ਪੰਜਾਬ
ਲਾਰੈਂਸ ਬਿਸ਼ਨੋਈ ਤੇ ਸਿਰਫ ਐਫਆਈਆਰ ਦਰਜ ਕਰਨਾ ਸਰਕਾਰ ਦੀ ਨਲਾਇਕੀ- ਰੰਧਾਵਾ
ਪੰਜਾਬ ਪੁਲਿਸ ਨੇ ਹੁਣ ਤੱਕ ਲਾਰੈਂਸ ਤੋਂ ਪੁੱਛਗਿੱਛ ਕਿਉਂ ਨਹੀਂ ਕੀਤੀ?- ਰੰਧਾਵਾ*
ਚੰਡੀਗੜ੍ਹ, 7 ਜਨਵਰੀ : ਪੰਜਾਬ ਦੇ ਸਾਬਕਾ ਉਪ-ਮੁੱਖ ਮੰਤਰੀ ਅਤੇ ਡੇਰਾ ਬਾਬਾ ਨਾਨਕ ਤੋਂ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਪੰਜਾਬ ਸਰਕਾਰ ਉੱਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਚਾਉਣ ਅਤੇ ਉਹਦੀ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਗਾਉਂਦਿਆਂ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ। ਮੀਡੀਆ ਵਿੱਚ ਜਾਰੀ ਬਿਆਨ ਰਾਹੀਂ ਰੰਧਾਵਾ ਨੇ ਕਿਹਾ ਕਿ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਫਟਕਾਰ ਤੋਂ ਬਾਅਦ ਵੀ ਪੰਜਾਬ ਸਰਕਾਰ ਨੇ ਲਾਰੈਂਸ ਬਿਸ਼ਨੋਈ ਉੱਤੇ ਐਫਆਈਆਰ ਦਰਜ ਕਰਨ ਦੀ ਰਸਮ ਮਾਤਰ ਹੀ ਅਦਾ ਕੀਤੀ ਹੈ।
ਉਹਨਾਂ ਕਿਹਾ ਕਿ 9 ਮਹੀਨੇ ਦੇ ਵਕਤ ਗੁਜ਼ਰ ਜਾਣ ਤੋਂ ਬਾਅਦ ਵੀ ਲਾਰੈਂਸ ਬਿਸ਼ਨੋਈ ਦੀਆਂ ਜੇਲ ਵਿੱਚੋਂ ਹੋਈਆਂ ਇੰਟਰਵਿਊ ਸਬੰਧੀ ਕਿਸੇ ਤੱਥ ਪੜਤਾਲ ਤੇ ਨਾ ਪਹੁੰਚਣਾ ਸਿੱਧ ਕਰਦਾ ਹੈ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਗੰਭੀਰ ਨਹੀਂ ਹੈ।
ਰੰਧਾਵਾ ਨੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਦੀਆਂ ਜੇਲਾਂ ਨੂੰ ਹਾਈ-ਟੈਕ ਕਰਨ ਦੀਆਂ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਹੁਣ ਤੱਕ ਲਾਰੈਂਸ ਬਿਸ਼ਨੋਈ ਦੀ ਉਸ ਸਮੇਂ ਦੀ ਲੋਕੇਸ਼ਨ ਵੀ ਪਤਾ ਨਹੀਂ ਕਰ ਸਕੀ।
ਉਹਨਾਂ ਕਿਹਾ ਕਿ ਹਰ ਰੋਜ਼ ਜੇਲਾਂ ਵਿੱਚੋਂ ਗੈਂਗਸਟਰਾਂ ਦੀਆਂ ਜਸ਼ਨ ਮਨਾਉਂਦਿਆਂ ਦੀਆਂ ਵੀਡੀਓ ਬਾਹਰ ਆਉਣਾ ਇਹ ਸਿੱਧ ਕਰਦਾ ਹੈ ਕਿ ਸਰਕਾਰ ਦੀ ਨਿਆ ਪ੍ਰਣਾਲੀ ਸੰਪੂਰਨ ਤੌਰ ਤੇ ਤਹਿਸ ਨਹਿਸ ਹੋ ਚੁੱਕੀ ਹੈ ਅਤੇ ਪੰਜਾਬ ਵਿੱਚ ਹੁਣ ਗੈਂਗਸਟਰਾਂ ਦਾ ਹੀ ਰਾਜ ਹੈ। ਮੁੱਖ ਮੰਤਰੀ ਭਗਵੰਤ ਮਾਨ ਨੂੰ ਸਲਾਹ ਦਿੰਦਿਆਂ ਉਹਨਾਂ ਕਿਹਾ ਕਿ ਉਹ ਦਿੱਲੀ ਦੀ ਚਾਪਲੂਸੀ ਛੱਡ ਕੇ ਪੰਜਾਬ ਦੀ ਕਾਨੂੰਨ ਅਤੇ ਨਿਆ ਵਿਵਸਥਾ ਵੱਲ ਧਿਆਨ ਦੇਣ।
ਰੰਧਾਵਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੋਲ ਇਸ ਸਮੇਂ ਗ੍ਰਹਿ ਅਤੇ ਜੇਲ ਵਿਭਾਗ ਦੋਵਾਂ ਦਾ ਚਾਰਜ ਹੈ ਅਤੇ ਉਹ ਬੜੀ ਆਸਾਨੀ ਨਾਲ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੇ ਮਸਲੇ ਵਿੱਚ ਆਦੇਸ਼ ਜਾਰੀ ਕਰ ਸਕਦੇ ਹਨ। ਉਹਨਾਂ ਕਿਹਾ ਕਿ ਹੁਣ ਤੱਕ ਹੋਈ ਕਾਰਵਾਈ ਤੋਂ ਇਹ ਸਿੱਧ ਹੁੰਦਾ ਹੈ ਕਿ ਮੁੱਖ ਮੰਤਰੀ ਮਾਨ ਖੁਦ ਇਸ ਮਸਲੇ ਨੂੰ ਹੱਲ ਨਹੀਂ ਕਰਨਾ ਚਾਹੁੰਦੇ। ਉਹਨਾਂ ਕਿਹਾ ਕਿ ਸਰਕਾਰ ਹੁਣ ਵੀ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਨ ਦਾ ਕੰਮ ਹੀ ਕਰ ਰਹੀ ਹੈ।