ਪੰਜਾਬ ਦੀ ਸਥਿਤੀ ਬਦਅਮਨੀ ਵੱਲ, ਮੁੱਖ ਚੋਣ ਕਮਿਸ਼ਨਰ ਲੈਣ ਨੋਟਿਸ
ਭਾਜਪਾ ਦੇ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦਾ ਮੌਲਿਕ ਹੱਕ ਨਾ ਮਿਲਣਾ ਚੋਣ ਅਮਲ ਉੱਤੇ ਸਵਾਲੀਆ ਨਿਸ਼ਾਨ : ਸੁਨੀਲ ਜਾਖੜ
ਚੰਡੀਗੜ੍ਹ 6 ਮਈ : ‘ਆਮ ਚੋਣਾਂ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਦੌਰਾਨ ਪਾਏ ਜਾ ਰਹੇ ਅੜਿੱਕਿਆਂ ਨੂੰ ਲੈ ਕੇ ਕਿਸੇ ਵੀ ਕਿਸਮ ਦੀ ਚਾਰਾਜੋਈ ਨਾ ਹੋਣਾ ਸੂਬੇ ਚ ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਦੇ ਅਮਲ ਉੱਤੇ ਸਵਾਲੀਆ ਨਿਸ਼ਾਨ ਲਾ ਰਹੀ ਹੈ। ਏਨਾ ਹੀ ਨਹੀਂ ਵਿਰੋਧ ਪ੍ਰਦਰਸ਼ਨਾਂ ਨੂੰ ਕਾਬੂ ਚ ਰੱਖਣ ਚ ਅਸਫਲ ਭਗਵੰਤ ਮਾਨ ਸਰਕਾਰ ਉਲਟਾ ਪੀੜਤ ਭਾਜਪਾ ਆਗੂਆਂ ਉੱਤੇ ਪਰਚੇ ਦਰਜ ਕਰਕੇ ਸੂਬੇ ਚ ‘ਕਾਨੂੰਨ ਦਾ ਰਾਜ’ ਨਾ ਹੋਣ ਦਾ ਸਬੂਤ ਦੇ ਰਹੀ ਹੈ।’
ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸਿਬਨ ਸੀ ਨੂ ਮਿਲਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੀਤੇ ਦਿਨੀਂ ਪਟਿਆਲਾ ਦੇ ਪਿੰਡ ਸੇਹਰਾ ਚ ਪਾਰਟੀ ਉਮੀਦਵਾਰ ਪ੍ਰਨੀਤ ਕੌਰ ਦਾ ਕਾਫਲਾ ਰੋਕਣ ਸਮੇਂ ਇੱਕ ਕਿਸਾਨ ਸੁਰਿੰਦਰਪਾਲ ਸਿੰਘ ਪਿੰਡ ਆਕੜੀ , ਜੋ ਕਿ ਗਰਮੀ ਤੇ ਧੁੱਪ ਕਾਰਨ ਆਪਣੇ ਆਪ ਸੜਕ ਉੱਤੇ ਡਿੱਗਿਆ ਤੇ ਉਸ ਦੀ ਇਲਾਜ ਦੌਰਾਨ ਅਫਸੋਸਨਾਕ ਮੌਤ ਹੋਈ, ਪਰ ਸਿੱਤਮ ਦੀ ਗੱਲ ਇਹ ਹੈ ਕਿ ਉਕਤ ਘਟਨਾਚੱਕਰ ਸਬੰਧੀ ਵੀਡੀਓ ਸਾਹਮਣੇ ਆਉਣ ਦੇ ਬਾਵਜੂਦ ਮੌਕੇ ਉੱਤੇ ਮੌਜੂਦ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰਨਾਂ ਅਣਪਛਾਤਿਆਂ ਖਿਲਾਫ਼ ਧਾਰਾ 304 ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਮੌਕੇ ਜਾਖੜ ਦੇ ਨਾਲ ਪੰਜਾਬ ਭਾਜਪਾ ਦੇ ਸੂਬਾ ਜਨਰਲ ਸਕੱਤਰ ਪਰਮਿੰਦਰ ਬਰਾੜ ਤੇ ਜਗਮੋਹਨ ਰਾਜੂ, ਲੀਗਲ ਕੀਲ ਦੇ ਸੂਬਾ ਮੁਖੀ ਐਨ.ਕੇ. ਵਰਮਾ ਅਤੇ ਮੀਡੀਆ ਸੈੱਲ ਦੇ ਸੂਬਾ ਮੁਖੀ ਵਿਨਿਤ ਜੋਸ਼ੀ ਹਾਜ਼ਰ ਸਨ ।
ਪ੍ਰਧਾਨ ਜਾਖੜ ਨੇ ਕਿਹਾ ਕਿ ਇੱਕ ਪਾਸੇ ਸੂਬੇ ਦੇ ਵੱਖ-ਵੱਖ ਪਾਰਲੀਮਾਨੀ ਹਲਕਿਆਂ ਚ ਭਾਜਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਜਾ ਰਿਹਾ ਹੈ ਤੇ ਦੂਜੇ ਪਾਸੇ ਸੂਬੇ ਦੀ ਭਗਵੰਤ ਮਾਨ ਸਰਕਾਰ ਹੱਥ ਉੱਤੇ ਹੱਥ ਧਰੀ ਤਮਾਸ਼ਮੀਨ ਬਣੀ ਬੈਠੀ ਹੈ।
ਜਾਖੜ ਨੇ ਪੁੱਛਿਆ ਕਿ ਕੀ ਇਸ ਸਥਿਤੀ ਨੂੰ ਸੂਬੇ ਚ ਇੱਕ ਆਦਰਸ਼ ਲੋਕਤਾਂਤਰਿਕ ਪ੍ਰਣਾਲੀ ਤਹਿਤ ਚੱਲ ਰਿਹਾ ਸੁਤੰਤਰ ਤੇ ਪਾਰਦਰਸ਼ੀ ਚੋਣ ਅਮਲ ਕਿਹਾ ਜਾ ਸਕਦਾ ਹੈ ?
ਪ੍ਰਧਾਨ ਜਾਖੜ ਨੇ ਕਿਹਾ ਕਿ ਸੂਬੇ ਚ ਭਾਜਪਾ ਉਮੀਦਵਾਰਾਂ ਨੂੰ ਵੀ ਬਾਕੀ ਪਾਰਟੀਆਂ ਦੇ ਮੁਕਾਬਲੇ ਚੋਣ ਪ੍ਰਚਾਰ ਕਰਨ ਦੇ ਸੰਵਿਧਾਨਕ ਹੱਕ ਹਨ ਤੇ ਇਹਨਾਂ ਹੱਕਾਂ ਨੂੰ ਮੁੱਹਈਆ ਕਰਾਉਣਾ ਪੰਜਾਬ ਰਾਜ ਚੋਣ ਕਮਿਸ਼ਨ ਦੀ ਜ਼ਿੰਮੇਵਾਰੀ ਹੈ।
ਜਾਖੜ ਨੇ ਕਿਹਾ ਕਿ ਅੱਜ ਇਸ ਸਬੰਧੀ ਚੀਫ ਇਲੈਕਟ੍ਰੋਰਲ ਆਫਿਸਰ (ਸੀਈਓ) ਸ਼੍ਰੀ ਸਿਬਨ ਸੀ. ਨੂੰ ਇੱਕ ਮੰਗ ਪੱਤਰ ਦਿੱਤਾ, ਜਿਸ ਤਹਿਤ ਇਹ ਮੰਗ ਗਈ ਕਿ ਪੰਜਾਬ ਰਾਜ ਚੋਣ ਕਮਿਸ਼ਨ ਆਪਣੇ ਹੱਕਾਂ ਨੂੰ ਵਰਤ ਕੇ ਸੂਬੇ ਚ ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਚੋਣ ਅਮਲ ਚਲਾਉਣ ਲਈ ਬਣਦੀ ਜ਼ਿੰਮੇਵਾਰੀ ਨਿਭਾਵੇ।
ਜਾਖੜ ਨੇ ਸੂਬੇ ਚ ਬਦਅਮਨੀ ਵਾਲੀ ਸਥਿਤੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜ ਦੇ ਮੁੱਖ ਮੰਤਰੀ ਭਗਵੰਤ ਮਾਨ ਆਏ ਦਿਨ ਆਪਣੀ ਸਟੇਟ ਹੈੱਡ ਦੀ ਭੂਮਿਕਾ ਨੂੰ ਪਾਸੇ ਰੱਖ ਜਿੱਥੇ ਆਪ ਅਰਵਿੰਦ ਕੇਜਰੀਵਾਲ ਨਾਲ ਮਿਲਣ ਲਈ ਤਿਹਾੜ ਜੇਲ੍ਹ ਚ ਮੁਲਾਕਾਤਾਂ ਨੂੰ ਤਰਜੀਹ ਦੇ ਰਹੇ ਹਨ, ਉੱਥੇ ਸੂਬੇ ਦੇ ਲੋਕਾਂ ਨੂੰ ਲਾਵਾਰਸਾਂ ਵਾਂਗ ਛੱਡ ਵੱਖ-ਵੱਖ ਸੂਬਿਆਂ ਆਮ ਆਦਮੀ ਪਾਰਟੀ ਦੇ ਪ੍ਰਚਾਰ ਚ ਮਘਨ ਹਨ।
ਜਾਖੜ ਨੇ ਦੱਸਿਆ ਕਿ ਸੂਬੇ ਚ ਆਏ ਦਿਨ ਹੋ ਰਹੀ ਕਤਲੋਗਾਰਤ ਤੇ ਲੁੱਟ-ਖੋਹ ਦੇ ਮਾਹੌਲ ਦੌਰਾਨ ਚੋਣ ਅਮਲ ਜਿਵੇਂ ਰੱਬ ਆਸਰੇ ਚੱਲ ਰਿਹਾ ਹੈ ਤੇ ਬਦਅਮਨੀ ਵਾਲੀ ਸਥਿਤੀ ਦੌਰਾਨ ਚ ਚੋਣ ਪ੍ਰਕਿਰਿਆ ਦੌਰਾਨ ਕੋਈ ਮੰਦਭਾਗੀ ਘਟਨਾ ਵਾਪਰਨ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਮੁੱਖ ਚੋਣ ਕਮਿਸ਼ਨਰ ਸ਼੍ਰੀ ਸਿਬਨ ਸੀ ਨੂੰ ਅਪੀਲ ਕੀਤੀ ਕਿ ਉਹ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੂਬੇ ਚ ਸੁਤੰਤਰ ਤੇ ਪਾਰਦਰਸ਼ੀ ਢੰਗ ਨਾਲ ਚੋਣ ਪ੍ਰਕਿਰਿਆ ਨੂੰ ਸਿਰੇ ਚੜ੍ਹਾਉਣ ਲਈ ਕਦਮ ਚੁੱਕਣ ਤੇ ਭਾਜਪਾ ਆਗੂਆਂ ਉੱਤੇ ਧੱਕੇ ਨਾਲ ਦਰਜ ਕੀਤੇ ਜਾ ਰਹੇ ਪੁਲਿਸ ਕੇਸਾਂ ਦਾ ਵੀ ਸਖਤ ਨੋਟਿਸ ਲੈਣ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਭਾਰਤ ਦੇ ਮੁੱਖ ਚੋਣ ਕਮਿਸ਼ਨਰ ਨੂੰ ਕਾਰਵਾਈ ਲਈ ਚਿੱਠੀ ਪੱਤਰ ਲਿਖਣ।