ਨੈਸ਼ਨਲ

ਕਿਸਾਨਾਂ ਲਈ ਮਰ ਜਾਵਾਂਗੇ, ਪਰ ਕਿਸੇ ਦਬਾਅ ਅੱਗੇ ਨਹੀਂ ਝੁੱਕਾਂਗੇ : ਅਰਵਿੰਦ ਕੇਜਰੀਵਾਲ


….ਕਿਸਾਨਾਂ ਦੇ ਹੱਕ ‘ਚ ਕੇਜਰੀਵਾਲ ਸਣੇ ਦੇਸ਼ ਭਰ ‘ਚ ਭੁੱਖ ਹੜਤਾਲ ‘ਤੇ ਬੈਠੇ ‘ਆਪ’ ਆਗੂ ਤੇ ਵਲੰਟੀਅਰ
…ਭਗਵੰਤ ਮਾਨ, ਮਨੀਸ਼ ਸੰਸੋਦੀਆ, ਜਰਨੈਲ ਸਿੰਘ ਦਿੱਲੀ ‘ਚ, ਹਰਪਾਲ ਸਿੰਘ ਚੀਮਾ ਚੰਡੀਗੜ੍ਹ ਵਿਧਾਇਕਾਂ ਅਤੇ ਆਗੂਆਂ ਨਾਲ ਭੁੱਖ ਹੜਤਾਲ ‘ਤੇ ਬੈਠੇ
…ਕਿਸਾਨਾਂ ਦੇ ਸੱਦੇ ‘ਤੇ ਜ਼ਿਲ੍ਹਾ ਪੱਧਰੀ ਧਰਨਿਆਂ ‘ਚ ‘ਆਪ’ ਵਿਧਾਇਕਾਂ, ਵਲੰਟੀਅਰਾਂ ਅਤੇ ਆਗੂਆਂ ਨੇ ਕੀਤੀ ਸ਼ਿਰਕਤ


ਚੰਡੀਗੜ੍ਹ, 14 ਦਸੰਬਰ 2020
ਖੇਤੀ ਬਾਰੇ ਕੇਂਦਰੀ ਕਾਲੇ ਕਾਨੂੰਨਾਂ ਵਿਰੋਧ ਵਿੱਚ ਕਿਸਾਨਾਂ ਵੱਲੋਂ ਕੀਤੇ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਵਿਚ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਸਮੇਤ ਪਾਰਟੀ ਦੇ ਸਾਰੇ ਵਿਧਾਇਕ, ਵਲੰਟੀਅਰ ਅਤੇ ਸੀਨੀਅਰ ਆਗੂ ਸੋਮਵਾਰ ਨੂੰ ਭੁੱਖ ਹੜਤਾਲ ‘ਤੇ ਬੈਠੇ। ਇਸ ਦੇ ਨਾਲ ਹੀ ਪਾਰਟੀ ਦੇ ਵਿਧਾਇਕਾਂ ਅਤੇ ਸਥਾਨਕ ਆਗੂਆਂ ਨੇ ਕਿਸਾਨਾਂ ਦੇ ਜ਼ਿਲ੍ਹਾ ਪੱਧਰੀ ਰੋਸ ਧਰਨਿਆਂ ਵਿਚ ਵੱਧ ਚੜ੍ਹਕੇ ਹਿੱਸਾ ਲਿਆ।
ਇਸ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਕਿਸਾਨਾਂ ਨਾਲ ਹੈ। ਦੇਸ਼ ਦੇ ਅੰਨਦਾਤਾ ਖਾਤਰ ਮਰ ਜਾਵਾਂਗੇ, ਪਰ ਕਿਸੇ ਦੇ ਦਬਾਅ ਅੱਗੇ ਨਹੀਂ ਝੁਕਾਂਗੇ। ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਦੀ ਸਿੱਧੀ, ਸਰਲ ਤੇ ਸਪੱਸ਼ਟ ਮੰਗ ਨੂੰ ਤੁਰੰਤ ਸਵੀਕਾਰ ਕਰਦੇ ਹੋਏ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਸਾਰੀਆਂ ਫਸਲਾਂ ਦੀ ਐਮਐਸਪੀ ਉੱਤੇ ਖਰੀਦ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਵੇ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਅਨੁਸਾਰ ਕਿਸਾਨਾਂ ਦੇ ਹੱਕ ‘ਚ ਕੇਂਦਰ ਸਰਕਾਰ ਨੂੰ ਸਖਤ ਸੁਨੇਹਾ ਦੇਣ ਲਈ ਜਿੱਥੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਭਗਵੰਤ ਮਾਨ, ਉਪ ਮੁੱਖ ਮੰਤਰੀ ਮੁਨੀਸ਼ ਸਿੰਸੋਦੀਆ, ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ, ਸਾਰੇ ਵਿਧਾਇਕਾਂ ਅਤੇ ਰਾਜ ਸਭਾ ਮੈਂਬਰਾਂ ਨਾਲ ਦਿੱਲੀ ‘ਚ ਭੁੱਖ ਹੜਤਾਲ ‘ਤੇ ਬੈਠੇ, ਉਥੇ ਉਨ੍ਹਾਂ (ਚੀਮਾ) ਨੇ ਚੰਡੀਗੜ੍ਹ ‘ਚ ਵਿਧਾਇਕਾਂ ਅਤੇ ਆਗੂਆਂ ਨਾਲ ਭੁੱਖ ਹੜਤਾਲ ਕਰਕੇ ਕੇਂਦਰ ਸਰਕਾਰ ਵਿਰੁੱਧ ਰੋਸ ਜਤਾਇਆ। ਇਸ ਤੋਂ ਇਲਾਵਾ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਨੇ ਲੁਧਿਆਣਾ, ਪ੍ਰੋ. ਬਲਜਿੰਦਰ ਕੌਰ ਨੇ ਬਠਿੰਡਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਫਰੀਦਕੋਟ, ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਮਾਨਸਾ ਅਤੇ ਵਿਧਾਇਕ ਜੈ ਸਿੰਘ ਰੋੜੀ ਨੇ ਹੁਸ਼ਿਆਰਪੁਰ ‘ਚ ਕਿਸਾਨਾਂ ਦੇ ਜ਼ਿਲ੍ਹਾ ਪੱਧਰੀ ਧਰਨਿਆਂ ‘ਚ ਸਥਾਨਕ ਆਗੂਆਂ ਅਤੇ ਵਲੰਟੀਅਰਾਂ ਨਾਲ ਹਿੱਸਾ ਲਿਆ।

ਇਸ ਦੌਰਾਨ ਚੰਡੀਗੜ੍ਹ ‘ਚ ਭੁੱਖ ਹੜਾਤਲ ‘ਤੇ ਬੈਠੇ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੋਦੀ ਸਰਕਾਰ ਦਿੱਲੀ ਦੇ ਸਾਰੇ ਸਟੇਡੀਅਮਾਂ ਨੂੰ ਜੇਲ੍ਹ ਬਣਾਕੇ ਕਿਸਾਨ ਅੰਦੋਲਨ ਨੂੰ ਬਿਨਾਂ ਕਿਸੇ ਨਤੀਜੇ ਪਹੁੰਚੇ ਖਤਮ ਕਰਨਾ ਚਾਹੁੰਦੀ ਸੀ, ਪ੍ਰੰਤੂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੋਦੀ ਸਰਕਾਰ ਦੀ ਇਸ ਯੋਜਨਾ ਉਤੇ ਪਾਣੀ ਫੇਰ ਦਿੱਤਾ ਅਤੇ ਸਟੇਡੀਅਮਾਂ ਨੂੰ ਜੇਲ੍ਹ ਬਣਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਅਤੇ ਕਿਸਾਨਾਂ ਦੇ ਅੰਦੋਲਨ ਦਾ ਸਾਥ ਦਿੱਤਾ। ਜਿਸ ਤੋਂ ਬਾਅਦ ਹੁਣ ਕੇਂਦਰ ਮੋਦੀ ਸਰਕਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨਾਲ ਨਰਾਜ਼ ਚੱਲ ਰਹੀ ਹੈ।
ਆਗੂ ਨੇ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਪਾਰਟੀਆਂ ਹੀ ਭਾਜਪਾ ਦੀ ‘ਬੀ’ ਟੀਮ ਬਣਕੇ ਅਡਾਨੀਆਂ-ਅੰਬਾਨੀਆਂ ਦੇ ਕਾਰਪੋਰੇਟ ਘਰਾਣਿਆਂ ਲਈ ਇਸ ਅੰਦੋਲਨ ਨੂੰ ਕਮਜ਼ੋਰ ਕਰਨ ਲੱਗੀਆਂ ਹੋਈਆਂ ਹਨ। ਆਗੂ ਨੇ ਕਿਹਾ ਕਿ ਕਾਂਗਰਸ ਵੱਲੋਂ ਅੱਜ ਸੰਭੂ ਬਾਰਡਰ ਉਤੇ ਵੱਖਰੀ ਰੈਲੀ ਕਰਕੇ ਇਸ ਦਾ ਇਕ ਸਬੂਤ ਦਿੱਤਾ ਹੈ, ਤਾਂ ਕਿ ਜ਼ਿਲ੍ਹਾ ਪੱਧਰ ਉਤੇ ਦਿੱਤੇ ਜਾਣ ਵਾਲੇ ਧਰਨਿਆਂ ਵਿਚ ਗਿਣਤੀ ਘੱਟ ਹੋਵੇ। ਉਨ੍ਹਾਂ ਕਿਹਾ ਕਿ ਕਾਂਗਰਸ ਵੱਲੋਂ ਕੀਤੀ ਜਾ ਰਹੀ ਸੰਭੂ ਬਾਰਡਰ ਦੀ ਰੈਲੀ ਇਕ ਡਰਾਮਾ ਹੈ, ਕਿਸਾਨ ਸੰਭੂ ਬਾਰਡਰ ਉਤੇ ਪਿਛਲੇ 2 ਮਹੀਨਿਆਂ ਤੋਂ ਬੈਠੇ ਰਹੇ ਜਿਸ ਦਾ ਕੇਂਦਰ ਦੀ ਮੋਦੀ ਸਰਕਾਰ ਉਤੇ ਕੋਈ ਅਸਰ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਹੱਕ ਵਿਚ ਸਿਰਫ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਹੀ ਐਕਸ਼ਨ ਮੁਤਾਬਕ ਹੀ ਪ੍ਰੋਗਰਾਮ ਵਿਚ ਸ਼ਾਮਲ ਹੁੰਦੀ ਹੈ।
ਆਗੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਬਿਨਾਂ ਕਿਸੇ ਝੰਡੇ, ਬੈਨਰ ਜਾਂ ਹੋਰ ਚਿੰਨਾਂ, ਨਾਅਰੇਬਾਜ਼ੀ ਦੇ ਕਿਸਾਨਾਂ ਦੀ ਸੇਵਾ ਵਿਚ ਇਕ ‘ਸੇਵਾਦਾਰ’ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਅੰਦੋਲਨ ‘ਚ ਮੋਢੇ ਨਾਲ ਮੋਢਾ ਜੋੜਕੇ ਖੜ੍ਹੇ ਹੋਏ ਹਨ। ਆਗੂ ਨੇ ਕਿਹਾ ਕਿ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਸਿੰਘੂ ਬਾਰਡਰ ਉਤੇ ਅੰਦੋਲਨਕਾਰੀਆਂ ਨੂੰ ਮਿਲਣ ਅਤੇ ਉਥੇ ਦਿੱਲੀ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ। ਪ੍ਰੰਤੂ ਅਗਲੇ ਹੀ ਦਿਨ ਮੋਦੀ ਦੀ ਦਿੱਲੀ ਪੁਲਿਸ ਅਤੇ ਭਾਜਪਾ ਦੇ ਲੋਕਾਂ ਨੇ ਮਿਲਕੇ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਘਰ ਹੀ ਨਜ਼ਰਬੰਦ ਕਰ ਦਿੱਤਾ।
ਆਗੂ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਦੇ ਕਿਸਾਨ ਇਕ ਪਾਸੇ ਕਿਸਾਨ ਅਡਾਨੀ ਅਤੇ ਵੱਡੇ ਕਾਰਪੋਰੇਟ ਘਰਾਣਿਆਂ ਖਿਲਾਫ ਆਪਣੀ ਲੜਾਈ ਲੜ ਰਹੇ ਹਨ ਅਤੇ ਦੂਜੇ ਪਾਸੇ ਕਿਸਾਨਾਂ ਦੀ ਪਿੱਠ ਪਿੱਛੇ ਕੈਪਟਨ ਨੇ ਅਡਾਨੀ ਨਾਲ ਬਿਜਲੀ ਦੀ ਸਪਲਾਈ ਦਾ ਸਮਝੌਤਾ ਕੀਤਾ। ਕੈਪਟਨ ਅਤੇ ਅਡਾਨੀ ਦਾ ਇਹ ਸਮਝੌਤਾ ਕਿਸਾਨਾਂ ਦੇ ਪਿੱਠ ਵਿਚ ਛੂਰਾ ਮਾਰਨ ਵਰਗਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!