ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਉਦਯੋਗਪਤੀਆਂ ਨਾਲ ਕੀਤਾ ਲੰਚ, ਵਪਾਰੀਆਂ ਦੇ ਮਸਲਿਆਂ ਤੇ ਕੀਤੀ ਚਰਚਾ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ‘ਚ ਉਦਯੋਗਪਤੀਆਂ ਨਾਲ ਕੀਤਾ ਲੰਚ, ਵਪਾਰੀਆਂ ਦੇ ਮਸਲਿਆਂ ਤੇ ਕੀਤੀ ਚਰਚਾ
ਮੁੱਖ ਮੰਤਰੀ ਨੇ ਵਪਾਰੀਆਂ ਦੀਆਂ ਸਮੱਸਿਆਵਾਂ ‘ਤੇ ਕੀਤੀ ਚਰਚਾ, ਕਈ ਸਮੱਸਿਆਵਾਂ ਦਾ ਮੌਕੇ ‘ਤੇ ਹੀ ਕੀਤਾ ਹੱਲ
ਮੁੱਖ ਮੰਤਰੀ ਨੇ ਚੋਣਾਂ ਵਿੱਚ ਕਾਰੋਬਾਰੀਆਂ ਤੋਂ ਮੰਗਿਆ ਸਹਿਯੋਗ, ਕਿਹਾ- ਤੁਸੀਂ ਮੋਹਿੰਦਰ ਭਗਤ ਨੂੰ ਵਿਧਾਇਕ ਬਣਾਓ, ਮੈਂ ਮੰਤਰੀ ਬਣਾਵਾਂਗਾ
ਜਲੰਧਰ/ਚੰਡੀਗੜ੍ਹ, 4 ਜੂਨ
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਜਲੰਧਰ ‘ਚ ਵਪਾਰੀਆਂ ਨਾਲ ਮੀਟਿੰਗ ਕੀਤੀ ਅਤੇ ਸੰਬੋਧਨ ਕੀਤਾ। ਮੁੱਖ ਮੰਤਰੀ ਨੇ ਮੀਟਿੰਗ ਵਿੱਚ ਆਏ ਵਪਾਰੀਆਂ ਨਾਲ ਬੈਠ ਕੇ ਦੁਪਹਿਰ ਦਾ ਖਾਣਾ ਖਾਧਾ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਪ੍ਰੋਗਰਾਮ ਦੌਰਾਨ ਮੁੱਖ ਮੰਤਰੀ ਨੇ ਵਪਾਰੀਆਂ ਨਾਲ ਉਨ੍ਹਾਂ ਦੇ ਮੁੱਦਿਆਂ ਅਤੇ ਸਮੱਸਿਆਵਾਂ ਬਾਰੇ ਵੀ ਚਰਚਾ ਕੀਤੀ। ਉਨ੍ਹਾਂ ਕਈ ਵਪਾਰੀਆਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕੀਤਾ ਅਤੇ ਕੁਝ ਨੂੰ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।
ਮੁੱਖ ਮੰਤਰੀ ਮਾਨ ਨੇ ਜਲੰਧਰ ਦੇ ਵਪਾਰੀਆਂ ਨੂੰ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਸਾਥ ਦੇਣ ਦੀ ਅਪੀਲ ਕਰਦਿਆਂ ਮੋਹਿੰਦਰ ਭਗਤ ਨੂੰ ਵਿਧਾਇਕ ਬਣਾਉਣ ਲਈ ਕਿਹਾ। ਮੈਂ ਉਨ੍ਹਾਂ ਨੂੰ ਮੰਤਰੀ ਬਣਾਵਾਂਗਾ। ਫਿਰ ਮੈਂ ਮੋਹਿੰਦਰ ਭਗਤ ਨਾਲ ਮਿਲ ਕੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਾਂਗਾ।
ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਚਾਣਕਿਆ ਨੇ ਲਿਖਿਆ ਹੈ ਕਿ ਜਿਸ ਦੇਸ਼ ‘ਚ ਰਾਜਾ ਵਪਾਰੀ ਹੋਵੇ, ਉੱਥੇ ਦੇ ਲੋਕ ਭਿਖਾਰੀ ਹੁੰਦੇ ਹਨ। ਪਰ ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ‘ਚ ਬੈਠੇ ਕੁਝ ਲੋਕਾਂ ਨੇ ਖ਼ੁਦ ਬੱਸ, ਹੋਟਲ ਅਤੇ ਹੋਰ ਕਈ ਤਰ੍ਹਾਂ ਦੇ ਕਾਰੋਬਾਰ ਚਲਾਉਣੇ ਸ਼ੁਰੂ ਕਰ ਦਿੱਤੇ, ਜਿਸ ਨਾਲ ਸੂਬੇ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਅਤੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਗਾਇਆ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਪੰਜਾਬ ਦੇ ਕਈ ਪ੍ਰਤਿਭਾਸ਼ਾਲੀ ਲੋਕ ਵਿਦੇਸ਼ਾਂ ਤੋਂ ਵਾਪਸ ਆ ਗਏ ਹਨ ਅਤੇ ਇੱਥੇ ਨਵੇਂ ਕਿਸਮ ਦੇ ਕਾਰੋਬਾਰ ਸ਼ੁਰੂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਕਾਰੋਬਾਰੀਆਂ ਤੋਂ ਹਿੱਸਾ ਮੰਗਿਆ ਜਾਂਦਾ ਸੀ, ਜਿਸ ਕਾਰਨ ਉਹ ਪੰਜਾਬ ਛੱਡ ਕੇ ਜਾਂ ਤਾਂ ਵਿਦੇਸ਼ ਜਾਂ ਦੂਜੇ ਸੂਬਿਆਂ ਵਿੱਚ ਚਲੇ ਜਾਂਦੇ ਸਨ।
ਮੁੱਖ ਮੰਤਰੀ ਨੇ ਮਾਨਸਾ ਦੇ ਤਿੰਨ ਨੌਜਵਾਨਾਂ ਦੀ ਉਦਾਹਰਣ ਦਿੱਤੀ ਜੋ ਬਠਿੰਡਾ ਨੇੜੇ ‘ਪੰਜੌਏ’ ਨਾਮ ਦਾ ਵਾਟਰ ਪਾਰਕ ਚਲਾ ਰਹੇ ਹਨ। ਉਨ੍ਹਾਂ ਸਵੈ-ਸਹਾਇਤਾ ਸਮੂਹਾਂ ਨੂੰ ਚਲਾਉਣ ਵਾਲੀ ਸੰਸਥਾ ‘ਪਹਿਲ’ ਦੀ ਉਦਾਹਰਣ ਵੀ ਦਿੱਤੀ।
ਮਾਨ ਨੇ ਕਿਹਾ ਕਿ ਕਿਸੇ ਵੀ ਸੂਬੇ ਦੀ ਤਰੱਕੀ ਵਿੱਚ ਉਦਯੋਗ ਅਤੇ ਵਪਾਰ ਦਾ ਸਭ ਤੋਂ ਵੱਡਾ ਯੋਗਦਾਨ ਹੁੰਦਾ ਹੈ। ਉਦਯੋਗਾਂ ਦੇ ਵਿਕਾਸ ਨਾਲ ਹੀ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਸੂਬੇ ਦਾ ਮਾਲੀਆ ਵੀ ਉਦਯੋਗ ਅਤੇ ਵਪਾਰ ਕਰਕੇ ਹੀ ਵਧ ਸਕਦਾ ਹੈ।
ਮੁੱਖ ਮੰਤਰੀ ਨੇ ਜਲੰਧਰ ਲਈ ਇੱਕ ਹੋਰ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਜਲੰਧਰ ਨੂੰ ਮਾਝਾ ਅਤੇ ਦੁਆਬਾ ਖੇਤਰ ਦੀ ਰਾਜਧਾਨੀ ਬਣਾਵਾਂਗੇ। ਹਰ ਹਫ਼ਤੇ ਮੈਂ ਖ਼ੁਦ ਅਧਿਕਾਰੀਆਂ ਨਾਲ ਦੋ ਦਿਨ ਇੱਥੇ ਆਵਾਂਗਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਦਾ ਮੌਕੇ ’ਤੇ ਹੀ ਹੱਲ ਕਰਾਂਗਾ। ਇੱਥੇ ਜੋ ਮਕਾਨ ਅਸੀਂ ਕਿਰਾਏ ‘ਤੇ ਲਿਆ ਹੈ, ਉਹ ਇੱਥੇ ਦੇ ਲੋਕਾਂ ਲਈ ਸੀ.ਐੱਮ.ਓ. ਹੋਵੇਗਾ।