ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ‘ਚ ਕੀਤੀ ਜਨਤਕ ਮੀਟਿੰਗ, ਭਾਜਪਾ-ਕਾਂਗਰਸ ‘ਤੇ ਕੀਤੇ ਤਿੱਖੇ ਹਮਲੇ
ਮੁੱਖ ਮੰਤਰੀ ਭਗਵੰਤ ਮਾਨ ਨੇ ਜਲੰਧਰ ਪੱਛਮੀ ਵਿਧਾਨ ਸਭਾ ‘ਚ ਕੀਤੀ ਜਨਤਕ ਮੀਟਿੰਗ, ਭਾਜਪਾ-ਕਾਂਗਰਸ ‘ਤੇ ਕੀਤੇ ਤਿੱਖੇ ਹਮਲੇ
ਕਿਹਾ- ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ, ਵਿਧਾਨ ਸਭਾ ਦੇ ਕੰਮ ਕੀ ਕਰਵਾਏਗੀ
ਗਲੀਆਂ, ਨਾਲੀਆਂ ਤੇ ਸੀਵਰੇਜ ਦਾ ਕੰਮ ਨਗਰ ਨਿਗਮ ਅਧੀਨ ਆਉਂਦਾ ਹੈ, ਉਥੇ ਕਾਂਗਰਸੀ ਮੇਅਰ ਹੈ, ਉਸ ਨੇ ਇਸ ਲਈ ਕੁਝ ਨਹੀਂ ਕੀਤਾ-ਮਾਨ
ਜਿਸਦਾ ਪਿਓ ਸੋਨੇ ਦੇ ਬਿਸਕੁਟ ਦੀ ਤਸਕਰੀ ਕਰਦਾ ਹੈ ਉਹ ਮੇਰੇ ‘ਤੇ ਇਲਜ਼ਾਮ ਲਾ ਰਿਹਾ ਹੈ – ਮਾਨ
ਲੋਕਾਂ ਨਾਲ ਕੀਤਾ ਵਾਅਦਾ- ਤੁਹਾਡੀਆਂ ਜੋ ਵੀ ਅਰਜੀਆਂ ਮੋਹਿੰਦਰ ਭਗਤ ਮੇਰੇ ਕੋਲ ਲੈ ਕੇ ਆਉਣਗੇ, ਉਹ ਸਾਰੀਆਂ ਅਰਜੀਆਂ ਨੂੰ ਪਾਸ ਕਰਾਂਗਾ- ਭਗਵੰਤ ਮਾਨ
ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਦਿਓ- ਮੋਹਿੰਦਰ ਭਗਤ
ਜਲੰਧਰ/ਚੰਡੀਗੜ੍ਹ, 5 ਜੁਲਾਈ
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁੱਕਰਵਾਰ ਨੂੰ ਜਲੰਧਰ ਪੱਛਮੀ ਵਿਧਾਨ ਸਭਾ ਉਪ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਮੋਹਿੰਦਰ ਭਗਤ ਲਈ ਚੋਣ ਪ੍ਰਚਾਰ ਕੀਤਾ। ਮਾਨ ਨੇ ਇੱਥੇ ਕਈ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ ਅਤੇ ਭਾਜਪਾ ਅਤੇ ਕਾਂਗਰਸ ਪਾਰਟੀ ‘ਤੇ ਤਿੱਖੇ ਹਮਲੇ ਕੀਤੇ।
ਮੁੱਖ ਮੰਤਰੀ ਭਗਵੰਤ ਮਾਨ ਨੇ ਮੋਹਿੰਦਰ ਭਗਤ ਨਾਲ ਮਿਲ ਕੇ ਜਲੰਧਰ ਪੱਛਮੀ ਵਿਧਾਨ ਸਭਾ ਅਧੀਨ ਪੈਂਦੇ ਵਾਰਡ ਨੰਬਰ 74, 34 ਅਤੇ ਵਾਰਡ ਨੰਬਰ 38 ਵਿੱਚ ਜਨਤਕ ਮੀਟਿੰਗਾਂ ਕੀਤੀਆਂ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।
ਲੋਕਾਂ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਇਨ੍ਹਾਂ ਚੋਣਾਂ ਦੇ ਨਤੀਜੇ ਵਜੋਂ ਸਰਕਾਰ ਵਿੱਚ ਕੋਈ ਤਬਦੀਲੀ ਨਹੀਂ ਹੋ ਸਕਦੀ। ਨਾ ਤਾਂ ਸਾਡੀ ਸਰਕਾਰ ਡਿੱਗੇਗੀ ਅਤੇ ਨਾ ਹੀ ਕਿਸੇ ਹੋਰ ਦੀ ਸਰਕਾਰ ਬਣੇਗੀ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਜਿੱਤ ਨਾਲ ਆਪ ਦੀ ਸਰਕਾਰ ਵਿਚ ਹਿੱਸੇਦਾਰੀ ਹੋਵੇਗੀ, ਜਿਸ ਨਾਲ ਇਸ ਇਲਾਕੇ ਦਾ ਵਿਕਾਸ ਹੋਰ ਤੇਜ ਰਫਤਾਰ ਨਾਲ ਹੋਵੇਗਾ।
ਮਾਨ ਨੇ ਕਿਹਾ ਕਿ ਉਹ ਪਿਛਲੇ ਕਾਫੀ ਸਮੇਂ ਤੋਂ ਦੁਆਬੇ ਵਿਚ ਦਫਤਰ ਖੋਲ੍ਹਣ ਦੀ ਯੋਜਨਾ ਬਣਾ ਰਹੇ ਸਨ, ਤਾਂ ਜੋ ਉਹ ਦੁਆਬੇ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ। ਇਸ ਜ਼ਿਮਨੀ ਚੋਣ ਵਿੱਚ ਇੱਕ ਚੰਗੀ ਗੱਲ ਇਹ ਰਹੀ ਕਿ ਆਖਰਕਾਰ ਉਹ ਉਸ ਯੋਜਨਾ ਨੂੰ ਲਾਗੂ ਕਰਨ ਵਿੱਚ ਸਫਲ ਹੋ ਗਏ ਅਤੇ ਇੱਥੇ ਆਪਣਾ ਦਫ਼ਤਰ ਸਥਾਪਿਤ ਕਰ ਲਿਆ। ਹੁਣ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਹੀਂ ਜਾਣਾ ਪਵੇਗਾ। ਹੁਣ ਸਰਕਾਰ ਖੁਦ ਤੁਹਾਡੇ ਬੂਹੇ ‘ਤੇ ਹੈ। ਮਾਨ ਨੇ ਕਿਹਾ ਕਿ ਉਹ ਚੋਣਾਂ ਤੋਂ ਬਾਅਦ ਵੀ ਇਸ ਰਿਹਾਇਸ਼ ਨੂੰ ਬਰਕਰਾਰ ਰੱਖਣਗੇ ਤਾਂ ਜੋ ਉਹ ਹਫ਼ਤੇ ਵਿੱਚ ਘੱਟੋ-ਘੱਟ ਦੋ ਦਿਨ ਦੋਆਬਾ ਅਤੇ ਮਾਝਾ ਖੇਤਰ ਦੇ ਲੋਕਾਂ ਨੂੰ ਮਿਲ ਸਕਣ।
ਉਨ੍ਹਾਂ ਕਾਂਗਰਸੀ ਉਮੀਦਵਾਰ ਸੁਰਿੰਦਰ ਕੌਰ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜੇਕਰ ਉਹ ਜਲੰਧਰ ਦੀ ਡਿਪਟੀ ਮੇਅਰ ਹੁੰਦਿਆਂ ਆਪਣੇ ਵਾਰਡ ਦੇ ਕੰਮ ਨਹੀਂ ਕਰਵਾ ਸਕੀ ਤਾਂ ਉਹ ਇੰਨੇ ਵੱਡੇ ਵਿਧਾਨ ਸਭਾ ਹਲਕੇ ਦੇ ਕੰਮ ਕਿਵੇਂ ਕਰਵਾਉਣਗੇ। ਮਾਨ ਨੇ ਕਿਹਾ ਕਿ ਗਲੀਆਂ, ਨਾਲੀਆਂ ਅਤੇ ਸੀਵਰੇਜ ਸਿਸਟਮ ਆਦਿ ਦਾ ਕੰਮ ਨਗਰ ਨਿਗਮ ਅਧੀਨ ਆਉਂਦਾ ਹੈ। ਜਲੰਧਰ ਨਗਰ ਨਿਗਮ ਵਿੱਚ ਇਸ ਵੇਲੇ ਕਾਂਗਰਸ ਦਾ ਮੇਅਰ ਹੈ, ਉਸ ਨੇ ਇਸ ਲਈ ਕੁਝ ਨਹੀਂ ਕੀਤਾ।
ਮਾਨ ਨੇ ਅਕਾਲੀ ਦਲ ਦੇ ਮੁਖੀ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਦੀ ਹਾਲਤ ਇੰਨੀ ਮਾੜੀ ਹੋ ਗਈ ਹੈ ਕਿ ਸੁਖਬੀਰ ਬਾਦਲ ਆਪਣੇ ਉਮੀਦਵਾਰ ਤੋਂ ਸਮਰਥਨ ਵਾਪਸ ਲੈ ਕੇ ਲੋਕਾਂ ਨੂੰ ਬਹੁਜਨ ਸਮਾਜ ਪਾਰਟੀ ਨੂੰ ਵੋਟ ਪਾਉਣ ਲਈ ਕਹਿ ਰਹੇ ਹਨ।
ਮਾਨ ਨੇ ਕਿਹਾ ਕਿ ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ ਹਾਂ। ਜੇਕਰ ਮੈਂ ਪੈਸਾ ਕਮਾਉਣਾ ਹੁੰਦਾ ਤਾਂ ਇੱਕ ਕਲਾਕਾਰ ਦੇ ਤੌਰ ‘ਤੇ ਮੈਂ ਹੁਣ ਤੱਕ ਬਹੁਤ ਕਮਾ ਲਿਆ ਹੁੰਦਾ। 20 ਸਾਲ ਪਹਿਲਾਂ ਮੈਨੂੰ ਇੱਕ ਸ਼ੋਅ ਲਈ 25 ਲੱਖ ਰੁਪਏ ਮਿਲਦੇ ਸਨ। ਵਿਦੇਸ਼ਾਂ ‘ਚ ਇਕ ਸ਼ੋਅ ‘ਤੇ 75 ਤੋਂ 80 ਲੱਖ ਰੁਪਏ ਮਿਲਦੇ ਸਨ। ਮੈਂ ਪੰਜਾਬ ਦੇ ਲੋਕਾਂ ਦੀ ਸੇਵਾ ਅਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਲਈ ਰਾਜਨੀਤੀ ਵਿੱਚ ਆਇਆ ਹਾਂ।
ਉਨ੍ਹਾਂ ਕਿਹਾ ਕਿ ਮੈਂ ਪੈਸਾ ਕਮਾਉਣਾ ਨਹੀਂ ਚਾਹੁੰਦਾ, ਪਰ ਜਿਸ ਨੇ ਵੀ ਪੰਜਾਬ ਨੂੰ ਲੁੱਟਿਆ ਹੈ, ਉਸ ਤੋਂ ਵਿਆਜ ਸਮੇਤ ਵਾਪਸ ਲਵਾਂਗਾ ਅਤੇ ਆਮ ਲੋਕਾਂ ਦੇ ਵਿਕਾਸ ਲਈ ਕੰਮ ਕਰਾਂਗਾ।
ਉਨ੍ਹਾਂ ਕਿਹਾ ਕਿ ਤਿੰਨੋਂ ਪਾਰਟੀਆਂ ਅਕਾਲੀ ਦਲ, ਭਾਜਪਾ ਅਤੇ ਕਾਂਗਰਸ ਮੈਨੂੰ ਹਰਾਉਣ ਲਈ ਇਕੱਠੇ ਹੋ ਗਏ ਹਨ ਕਿਉਂਕਿ ਤਿੰਨਾਂ ਨੇ ਮਿਲ ਕੇ ਪੰਜਾਬ ਨੂੰ ਲੁੱਟਿਆ ਹੈ। ਉਨ੍ਹਾਂ ਕਿਹਾ ਕਿ ਤਿੰਨਾਂ ਪਾਰਟੀਆਂ ਨੂੰ ਇਸ ਗੱਲ ਤੋਂ ਬਹੁਤ ਪ੍ਰੇਸ਼ਾਨੀ ਹੈ ਕਿ ਆਮ ਘਰਾਂ ਦੇ ਨੌਜਵਾਨ ਕਿਵੇਂ ਵਿਧਾਇਕ ਮੰਤਰੀ ਅਤੇ ਮੁੱਖ ਮੰਤਰੀ ਬਣ ਗਏ।
ਮਾਨ ਨੇ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ ਇੱਥੋਂ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨਹ ਆਮ ਆਦਮੀ ਪਾਰਟੀ ਵਿੱਚ ਰਹਿੰਦਿਆਂ ਦੋ ਨੰਬਰ ਦੇ ਕੱਮ ਨਹੀਂ ਖਰ ਪਾ ਰਹੇ ਸੀ, ਇਸ ਲਈ ਉਹ ਭਾਜਪਾ ਵਿੱਚ ਸ਼ਾਮਲ ਹੋਏ ਹਨ। ਅੱਜ ਕੱਲ੍ਹ ਭਾਜਪਾ ਭ੍ਰਿਸ਼ਟ ਨੇਤਾਵਾਂ ਦੀ ਪਹਿਲੀ ਪਸੰਦ ਹੈ। ਉਨ੍ਹਾਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਜਿਸ ਵਿਅਕਤੀ ਦਾ ਪਿਤਾ ਸੋਨੇ ਦੇ ਬਿਸਕੁਟਾਂ ਦੀ ਤਸਕਰੀ ਕਰਦਾ ਹੈ, ਉਹ ਮੇਰੇ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾ ਰਿਹਾ ਹੈ।
ਪੰਜਾਬ ਨੂੰ ਮੁੜ ਰੰਗਲਾ ਬਣਾਉਣ ਲਈ ਆਮ ਆਦਮੀ ਪਾਰਟੀ ਨੂੰ ਵੋਟ ਪਾਓ – ਮੋਹਿੰਦਰ ਭਗਤ
‘ਆਪ’ ਉਮੀਦਵਾਰ ਮੋਹਿੰਦਰ ਭਗਤ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਅਤੇ ਗਰੀਬਾਂ ਦੀ ਸਰਕਾਰ ਹੈ। ਸਰਕਾਰ ਅਮੀਰਾਂ ਤੋਂ ਟੈਕਸ ਵਸੂਲ ਰਹੀ ਹੈ ਅਤੇ ਉਸ ਪੈਸੇ ਦੀ ਵਰਤੋਂ ਆਮ ਲੋਕਾਂ ਨੂੰ ਸਹੂਲਤਾਂ ਦੇਣ ਲਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੈ ਕਿ ਕੋਈ ਮੁੱਖ ਮੰਤਰੀ ਆਪਣੇ ਪਰਿਵਾਰ ਸਮੇਤ ਜਲੰਧਰ ਵਿੱਚ ਰਹਿਣ ਆਇਆ ਹੋਵੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੇ ਵਿਕਾਸ ਲਈ ਬਹੁਤ ਸੰਵੇਦਨਸ਼ੀਲ ਹਨ, ਇਸ ਲਈ ਇਸ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਬਹੁਤ ਜ਼ਰੂਰੀ ਹੈ।