ਪੰਜਾਬ ਦੇ ਵਿਭਾਗਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਵੀ ਆਏ ਅੱਗੇ, ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਫਾਜ਼ਿਲਕਾ ਦੇ ਕਰਮਚਾਰੀ ਅਮਨਦੀਪ ਸਿੰਘ ਨੇ ਕੀਤੀ ਨਵੀਂ ਮਿਸਾਲ ਕਾਇਮ
ਆਪਣੀ 5 ਏਕੜ ਜਮੀਨ ਵਿੱਚ ਝੋਨੇ ਦੀ ਰਹਿੰਦ ਖੂੰਹਦ ਨੂੰ ਨਹੀਂ ਲਗਾਈ ਅੱਗ
ਖੇਤੀਬਾੜੀ ਸੰਦਾਂ ਦੀ ਮਦਦ ਨਾਲ ਜਮੀਨ ਵਿੱਚ ਹੀ ਵਾਹਿਆ
ਫਾਜ਼ਿਲਕਾ 16 ਨਵੰਬਰ 2023….
ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜਿੱਥੇ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਉੱਥੇ ਹੀ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ ਫਾਜ਼ਿਲਕਾ ਦੇ ਕਰਮਚਾਰੀ ਸ੍ਰੀ. ਅਮਨਦੀਪ ਸਿੰਘ ਨੇ ਵੀ ਨਵੀਂ ਮਿਸਾਲ ਕਾਇਮ ਕਰਦਿਆਂ ਆਪਣੀ 5 ਏਕੜ ਜਮੀਨ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਸਗੋਂ ਵੱਖ-ਵੱਖ ਖੇਤੀਬਾੜੀ ਸੰਦਾਂ ਦੀ ਮਦਦ ਨਾਲ ਜਮੀਨ ਵਿੱਚ ਵਾਹ ਕੇ ਕਣਕ ਦੀ ਬਿਜਾਈ ਕੀਤੀ ਹੈ।
ਸ੍ਰੀ. ਅਮਨਦੀਪ ਸਿੰਘ ਨੇ ਅਜਿਹਾ ਕਰਕੇ ਜਿੱਥੇ ਪੰਜਾਬ ਸਰਕਾਰ ਵੱਲੋਂ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਦੇ ਯਤਨਾਂ ਨੂੰ ਬੂਰ ਪਾਇਆ ਹੈ ਤੇ ਉੱਥੇ ਹੀ ਇਹ ਕਰਮਚਾਰੀ ਅਗਾਂਹਵਧੂ ਕਿਸਾਨਾਂ ਦੀ ਸੂਚੀ ਵਿੱਚ ਵੀ ਸ਼ਾਮਲ ਹੋਇਆ ਹੈ। ਇਸ ਕਿਸਾਨ ਨੇ ਆਪਣੀ ਨੌਕਰੀ ਦੇ ਨਾਲ ਨਾਲ ਸਮਾਂ ਕੱਢ ਕੇ ਪਹਿਲਾ ਤਵੀਆਂ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿੱਚ ਵਾਹਿਆ ਤੇ ਫਿਰ ਰੋਟਾਵੇਟਰ ਦੀ ਮਦਦ ਨਾਲ ਜਮੀਨ ਨੂੰ ਕਣਕ ਬੀਜਣ ਯੋਗ ਬਣਾਇਆ, ਇਹ ਵਿਧੀ ਇਸ ਕਿਸਾਨ ਨੇ ਦੋ ਤੋਂ ਤਿੰਨ ਵਾਰ ਵਰਤਣ ਉਪਰੰਤ ਸੁਹਾਗਾ ਮਾਰ ਕੇ ਕਣਕ ਦੀ ਬਿਜਾਈ ਕੀਤੀ।
ਜ਼ਿਲ੍ਹਾ ਫਾਜ਼ਿਲਕਾ ਦੀ ਬਲਾਕ ਜਲਾਲਾਬਾਦ ਦੇ ਪਿੰਡ ਹੋਜ਼ ਖਾਸ ਉਰਫ ਗੰਦੜ ਦੇ ਕਿਸਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਜਿੱਥੇ ਪੰਜਾਬ ਸਰਕਾਰ ਝੋਨੇ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਸਿਰਤੋੜ ਯਤਨ ਕਰ ਰਹੀ ਹੈ ਉੱਥੇ ਹੀ ਸਾਡੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਅਤੇ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਵੀ ਅੱਗੇ ਹੋ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰ ਰਹੇ ਹਨ ਤੇ ਖੁਦ ਕਿਸਾਨਾਂ ਦੇ ਖੇਤਾਂ ਦਾ ਦੌਰਾ ਵੀ ਕਰ ਰਹੇ ਹਨ।
ਅਮਨਦੀਪ ਸਿੰਘ ਨੇ ਕਿਹਾ ਕਿ ਉਹ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਪਰਾਲੀ ਨੂੰ ਅੱਗ ਲੱਗਣ ਤੋਂ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਤੋਂ ਪ੍ਰੇਰਿਤ ਹੋਏ ਹਨ ਤੇ ਉਨ੍ਹਾਂ ਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਸਗੋਂ ਖੇਤੀਬਾੜੀ ਦੇ ਸੰਦਾਂ ਦੀ ਮਦਦ ਨਾਲ ਜਮੀਨ ਵਿੱਚ ਵਾਹ ਕੇ ਹੀ ਕਣਕ ਦੀ ਬਿਜਾਈ ਕਰਨਗੇ। ਕਿਸਾਨ ਨੇ ਕਿਹਾ ਕਿ ਹੁਣ ਉਸ ਨੂੰ ਮਾਣ ਹੈ ਕਿ ਉਸਨੇ ਆਪਣੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾ ਕੇ ਆਪਣੇ ਜ਼ਿਲ੍ਹੇ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਹੈ। ਸ੍ਰੀ. ਅਮਨਦੀਪ ਸਿੰਘ ਨੇ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਨੂੰ ਵੀ ਸੰਦੇਸ਼ ਦਿੰਦਿਆਂ ਕਿਹਾ ਕਿ ਆਓ ਕਿਸਾਨ ਵੀਰੋ ਅਸੀਂ ਸਾਰੇ ਰਲ ਕੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਕਰੀਏ ਅਤੇ ਆਪਣੀਆਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਈਏ।