ਨਿਆਂ ਪੱਤਰ ਵਿੱਚ ਪੰਜਾਬ ਲਈ ਹੋਰ ਵਿਸ਼ੇਸ਼ ਏਜੰਡੇ ਸ਼ਾਮਲ ਕੀਤੇ ਜਾਣਗੇ: ਰਾਜਾ ਵੜਿੰਗ
ਲੋਕ ਸਭਾ ਦੇ ਸਾਰੇ ਉਮੀਦਵਾਰਾਂ ਦੇ ਨਾਮ 3-4 ਦਿਨਾਂ ਵਿੱਚ ਜਾਰੀ ਕਰ ਦਿੱਤੇ ਜਾਣਗੇ: ਕਾਂਗਰਸ ਪ੍ਰਧਾਨ
ਮੈਨੀਫੈਸਟੋ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਵਾਅਦੇ ਨੂੰ ਸ਼ਾਮਲ ਕਰਨ ਦੀ ਕਰਾਂਗੇ ਮੰਗ: ਵਿਰੋਧੀ ਧਿਰ ਦੇ ਨੇਤਾ
9 ਮਾਰਚ, 2024
ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਸੀਨੀਅਰ ਲੀਡਰਸ਼ਿਪ ਨੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਲੋਕ ਸਭਾ 2024 ਦੇ ਨਿਆਂ ਪੱਤਰ ਨੂੰ ਪੇਸ਼ ਕਰਨ ਲਈ ਚੰਡੀਗੜ੍ਹ ਦੇ ਪੰਜਾਬ ਕਾਂਗਰਸ ਭਵਨ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ।
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ “ਪੰਜਾਬ ਦੇ ਨਿਵਾਸੀ ਅਤੇ ਕਿਸਾਨ ਹੋਣ ਦੇ ਨਾਤੇ ਮੈਂ ਕਾਂਗਰਸ ਹਾਈ ਕਮਾਂਡ ਅਤੇ ਮੈਨੀਫੈਸਟੋ ਟੀਮ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਪੰਜਾਬ ਦੇ ਮਸਲਿਆਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਮੈਨੀਫੈਸਟੋ ਜਾਰੀ ਕੀਤਾ। ਮੈਨੀਫੈਸਟੋ ਵਿੱਚ ਦਿੱਤੀਆਂ ਗਈਆਂ ਸਾਡੀਆਂ ਗਰੰਟੀਆਂ ਲੋਕ ਸਭਾ ‘ਚ ਸਾਡੀ ਜਿੱਤ ਨੂੰ ਯਕੀਨੀ ਬਣਾਉਣਗੀਆਂ। ਪਰ ਇੱਥੇ ਇਹ ਧਿਆਨ ਦੇਣ ਯੋਗ ਹੈ ਕਿ ਸਾਡੇ ਦੇਸ਼ ਲਈ ਬੁਨਿਆਦੀ ਤੌਰ ‘ਤੇ ਬਹੁਤ ਸਾਰੀਆਂ ਪ੍ਰਚਲਿਤ ਯੋਜਨਾਵਾਂ ਅਤੇ ਨੀਤੀਆਂ ਕਾਂਗਰਸ ਦੇ ਸ਼ਾਸਨ ਦੌਰਾਨ ਸ਼ੁਰੂ ਕੀਤੀਆਂ ਗਈਆਂ ਸਨ। ਪਿਛਲੇ ਇੱਕ ਦਹਾਕੇ ਤੋਂ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਜੋ ਉਜਾੜਾ ਕੀਤਾ ਹੈ ਅਸੀਂ ਆਪਣੀਆਂ ਯੋਜਨਾਵਾਂ ਨੂੰ ਮੁੜ ਤੋਂ ਲਾਗੂ ਕਰਕੇ ਦੇਸ਼ ਦੀ ਖੁਸ਼ਹਾਲੀ ਨੂੰ ਮੁੜ ਤੋੰ ਬਹਾਲ ਕਰਾਂਗੇ।
ਆਪਣੇ ਭਾਸ਼ਣ ਨੂੰ ਜਾਰੀ ਰੱਖਦੇ ਹੋਏ, ਵੜਿੰਗ ਨੇ ਜ਼ੋਰ ਦੇ ਕੇ ਕਿਹਾ, “ਰਾਸ਼ਟਰੀ ਵਿਕਾਸ ਲਈ ਇਤਿਹਾਸਕ ਤੌਰ ‘ਤੇ ਵਚਨਬੱਧ ਕਾਂਗਰਸ ਨੇ, ਮਨਰੇਗਾ ਰਾਹੀਂ ਘੱਟੋ-ਘੱਟ 100 ਦਿਨਾਂ ਦਾ ਰੁਜ਼ਗਾਰ ਯਕੀਨੀ ਬਣਾਉਣ, ਸੂਚਨਾ ਦਾ ਅਧਿਕਾਰ ਕਾਨੂੰਨ, ਜਮਹੂਰੀ ਸਿਧਾਂਤਾਂ ਨੂੰ ਕਾਇਮ ਰੱਖਣ ਲਈ ਮਹੱਤਵਪੂਰਨ ਪਹਿਲਕਦਮੀਆਂ ਸ਼ੁਰੂ ਕੀਤੀਆਂ ਸਨ। ਪਰ ਪ੍ਰਧਾਨ ਮੰਤਰੀ ਮੋਦੀ ਨੇ ਲੋਕਾਂ ਨੂੰ ਰਾਸ਼ਨ ਪਹੁੰਚਾਉਣ ਵਰਗੀਆਂ ਸਕੀਮਾਂ ‘ਤੇ ਆਪਣੀ ਫੋਟੋ ਲਗਾ ਕੇ ਸਰਕਾਰੀ ਯੋਜਨਾਵਾਂ ਦਾ ਸਿਆਸੀਕਰਨ ਕੀਤਾ ਹੈ। ਪਰ ਸਾਡੇ ਲਈ ਲੋਕ ਦੀ ਸੇਵਾ ਸਭ ਤੋਂ ਅਹਿਮ ਹੈ ਅਤੇ 4 ਜੂਨ ਤੋਂ ਬਾਅਦ ਕਾਂਗਰਸ ਦੀ ਸੇਵਾ ਮੁੜ ਤੋੰ ਕਾਇਮ ਹੋਵੇਗੀ।
ਪੰਜਾਬ ਕਾਂਗਰਸ ਦੇ ਇੰਚਾਰਜ ਦੇਵੇਂਦਰ ਯਾਦਵ ਨੇ ਕਿਹਾ, “ਇਹ ਮੈਨੀਫੈਸਟੋ ਬਹੁਤ ਹੀ ਘੋਖ ਕਰਕੇ ਬਣਾਇਆ ਗਿਆ ਹੈ ਜਿਸ ਦੀ ਅਗਵਾਈ ਸ਼੍ਰੀ ਰਾਹੁਲ ਗਾਂਧੀ ਜੀ ਨੇ ਕੀਤੀ ਹੈ, ਜਿਨ੍ਹਾਂ ਨੇ ਪਾਰਟੀ ਦੇ ਸੀਨੀਅਰ ਮੈਂਬਰਾਂ ਦੇ ਨਾਲ, ਪਿਛਲੇ ਸਾਲ ਦੌਰਾਨ ਦੇਸ਼ ਦੀ ਨਬਜ਼ ਨੂੰ ਸਮਝਣ ਲਈ ਦੇਸ਼ ਦਾ ਦੌਰਾ ਕੀਤਾ ਅਤੇ ਕੰਨਿਆਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਦੇਸ਼ ਦੇ ਨਾਗਰਿਕਾਂ ਨਾਲ ਗੱਲਬਾਤ ਕਰਕੇ, ਮਾਹਰਾਂ ਨਾਲ ਬਾਰੀਕੀ ਨਾਲ ਵਿਚਾਰ-ਵਟਾਂਦਰਾ ਕਰਕੇ ਤਿਆਰ ਕੀਤਾ ਗਿਆ ਇਹ ਮੈਨੀਫੈਸਟੋ ਦੇਸ਼ ਦੀ ਸਮੂਹਿਕ ਆਵਾਜ਼ ਨੂੰ ਬੁਲੰਦ ਕਰਦਾ ਹੈ। ਪੰਜਾਬ ਦੇ ਹਿੱਤਾਂ ਅਤੇ ਭਲਾਈ ਨੂੰ ਇਹ ਮੈਨੀਫੈਸਟੋ ਯਕੀਨੀ ਬਣਾਉਦਾ ਹੈ।
ਪ੍ਰਤਾਪ ਸਿੰਘ ਬਾਜਵਾ ਨੇ ਜ਼ੋਰ ਦੇ ਕੇ ਕਿਹਾ, “ਪਿਛਲੇ ਇੱਕ ਦਹਾਕੇ ਦੌਰਾਨ, ਭਾਜਪਾ ਦੇ ਸ਼ਾਸਨ ਦੌਰਾਨ ਕੁਝ ਗਿਣੇ ਚੁਣੇ ਵਿਅਕਤੀਆਂ ਨੂੰ ਲਾਭ ਹੋਇਆ ਹੈ। ਇਸ ਚੋਣ ਮਨੋਰਥ ਪੱਤਰ ਰਾਹੀਂ, ਅਸੀਂ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਘਟਾਉਣ ਅਤੇ ਬਰਾਬਰ ਦੀ ਨੁਮਾਇੰਦਗੀ ਦੀ ਵਕਾਲਤ ਕਰਨਾ ਚਾਹੁੰਦੇ ਹਾਂ। ਭਾਜਪਾ ਸਰਕਾਰ ਦੇ ਇੱਕ ਦਹਾਕੇ ਤੋੰ ਦੇਸ਼ ਦੇ ਬਰਬਾਦ ਹੋਣ ਤੋਂ ਬਾਅਦ ਹੁਣ ਅੰਤ ਵਿੱਚ ਨਿਆਂ ਦੀ ਜਿੱਤ ਹੋਵੇਗੀ। ਅਸੀਂ AICC ਨੂੰ ਪੁਰਾਣੀ ਪੈਨਸ਼ਨ ਸਕੀਮ ਨੂੰ ਮੈਨੀਫੈਸਟੋ ਵਿੱਚ ਜੋੜਨ ਦੀ ਵੀ ਅਪੀਲ ਕਰਾਂਗੇ।
ਮੈਨੀਫੈਸਟੋ ਵਿੱਚ ਦਰਸਾਏ ਗਏ ਕਈ ਮਹੱਤਵਪੂਰਨ ਗਾਰੰਟੀਆਂ ਨੂੰ ਉਜਾਗਰ ਕਰਦੇ ਹੋਏ, ਰਾਜਾ ਵੜਿੰਗ ਨੇ ਜ਼ੋਰ ਦੇ ਕੇ ਕਿਹਾ, “ਮੈਨੀਫੈਸਟੋ ਵਿਆਪਕ ਤੌਰ ਤੇ ਦੇਸ਼ ਦੇ ਬਹੁਤ ਸਾਰੇ ਮੁੱਦਿਆਂ ਨੂੰ ਹੱਲ ਕਰਦਾ ਹੈ। ਜਿਵੇਂ ਕਿਸਾਨਾਂ ਲਈ, ਕਾਨੂੰਨੀ ਤੌਰ ‘ਤੇ MSP ਦੀ ਗਰੰਟੀ, ਖੇਤੀ ਗਤੀਵਿਧੀਆਂ ‘ਤੇ GST ਤੋਂ ਛੋਟ, ਕਿਸਾਨੀ ਕਰਜ਼ੇ ਨੂੰ ਘਟਾਉਣ ਲਈ ਇੱਕ ਕਮਿਸ਼ਨ ਦੀ ਸਥਾਪਨਾ, ਅਤੇ 30 ਦਿਨਾਂ ਦੀ ਸਮਾਂ ਸੀਮਾ ਦੇ ਅੰਦਰ ਤੇਜ਼ੀ ਨਾਲ ਮੁਆਵਜ਼ਾ ਵੰਡਣ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ, ਬੇਰੁਜ਼ਗਾਰੀ ਦੇ ਪ੍ਰਮੁੱਖ ਮੁੱਦੇ ਨੂੰ ਸੰਬੋਧਿਤ ਕਰਦੇ ਹੋਏ, ਸਾਡਾ ਮੈਨੀਫੈਸਟੋ ਸ਼ੁਰੂਆਤੀ ਨੌਕਰੀਆਂ ਦੇ ਮੌਕੇ ਅਤੇ ਵਿਦਿਆਰਥੀਆਂ ਨੂੰ 1 ਲੱਖ ਰੁਪਏ ਦੇ ਵਜ਼ੀਫੇ ਦੀ ਪੇਸ਼ਕਸ਼ ਕਰਨ ਦਾ ਵਾਅਦਾ ਕਰਦਾ ਹੈ। ਇਸ ਤੋਂ ਇਲਾਵਾ, ਅਸੀਂ 30 ਲੱਖ ਸਰਕਾਰੀ ਨੌਕਰੀਆਂ ਪ੍ਰਦਾਨ ਕਰਨ ਲਈ ਵਚਨਬੱਧ ਹਾਂ। ਔਰਤਾਂ ਲਈ ਸਰਕਾਰੀ ਨੌਕਰੀਆਂ ‘ਚ 50% ਰਾਖਵਾਂਕਰਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਗਰੀਬ ਪਰਿਵਾਰ ਦੀ ਹਰ ਇੱਕ ਔਰਤ ਨੂੰ ਸਲਾਨਾ 1 ਲੱਖ ਰੁਪਏ ਦੀ ਵਿੱਤੀ ਮਦਦ ਦਿੱਤੀ ਜਾਵੇਗੀ। ਇਨ੍ਹਾਂ ਠੋਸ ਯਤਨਾਂ ਨਾਲ, ਕਾਂਗਰਸ ਪਾਰਟੀ ਦਾ ਟੀਚਾ ਸਮੁੱਚੇ ਸਮਾਜ ਦਾ ਵਿਕਾਸ ਕਰਨਾ ਹੈ।
ਸੈਸ਼ਨ ਦੀ ਸਮਾਪਤੀ ਕਰਦੇ ਹੋਏ, ਰਾਜਾ ਵੜਿੰਗ ਨੇ ਦੁਹਰਾਇਆ, “ਸਾਡੇ ਮੈਨੀਫੈਸਟੋ ਵਿੱਚ ਪੰਜਾਬ ਇੱਕ ਮਹੱਤਵਪੂਰਨ ਸਥਾਨ ਰੱਖਦਾ ਹੈ, ਜਿਸ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਲਈ ਕਾਨੂੰਨੀ ਗਾਰੰਟੀ ਹੈ, ਜੋ ਕਿ ਕਾਂਗਰਸ ਦੁਆਰਾ ਦੇਸ਼ ਭਰ ਵਿੱਚ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਸ਼ੁਰੂ ਕੀਤੀ ਗਈ ਸੀ। ਇਹ ਮੈਨੀਫੈਸਟੋ ਭਾਜਪਾ ਦੁਆਰਾ ਪਿਛਲੇ ਇੱਕ ਦਹਾਕੇ ਦੇ ਕੁਸ਼ਾਸਨ ਨੂੰ ਸੁਧਾਰਨ ਅਤੇ ਪੰਜਾਬ ਦੇ ਹਿੱਤਾਂ ਨੂੰ ਬਰਕਰਾਰ ਰੱਖਣ ਲਈ ਕਾਂਗਰਸ ਦੀ ਵਚਨਬੱਧਤਾ ਦਾ ਪ੍ਰਤੀਕ ਹੈ। ਅਸੀਂ ਆਉਣ ਵਾਲੇ ਦਿਨਾਂ ਵਿੱਚ ਆਪਣੇ ਉਮੀਦਵਾਰਾਂ ਦੀ ਸੂਚੀ ਵੀ ਜਾਰੀ ਕਰ ਰਹੇ ਹਾਂ। ਯਕੀਨਨ ਪੰਜਾਬ ਦੇ ਲੋਕ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਨੂੰ ਬਾਹਰ ਦਾ ਦਰਵਾਜ਼ਾ ਦਿਖਾ ਕੇ ਕਾਂਗਰਸ ਨੂੰ ਵੋਟ ਦੇਣਗੇ।