ਪੰਜਾਬੀ ਸੱਭਿਆਚਾਰਕ ਕੌਂਸਲ ਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਤਨਮਨਜੀਤ ਢੇਸੀ ਤੇ ਪ੍ਰੀਤ ਗਿੱਲ ਨੂੰ ਯੂ.ਕੇ. ਦੀ ਸੰਸਦੀ ਚੋਣ ਜਿੱਤਣ ’ਤੇ ਦਿੱਤੀ ਵਧਾਈ
ਚੰਡੀਗੜ੍ਹ, 5 ਜੁਲਾਈ, 2024 ( ) ਪੰਜਾਬੀ ਸਭਿਆਚਾਰਕ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਤਨਮਨਜੀਤ ਸਿੰਘ ਢੇਸੀ ਅਤੇ ਪ੍ਰੀਤ ਕੌਰ ਗਿੱਲ ਵੱਲੋਂ ਯੂ.ਕੇ ਦੀਆਂ ਆਮ ਚੋਣਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੀਜੀ ਵਾਰ ਮੁੜ ਜੇਤੂ ਹੋਣ ’ਤੇ ਨਿੱਘੀ ਵਧਾਈ ਦਿੱਤੀ ਹੈ। ਸ਼ੁੱਕਰਵਾਰ ਨੂੰ ਆਏ ਨਤੀਜਿਆਂ ਵਿੱਚ ਲੇਬਰ ਪਾਰਟੀ ਵੱਲੋਂ ਦਰਜ ਕੀਤੀ ਹੂੰਝਾਫੇਰੂ ਜਿੱਤ ਨਾਲ ਯੂਕੇ ਦੇ ਹਾਊਸ ਆਫ ਕਾਮਨਜ਼ ਵਿੱਚ ਮਹੱਤਵਪੂਰਨ ਨਮੁਾਇੰਦਗੀ ਹਾਸਲ ਕੀਤੀ ਹੈ।
ਪੰਜਾਬੀ ਕਲਚਰਲ ਕੌਂਸਲ ਦੇ ਚੇਅਰਮੈਨ ਅਤੇ ਸਟੇਟ ਐਵਾਰਡ ਜੇਤੂ ਹਰਜੀਤ ਸਿੰਘ ਗਰੇਵਾਲ ਨੇ ਆਪਣੇ ਵਧਾਈ ਸੰਦੇਸ਼ ਇਨ੍ਹਾਂ ਚੋਣਾਂ ਵਿੱਚ ਸਿੱਖ ਕੌਮ ਦੇ ਨੇਤਾਵਾਂ ਦੀ ਵਕਾਰੀ ਜਿੱਤ ਨਾਲ ਰਚੇ ਇਤਿਹਾਸ ’ਤੇ ਮਾਣ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਪਾਰਲੀਮੈਂਟ ਲਈ ਪਹਿਲੀ ਵਾਰ ਦਸ ਸਿੱਖ ਮੈਂਬਰ ਚੁਣੇ ਜਾਣਾ ਇੱਕ ਮਿਸਾਲੀ ਗੱਲ ਹੈ ਤੇ ਲੇਬਰ ਪਾਰਟੀ ਦੀ ਨੁਮਾਇੰਦਗੀ ਕਰਦੇ ਇਨ੍ਹਾਂ ਦਸ ਸੰਸਦ ਮੈਂਬਰਾਂ ਚੋਂ ਪੰਜ ਔਰਤਾਂ ਹਨ। ਜ਼ਿਕਰਯੋਗ ਹੈ ਕਿ ਸਲੋਹ ਸੰਸਦੀ ਹਲਕੇ ਤੋਂ ਤਨਮਨਜੀਤ ਸਿੰਘ ਢੇਸੀ ਅਤੇ ਬਰਮਿੰਘਮ ਐਜਬੈਸਟਨ ਹਲਕੇ ਤੋਂ ਪ੍ਰੀਤ ਕੌਰ ਗਿੱਲ ਲਗਾਤਾਰ ਦੁੱਜੀ ਵਾਰ ਚੁਣੇ ਗਏ ਹਨ, ਜੋ ਪਹਿਲਾਂ ਵੀ ਯੂ.ਕੇ. ਦੀ ਪਾਰਲੀਮੈਂਟ ਵਿੱਚ ਸਿੱਖਾਂ ਅਤੇ ਹੋਰ ਸਮਾਜਿਕ ਮਸਲੇ ਉਠਾਉਣ ਲਈ ਖੁੱਲ ਕੇ ਨਿੱਤਰਦੇ ਰਹੇ ਹਨ। ਗਰੇਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ, ਅੱਠ ਨਵੇਂ ਚੁਣੇ ਗਏ ਸਿੱਖ ਸੰਸਦ ਮੈਂਬਰ ਪਹਿਲੀ ਵਾਰ ਹਾਊਸ ਆਫ ਕਾਮਨਜ਼ ਵਿੱਚ ਦਾਖਲ ਹੋ ਰਹੇ ਹਨ, ਜੋ ਪੰਜਾਬੀ ਭਾਈਚਾਰੇ ਲਈ ਇੱਕ ਵੱਡਾ ਮੀਲ ਪੱਥਰ ਹੈ।
ਇਸ ਦੌਰਾਨ ਵਿਸ਼ਵ ਗੱਤਕਾ ਫੈਡਰੇਸ਼ਨ ਦੇ ਜਨਰਲ ਸਕੱਤਰ ਬਲਜੀਤ ਸਿੰਘ ਨੇ ਬਰਤਾਨੀਆ ਦੇ ਵੋਟਰਾਂ ਅਤੇ ਸਮਰਥਕਾਂ ਦਾ ਬਰਤਾਨੀਆ ਵਿੱਚ ਤਬਦੀਲੀ, ਏਕਤਾ ਅਤੇ ਤਰੱਕੀ ਦੇ ਮੁਹਤਬਾਰ ਇਨ੍ਹਾਂ ਸਿੱਖ ਆਗੂਆਂ ’ਤੇ ਭਰੋਸਾ ਰੱਖਣ ਲਈ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਵਧਾਈ ਸੰਦੇਸ਼ ਵਿੱਚ ਪੰਜਾਬੀ ਸਭਿਆਚਾਰਕ ਕੌਂਸਲ ਅਤੇ ਵਿਸ਼ਵ ਗੱਤਕਾ ਫੈਡਰੇਸ਼ਨ ਨੇ ਸਾਰੇ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਲੋਕ ਸੇਵਾ ਅਤੇ ਸਖ਼ਤ ਮਿਹਨਤ ਦੀ ਪ੍ਰਸ਼ੰਸਾ ਕਰਦਿਆਂ ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰ ਸਮਾਜਿਕ ਮੁੱਦਿਆਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨ ਲਈ ਉਨ੍ਹਾਂ ਸੰਸਦ ਮੈਂਬਰਾਂ ਵੱਲੋਂ ਨਿਰੰਤਰ ਯਤਨ ਜਾਰੀ ਰੱਖਣ ਦੀ ਆਸ ਪ੍ਰਗਟਾਈ ਹੈ।
ਉਨ੍ਹਾਂ ਨੇ ਨਵੇਂ ਚੁਣੇ ਸੰਸਦ ਮੈਂਬਰਾਂ ਲਈ ਯੂ.ਕੇ ਦੇ ਆਮ ਲੋਕਾਂ ਅਤੇ ਪੰਜਾਬੀ ਭਾਈਚਾਰੇ ਦੇ ਸਰੋਕਾਰਾਂ ਹਿੱਤ ਨਿਰੰਤਰ ਸੇਵਾ ਅਤੇ ਸਫਲਤਾ ਦੀ ਕਾਮਨਾ ਕੀਤੀ।