੇ ਸਥਾਪਤ ਕੀਤਾ ਗਿਆ ਹੈ। ਜਿਸ ਵਿੱਚ ਪਟਿਆਲਾ ਸ਼ਹਿਰ ਦੀਆਂ ਪ੍ਰਮੱਖ 36 ਸਾਇਟਾਂ ਉਪਰ 179 ਸੀ.ਸੀ.ਟੀ.ਵੀ ਕੈਮਰੇ ਇੰਸਟਾਲ ਕੀਤੇ ਗਏ ਹਨ ਜਿਨ੍ਹਾਂ ਨੂੰ ਸੈਂਟਰਲਾਇਜ ਕਰਕੇ ਕੰਟਰੋਲ ਸੈਂਟਰ ਪੁਲਿਸ ਲਾਇਨ, ਪਟਿਆਲਾ ਵਿਖੇ ਜੋੜਿਆ ਗਿਆ ਹੈ, ਇਹ ਸਰਵੇਲੈਂਸ ਦੀ ਵੰਡ 3 ਫੇਜ ਵਿੱਚ ਕੀਤੀ ਗਈ ਹੈ।

ਐਸ.ਐਸ.ਪੀ. ਨੇ ਦੱਸਿਆ ਕਿ ਪਹਿਲੇ ਫੇਜ ਤਹਿਤ ਪਟਿਆਲਾ ਸਹਿਰ ਦੇ ਪ੍ਰਮੁੱਖ 36 ਪੋਆਂਇਟ ਕਵਰ ਕੀਤੇ ਗਏ ਹਨ ਜਿਸ ਵਿੱਚ ਪਟਿਆਲਾ ਵਾਸੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਇਹ ਸਰਵੇਲੈਂਸ 24 ਗੁਣਾ 7 ਕੀਤੀ ਜਾ ਰਹੀ ਹੈ। ਕਿਉਂਕਿ ਸੀ.ਸੀ.ਟੀ.ਵੀ ਕੈਮਰਾ ਸਾਡਾ ਅਜਿਹਾ ਸਾਥੀ ਹੈ ਜੋ ਮੀਹ, ਧੁੱਪ ਅਤੇ ਹਨੇਰੀ ਦੀ ਪਰਵਾਹ ਕਰੇ ਬਗੈਰ 24 ਘੰਟੇ, ਕੰਮ ਕਰਦਾ ਹੈ। ਦੂਜੇ ਫੇਜ ਤਹਿਤ ਪਟਿਆਲਾ ਸਹਿਰ ਦੀਆਂ ਸਰਕਾਰੀ ਇਮਾਰਤਾਂ ਜਿਵੇਂ ਕਿ ਮਿੰਨੀ ਸੈਕੱਤਰੇਤ, ਦਫ਼ਤਰ ਡਿਪਟੀ ਕਮਿਸ਼ਨਰ ਅਤੇ ਦਫ਼ਤਰ ਐਸ.ਐਸ.ਪੀ ਪਟਿਆਲਾ ਆਦਿ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਸੈਂਟਰਲਾਇਜ ਕਰਕੇ ਸਿਟੀ ਸਰਵੇਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ ਵਿਖੇ ਜੋੜਿਆ ਜਾਵੇਗਾ, ਜਿਸ ਨਾਲ ਸਰਕਾਰੀ ਇਮਾਰਤਾਂ ਦੀ ਨਿਗਰਾਨੀ ਦੇ ਨਾਲ-ਨਾਲ ਆਮ ਜਨਤਾ ਦੀ ਸੁਰੱਖਿਆ ਦਾ ਵੀ ਖਿਆਲ ਰੱਖਿਆ ਜਾਵੇਗਾ। ਇਸ ਫੇਜ ਵਿੱਚ ਪ੍ਰਮੁੱਖ ਧਾਰਮਿਕ ਸਥਾਨਾਂ ਜਿਵੇਂ ਕਿ ਗੁਰੁਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ, ਸ਼੍ਰੀ ਕਾਲੀ ਦੇਵੀ ਮਾਤਾ ਮੰਦਰ ਆਦਿ ਦੇ ਬਾਹਰੀ ਅਤੇ ਅੰਦਰੂਨੀ ਖੇਤਰ ਦੀ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਸਰਵੇਲੈਂਸ ਕੀਤੀ ਜਾਵੇਗੀ ।

ਵਰੁਣ ਸ਼ਰਮਾ ਨੇ ਅੱਗੇ ਦੱਸਿਆ ਕਿ ਤੀਜੇ ਫੇਜ ਵਿੱਚ ਪਟਿਆਲਾ ਸਹਿਰ ਦੇ ਸਾਰੇ ਇੰਟਰ-ਸਟੇਟ ਅਤੇ ਇੰਟਰ-ਡਿਸਟ੍ਰਿਕਟ ਬਾਰਡਰਾਂ ਦੇ ਐੰਟਰੀ ਅਤੇ ਐਗਜਿਟ ਪੁਆਇੰਟਾਂ ਉੱਪਰ ਦੋਵਾਂ ਪਾਸੋਂ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਨਿਗਰਾਨੀ ਰੱਖੀ ਜਾਵੇਗੀ ਅਤੇ ਇਸਨੂੰ ਸੈਂਟਰਲਾਇਜ ਕਰਕੇ ਸਿਟੀ ਸਰਵੇਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ, ਵਿਖੇ ਜੋੜਿਆ ਜਾਵੇਗਾ ਤਾਂ ਜੋ ਜਿਲਾ ਪਟਿਆਲਾ ਵਿੱਚ ਇੰਟਰਸਟੇਟ ਬਾਰਡਰ ਰਾਂਹੀ ਆਉਣ ਅਤੇ ਜਾਣ ਵਾਲੇ ਸਾਰੇ ਵਾਹਨਾ ਅਤੇ ਵਿਅਕਤੀਆਂ ਪਰ ਨਿਗਰਾਨੀ ਰੱਖੀ ਜਾ ਸਕੇ ਤਾਂ ਜੋ ਕਿਸੇ ਵੀ ਤਰਾਂ ਦੇ ਸ਼ਰਾਰਤੀ ਅਨਸਰਾਂ ਦੇ ਮਨਸੂਬਿਆਂ ਉੱਪਰ ਸਮੇਂ ਸਿਰ ਕਾਬੂ ਪਾ ਕੇ, ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਿਆ ਜਾ ਸਕੇ।

ਐਸ.ਐਸ.ਪੀ. ਨੇ ਦੱਸਿਆ ਕਿ ਪਟਿਆਲਾ ਪੁਲਿਸ ਦਾ ਇਹ ਸਿਟੀ ਸਰਵੇਲੈਂਸ ਸੀ.ਸੀ.ਟੀ.ਵੀ. ਕੰਟਰੋਲ ਸੈਂਟਰ ਸਥਾਪਤ ਕਰਨ ਦਾ ਮੁੱਖ ਉਦੇਸ਼ ਪਬਲਿਕ ਸੁਰੱਖਿਆ ਨੂੰ ਯਕੀਨੀ ਬਨਾਉਣਾ ਅਤੇ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਤੇ ਹਰ ਸਮੇਂ ਬਾਜ ਅੱਖ ਰੱਖਣਾ ਹੈ।

ਉਨ੍ਹਾਂ ਕਿਹਾ ਕਿ ”ਮੈਂ ਪਟਿਆਲਾ ਵਾਸੀਆਂ ਨੂੰ ਇਹ ਯਕੀਨ ਦਵਾਉਂਦਾ ਹਾਂ ਕਿ ਮੇਰੇ ਬਤੌਰ ਐਸ.ਐਸ.ਪੀ. ਪਟਿਆਲਾ ਦੇ ਅਰਸੇ ਦੌਰਾਨ ਵਧੀਆ ਅਤੇ ਪਾਰਦਰਸ਼ੀ ਪੁਲਿਸਿੰਗ ਕੀਤੀ ਜਾਵੇਗੀ ਤਾਂ ਜੋ ਆਪ ਸਭ ਨੂੰ ਜਲਦੀ ਅਤੇ ਨਿਰਪੱਖ ਇਨਸਾਫ ਦਵਾਇਆ ਜਾ ਸਕੇ।” ਇਸ ਮੌਕੇ ਐਸ.ਪੀਜ ਮੁਹੰਮਦ ਸਰਫ਼ਰਾਜ ਆਲਮ, ਹਰਬੰਤ ਕੌਰ, ਸੌਰਵ ਜਿੰਦਲ, ਏ.ਐਸ.ਪੀ. ਵੈਬਵ ਸਮੇਤ ਡੀ.ਐਸ.ਪੀਜ਼, ਸਾਇਬਰ ਸੈਲ ਇੰਚਾਰਜ ਇੰਸਪੈਕਟਰ ਪ੍ਰਿਤਪਾਲ ਸਿੰਘ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

 

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!