ਪੰਜਾਬ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਨਗਰ ਪੰਚਾਇਤ ਦਿੜ੍ਹਬਾ ਨੂੰ ਕੂੜਾ ਕਰਕਟ ਦੇ ਯੋਗ ਪ੍ਰਬੰਧਨ ਲਈ 46 ਲੱਖ ਦੀ ਲਾਗਤ ਵਾਲੇ ਦੋ ਅਤਿ ਆਧੁਨਿਕ ਸਫ਼ਾਈ ਵਾਹਨ ਸੌਂਪੇ
ਜਲਦੀ ਹੀ 5 ਹੋਰ ਟਾਟਾ ਏਸ ਗੱਡੀਆਂ ਮੁਹੱਈਆ ਕਰਵਾਈਆਂ ਜਾਣਗੀਆਂ : ਹਰਪਾਲ ਸਿੰਘ ਚੀਮਾ
ਜੂਨ ਤੱਕ ਤਹਿਸੀਲ ਕੰਪਲੈਕਸ ਦਿੜ੍ਹਬਾ ਦੀ ਇਮਾਰਤ ਹੋਵੇਗੀ ਤਿਆਰ, ਪ੍ਰਸ਼ਾਸ਼ਨਿਕ ਤੇ ਪੁਲਿਸ ਸੇਵਾਵਾਂ ਹੋਣਗੀਆਂ ਸ਼ੁਰੂ : ਹਰਪਾਲ ਸਿੰਘ ਚੀਮਾ
ਦਲਜੀਤ ਕੌਰ
ਦਿੜ੍ਹਬਾ/ਸੰਗਰੂਰ, 23 ਜਨਵਰੀ, 2024: ਦਿੜ੍ਹਬਾ ਨਗਰ ਪੰਚਾਇਤ ਨੂੰ ਵਾਰਡਾਂ ਦੀ ਨਿਯਮਤ ਸਾਫ਼ ਸਫ਼ਾਈ ਲਈ ਦੋ ਅਤਿ ਆਧੁਨਿਕ ਸਫਾਈ ਵਾਹਨ ਸੌਂਪਦਿਆਂ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਵਿਧਾਨ ਸਭਾ ਹਲਕਾ ਦਿੜ੍ਹਬਾ ਨੂੰ ਹਰ ਪੱਖੋਂ ਸਰਵੋਤਮ ਬਣਾਉਣ ਦੀ ਦਿਸ਼ਾ ਵਿੱਚ ਇਹ ਅਗਲਾ ਸਾਰਥਕ ਕਦਮ ਹੈ। ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੌਗਿਰਦੇ ਨੂੰ ਸਾਫ਼ ਸੁਥਰਾ ਰੱਖਣ ਲਈ ਜਿਵੇਂ ਰੁੱਖਾਂ ਦੀ ਅਹਿਮੀਅਤ ਹੈ ਠੀਕ ਉਸ ਤਰ੍ਹਾਂ ਹੀ ਆਪਣੇ ਆਲੇ ਦੁਆਲੇ ਨੂੰ ਸਾਫ਼ ਰੱਖਣਾ ਵੀ ਸਾਡਾ ਸਾਰਿਆਂ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੜ੍ਹਬਾ ਸ਼ਹਿਰ ਨੂੰ ਸਾਫ਼ ਸਫਾਈ ਲਈ ਕਰੀਬ 46 ਲੱਖ ਰੁਪਏ ਦੀ ਲਾਗਤ ਵਾਲੀਆਂ ਦੋ ਗੱਡੀਆਂ ਮੁਹੱਈਆ ਕਰਵਾਈਆਂ ਗਈਆਂ ਹਨ ਜੋ ਕਿ ਅੱਜ ਨਗਰ ਪੰਚਾਇਤ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੀਵਰੇਜ ਦੀ ਸਫਾਈ ਲਈ 39 ਲੱਖ ਰੁਪਏ ਦੀ ਲਾਗਤ ਵਾਲੀ ਸੁਪਰ ਸਕਸ਼ਨ ਮਸ਼ੀਨ ਅਤੇ ਕੂੜਾ ਕਰਕਟ ਇਕੱਤਰ ਕਰਨ ਲਈ ਕਰੀਬ 7 ਲੱਖ ਰੁਪਏ ਦੀ ਲਾਗਤ ਵਾਲੀ ਟਾਟਾ ਏਸ ਨਾਲ ਨਗਰ ਪੰਚਾਇਤ ਦੀਆਂ ਸੁਵਿਧਾਵਾਂ ਵਿੱਚ ਵਾਧਾ ਹੋਇਆ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਜਲਦੀ ਹੀ 5 ਹੋਰ ਨਵੇਂ ਟਾਟਾ ਏਸ ਦਿੜ੍ਹਬਾ ਨਗਰ ਪੰਚਾਇਤ ਨੂੰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਨਗਰ ਪੰਚਾਇਤ ਅਧੀਨ ਆਉਂਦੇ ਹਰ ਘਰ ਵਿੱਚੋ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਇਕੱਤਰ ਕਰਨ ਦੀ ਮੁਹਿੰਮ ਤੇ ਕੂੜੇ ਦੇ ਯੋਗ ਪ੍ਰਬੰਧਨ ਨੂੰ ਯਕੀਨੀ ਬਣਾਉਣ ਲਈ ਮਜ਼ਬੂਤੀ ਮਿਲੇਗੀ ਅਤੇ ਸਫਾਈ ਵਿਵਸਥਾ ਵਿੱਚ ਵੱਡਾ ਸੁਧਾਰ ਹੋਵੇਗਾ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਦਿੜ੍ਹਬਾ ਵਿਖੇ ਤਹਿਸੀਲ ਕੰਪਲੈਕਸ ਦੀ ਉਸਾਰੀ ਪ੍ਰਕਿਰਿਆ ਤੇਜ਼ੀ ਨਾਲ ਨੇਪਰੇ ਚੜ੍ਹਾਈ ਜਾ ਰਹੀ ਹੈ ਅਤੇ ਜੂਨ ਮਹੀਨੇ ਤੱਕ ਇਸ ਦੀ ਇਮਾਰਤ ਤਿਆਰ ਕਰਵਾ ਕੇ ਪ੍ਰਸ਼ਾਸਨ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਫ਼ਤਰ ਇਸ ਵਿੱਚ ਸੇਵਾਵਾਂ ਆਰੰਭ ਕਰ ਦੇਣਗੇ।
ਇਸ ਮੌਕੇ ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਡੀਐਸਪੀ ਪ੍ਰਿਥਵੀ ਸਿੰਘ ਚਹਿਲ, ਓ.ਐਸ.ਡੀ ਤਪਿੰਦਰ ਸਿੰਘ ਸੋਹੀ, ਕਾਰਜਸਾਧਕ ਅਫਸਰ ਚੰਦਰ ਪ੍ਰਕਾਸ਼ ਵਧਵਾ ਵੀ ਹਾਜ਼ਰ ਸਨ।