ਸਕੱਤਰੇਤ ਦੀਆਂ ਮੁਲਾਜਮ ਜਥੇਬੰਦੀਆਂ ਦੀਵਾਲੀ ਮੌਕੇ ਡੀ.ਏ.ਨਾ ਮਿਲਣ ਤੇ ਹੋਈਆਂ ਖਫ਼ਾ
ਚੰਡੀਗੜ੍ਹ (14.11.2023): ਪੰਜਾਬ ਸਿਵਲ ਸਕੱਤਰੇਤ ਵਿਖੇ ਅੱਜ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ ਜਿਸ ਵਿੱਚ ਸਕੱਤਰੇਤ ਦੀਆਂ ਸਾਰੀਆਂ ਮੁਲਾਜਮ ਜਥੇਬੰਦੀਆਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਕੱਤਰੇਤ ਸਟਾਫ ਐਸੋਸੀਏਸ਼ਨ (ਗਜ਼ਟਿਡ), ਸਕੱਤਰੇਤ ਸਟਾਫ ਐਸੋਸੀਏਸ਼ਨ (ਨਾਨ ਗਜ਼ਟਿਡ), ਪਰਸਨਲ ਸਟਾਫ ਐਸੋਸੀਏਸ਼ਨ, ਵਿੱਤੀ ਕਮਿਸ਼ਨਰਜ਼ ਮਾਲ ਸਟਾਫ ਐਸੋਸੀਏਸ਼ਨ, ਦਰਜਾ-4 ਕਰਮਚਾਰੀ ਯੂਨੀਅਨ, ਪ੍ਰਹੁਣਚਾਰੀ ਵਿਭਾਗ ਸਟਾਫ ਯੂਨੀਅਨ ਅਤੇ ਡਰਾਈਵਰ ਯੂਨੀਅਨ ਦੇ ਨੁਮਾਇੰਦੇ ਹਾਜਰ ਹੋਏ। ਮੁਲਾਜਮ ਜਥੇਬੰਦੀਆਂ ਵੱਲੋਂ ਪਿਛਲੇ ਦਿਨੀਂ ਪੰਜਾਬ ਦੇ ਵਿੱਤ ਮੰਤਰੀ ਸ੍ਰ.ਹਰਪਾਲ ਸਿੰਘ ਚੀਮਾ ਨੂੰ ਮਿਲ ਕੇ ਦੀਵਾਲੀ ਮੌਕੇ ਮੁਲਾਜਮਾਂ ਦਾ ਬਣਦਾ ਡੀ.ਏ. ਰਲੀਜ਼ ਕਰਨ ਅਤੇ ਦੀਵਾਲੀ ਬੋਨਸ ਦੇਣ ਦੀ ਮੰਗ ਰੱਖੀ ਗਈ ਸੀ ਪ੍ਰੰਤੂ ਦੀਵਾਲੀ ਮੌਕੇ ਸਰਕਾਰ ਵੱਲੋਂ ਚੁੱਪੀ ਵੱਟਣ ਕਰਕੇ ਮੁਲਾਜਮਾਂ ਵਿੱਚ ਰੋਸ ਪਾਇਆ ਗਿਆ ਹੈ। ਕਿਉਂਕਿ ਪਿਛਲੀਆਂ ਸਰਕਾਰਾਂ ਵੱਲੋਂ ਦੀਵਾਲੀ ਮੌਕੇ ਮੁਲਾਜਮਾਂ ਨੂੰ ਕੁੱਝ ਨਾ ਕੁੱਝ ਜਰੂਰ ਦਿੱਤਾ ਜਾਂਦਾ ਰਿਹਾ, ਜਦੋਂ ਕਿ ਮੌਜੂਦਾ ਸਰਕਾਰ ਵੱਲੋਂ ਦੀਵਾਲੀ ਮੌਕੇ ਮੁਲਾਜਮਾਂ ਨੂੰ ਕੁੱਝ ਨਹੀਂ ਦਿੱਤਾ ਗਿਆ, ਜਿਸ ਕਰਕੇ ਮੁਲਾਜਮ ਸਰਕਾਰ ਤੋਂ ਖਫਾ ਹੋ ਗਏ ਹਨ ਅਤੇ ਪੈਂਡਿੰਗ 12% ਡੀ.ਏ. ਲੈਣ ਲਈ ਸਰਕਾਰ ਤੋਂ ਮੰਗ ਕਰ ਰਹੇ ਹਨ। ਜੁਆਇੰਟ ਐਕਸ਼ਨ ਕਮੇਟੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਮੁਲਾਜਮਾਂ ਦੇ ਬਣਦੇ ਡੀ.ਏ. ਦੀਆਂ ਕਿਸ਼ਤਾਂ ਗੁਰਪੂਰਬ ਤੱਕ ਰਲੀਜ਼ ਕੀਤੀਆਂ ਜਾਣ ਅਤੇ ਪੰਜਾਬ ਸਟੇਟ ਮਨੀਸਟੀਰੀਅਲ ਸਟਾਫ ਯੂਨੀਅਨ ਵੱਲੋਂ ਉਠਾਈਆਂ ਜਾ ਰਹੀਆਂ ਮੁਲਾਜਮਾਂ ਦੀਆਂ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ। ਜੇਕਰ ਸਰਕਾਰ ਹੱਕੀ ਮੰਗਾਂ ਨਹੀਂ ਮੰਨਦੀ ਤਾਂ ਮੁਲਾਜਮਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨ ਲਈ ਮਜਬੂਰ ਹੋਣਾ ਪਏਗਾ । ਇਸ ਮੌਕੇ ਮੁਲਾਜਮ ਆਗੂ ਸੁਖਚੈਨ ਸਿੰਘ ਖਹਿਰਾ, ਮਨਜੀਤ ਸਿੰਘ ਰੰਧਾਵਾ, ਪਰਮਦੀਪ ਸਿੰਘ ਭਬਾਤ, ਮਲਕੀਤ ਸਿੰਘ ਔਜਲਾ, ਜਸਪ੍ਰੀਤ ਸਿੰਘ ਰੰਧਾਵਾ, ਭੁਪਿੰਦਰ ਸਿੰਘ ਝੱਜ, ਕਮਲ ਸ਼ਰਮਾ, ਇੰਦਰਪਾਲ ਭੰਗੂ ਸਾਹਿਲ ਸ਼ਰਮਾ, ਸ਼ੁਸ਼ੀਲ ਕੁਮਾਰ, ਮਿਥੁਨ ਚਾਵਲਾ, ਕੁਲਵੰਤ ਸਿੰਘ, ਅਲਕਾ ਚੋਪੜਾ, ਜਗਤਾਰ ਸਿੰਘ ਆਦਿ ਹਾਜਰ ਸਨ।