ਖਰੜ ਸ਼ਹਿਰ ਦੇ ਸੀਵਰੇਜ ਸਿਸਟਮ ਦੇ ਸੁਧਾਰ ਦੀ ਹੋਈ ਸ਼ੁਰੂਆਤ
47.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਕੈਬੀਨਟ ਮੰਤਰੀ ਅਨਮੋਲ ਗਗਨ ਮਾਨ ਅਤੇ ਡਾ. ਐਸ.ਐਸ. ਆਹਲੂਵਾਲੀਆ ਨੇ ਕੀਤੀ ਸ਼ੁਰੂਆਤ
ਖਰੜ, 13 ਅਕਤੂਬਰ, 2023: ਅੱਜ ਇੱਥੇ ਖਰੜ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਸਹੀ ਕਰਨ ਦੇ ਲਈ 47.39 ਕਰੋੜ ਰੁਪਏ ਦੇ ਪ੍ਰੋਜੈਕਟ ਦੀ ਸ਼ੁਰੂਆਤ ਵਾਰਡ ਨੰ. 13 ਤੋਂ ਖਰੜ ਤੋਂ ਵਿਧਾਇਕ ਅਤੇ ਕੈਬੀਨਟ ਮੰਤਰੀ ਅਨਮੋਲ ਗਗਨ ਮਾਨ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਕਹੀ ਦਾ ਟੱਕ ਲਗਾ ਕੇ ਕੀਤਾ।
ਇਸ ਮੌਕੇ ਉਤੇ ਡਾ. ਐਸ.ਐਸ. ਆਹਲੂਵਾਲੀਆ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ਅਨੁਸਾਰ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਵੱਲੋਂ ਖਰੜ ਲਾਂਡਰਾਂ ਰੋਡ (ਜਿਸ ਵਿੱਚ ਸ਼ਿਵਾਲਿਕ ਸਿਟੀ, ਸੰਤੇਮਾਜਰਾ, ਛੱਜੂਮਾਜਰਾ, ਖੂਨੀਮਾਜਰਾ ਆਦਿ ਸ਼ਾਮਿਲ ਹਨ) ਦੇ ਦੋਵੇਂ ਪਾਸੇ ਦੇ ਖੇਤਰਾਂ ਲਈ ਸੀਵਰੇਜ ਸਕੀਮ ਪ੍ਰਦਾਨ ਕਰਨ ਲਈ ਵਿਸਤਾਰ ਪ੍ਰੋਜੈਕਟ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਡੀਪੀਆਰ ਦੀ ਲਾਗਤ 47.39 ਕਰੋੜ ਰੁਪਏ ਹੈ। ਇਸ ਪ੍ਰੋਜੈਕਟ ਵਿੱਚ 13 ਕਿਲੋਮੀਟਰ ਮੇਨ ਸੀਵਰ ਲਾਇਨ ਵਿਛਾਉਣਾ, 1 ਮੇਨ ਪੰਪਿੰਗ ਸਟੇਸ਼ਨ ਦਾ ਨਿਰਮਾਣ, 1 ਐਸਟੀਪੀ ਦਾ ਨਿਰਮਾਣ ਅਤੇ 5.5 ਕਿਲੋਮੀਟਰ ਰਾਈਜ਼ਿੰਗ ਮੇਨ ਵਿਛਾਉਣਾ ਸ਼ਾਮਿਲ ਹੈ। ਪਹਿਲੇ ਫੇਸ ਵਿੱਚ 18.61 ਕਰੋੜ ਰੁਪਏ ਦੇ ਵਿਕਾਸ ਕਾਰਜ ਹੋਣਗੇ। ਇਹ ਪ੍ਰੋਜੈਕਟ ਮਾਰਚ 2025 ਤੱਕ ਪੂਰਾ ਹੋ ਜਾਵੇਗਾ। ਫੇਸ 2 ਦਾ ਕੰਮ ਅਗਲੇ ਇੱਕ ਮਹੀਨੇ ਦੇ ਵਿੱਚ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਉਤੇ ਕੈਬੀਨਟ ਮੰਤਰੀ ਅਨਮੋਲ ਗਗਨ ਮਾਨ ਨੇ ਬੋਲਦੇ ਹੋਏ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦਿਨ ਰਾਤ ਲੋਕਾਂ ਦੀ ਭਲਾਈ ਦੇ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਖਰੜ ਹਲਕੇ ਦੇ ਵਿਕਾਸ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ। ਜਿਸ ਕਰਕੇ ਅੱਜ ਲੋਕਾਂ ਨੂੰ ਵੱਡੀਆਂ ਮੁਸਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਵਲੋਂ ਖਰੜ ਹਲਕੇ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਕੁੱਝ ਮਹੀਨਿਆਂ ਦੇ ਵਿੱਚ ਖਰੜ ਵਾਸੀਆਂ ਨੂੰ ਕਜੌਲੀ ਵਾਟਰ ਵਰਕਸ ਤੋਂ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ, ਇਸ ਦੇ ਲਈ ਟੈਂਡਰ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਖਰੜ ਦੇ ਵਿਕਾਸ ਲਈ ਇੱਕ ਟਾਊਨ ਪਲਾਨਰ ਨੂੰ ਵੀ ਹਾਇਰ ਕੀਤਾ ਜਾਵੇਗਾ, ਤਾਂ ਜੋ ਖਰੜ ਸ਼ਹਿਰ ਦਾ ਵਿਕਾਸ ਪਲਾਨਿੰਗ ਦੇ ਤਹਿਤ ਹੋ ਸਕੇ। ਉਨ੍ਹਾਂ ਨੇ ਇਸ ਮੌਕੇ ਉਤੇ ਖਰੜ ਹਲਕੇ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦੇ ਬਾਰੇ ਵਿੱਚ ਲੋਕਾਂ ਨੂੰ ਜਾਣੂ ਵੀ ਕਰਵਾਇਆ।
ਉਨ੍ਹਾਂ ਨੇ ਅੱਗੇ ਕਿਹਾ ਕਿ ਅੱਜ ਜਿਨ੍ਹਾਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ, ਇਨ੍ਹਾਂ ਪ੍ਰੋਜੈਕਟਾਂ ਨੂੰ ਪਿਛਲੀਆਂ ਸਰਕਾਰਾਂ ਵੀ ਸ਼ੁਰੂ ਕਰ ਸਕਦੀਆਂ ਸਨ। ਪਰ ਉਨ੍ਹਾਂ ਦੀ ਨੀਅਤ ਵਿੱਚ ਖੋਟ ਹੋਣ ਕਾਰਨ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਦੇ ਵੱਲ ਬਿਲਕੁੱਲ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਲੋਕਾਂ ਨੂੰ ਭਰੋਸਾ ਦਵਾਇਆ ਕਿ ਆਉਣ ਵਾਲੇ ਕੁੱਝ ਮਹੀਨਿਆਂ ਵਿੱਚ ਖਰੜ ਸ਼ਹਿਰ ਨੂੰ ਇੱਕ ਨਮੂਨੇ ਦੇ ਸ਼ਹਿਰ ਵਜੋਂ ਵਿਕਸਿਤ ਕੀਤਾ ਜਾਵੇਗਾ।
ਇਸ ਮੌਕੇ ਉਤੇ ਖਰੜ ਮਾਰਕਿਟ ਕਮੇਟੀ ਦੇ ਚੇਅਰਮੈਨ ਹਾਕਮ ਸਿੰਘ, ਐਮਸੀ ਮਨਮੋਹਨ ਸਿੰਘ, ਅਮਨ, ਬਿੱਟੂ ਜੈਨ, ਰਾਜਵੀਰ ਸਿੰਘ ਰਾਜੀ, ਸੋਹਣ ਸਿੰਘ, ਸੁਰਮੁੱਖ ਸਿੰਘ, ਗੁਰਜੀਤ ਸਿੰਘ ਗੱਗੀ, ਗੋਵਿੰਦਰ ਚੀਮਾ, ਨਵਦੀਪ ਬੱਬੂ, ਰਾਮ ਸਰੂਪ, ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਪਟਿਆਲਾ ਤੋਂ ਨਿਗਰਾਨ ਇੰਜੀਨੀਅਰ ਜੀਪੀ ਸਿੰਘ, ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀ ਅਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਹਾਜ਼ਰ ਸਨ।