ਪੰਜਾਬ
ਸੰਯੁਕਤ ਕਿਸਾਨ ਮੋਰਚੇ ਵੱਲੋਂ ਸੰਗਰੂਰ ਵਿੱਚ ਕੀਤੀ ਗਈ ਵਿਸ਼ਾਲ ਟਰੈਕਟਰ ਪਰੇਡ
ਸੰਗਰੂਰ, 26 ਜਨਵਰੀ, 2024: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਟਰੈਕਟਰ ਪਰੇਡ ਕਰਨ ਦੇ ਦੇਸ਼ ਪੱਧਰੀ ਸੱਦੇ ਤਹਿਤ ਕਿਸਾਨ ਅਨਾਜ ਮੰਡੀ ਸੰਗਰੂਰ ਵਿਖੇ ਆਪੋ ਆਪਣੇ ਟਰੈਕਟਰ ਲੈ ਕੇ ਇਕੱਠੇ ਹੋਏ ਅਤੇ ਉਥੋਂ ਸ਼ਹਿਰ ਦੇ ਉੱਪਰ ਦੀ ਪਰੇਡ ਕਰਦਿਆਂ ਹੋਇਆਂ ਡੀਸੀ ਦਫਤਰ ਸਾਹਮਣੇ ਆ ਕੇ ਟਰੈਕਟਰ ਪਰੇਡ ਦੀ ਸਮਾਪਤੀ ਕੀਤੀ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਸੂਬਾ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਆਗੂ ਮੇਜਰ ਸਿੰਘ ਪੁੰਨਾਂਵਾਲ, ਬੀਕੇਯੂ ਡਕੌਂਦਾ (ਬੁਰਜਗਿੱਲ) ਦੇ ਸੂਬਾ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ, ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਸੂਬਾ ਆਗੂ ਬਲਦੇਵ ਸਿੰਘ ਨਿਹਾਲਗੜ੍ਹ, ਬੀਕੇਯੂ ਡਕੌਂਦਾ (ਧਨੇਰ ) ਦੇ ਜ਼ਿਲ੍ਹਾ ਆਗੂ ਕਰਮਜੀਤ ਸਿੰਘ, ਬੀਕੇਯੂ ਰਾਜੇਵਾਲ ਦੇ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ ਕਪਿਆਲ, ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਸੂਬਾ ਆਗੂ ਕਿਰਨਜੀਤ ਸਿੰਘ ਸੇਖੋਂ, ਬੀਕੇਯੂ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਢਢੋਗਲ ਨੇ ਦੱਸਿਆ ਕਿ ਦਿੱਲੀ ਅੰਦੋਲਨ ਸਮੇਂ ਜੋ ਕੇਂਦਰ ਸਰਕਾਰ ਨੇ ਮੰਗਾਂ ਮੰਨੀਆਂ ਸਨ
ਜਿਸ ਵਿੱਚ ਸਾਰੀਆਂ ਫਸਲਾਂ ਤੇ ਐੱਮਐਸਪੀ ਦੇਣ ਦੀ ਗਰੰਟੀ, ਕਿਸਾਨਾਂ ਮਜ਼ਦੂਰਾਂ ਦੀ ਕਰਜਾ ਮੁਕਤੀ, ਦਿੱਲੀ ਅੰਦੋਲਨ ਦੌਰਾਨ ਕਿਸਾਨਾਂ ਤੇ ਦਰਜ ਹੋਏ ਮੁਕੱਦਮੇ ਵਾਪਸ ਲੈਣ, ਸ਼ਹੀਦ ਕਿਸਾਨ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀਆਂ ਅਤੇ ਇਸੇ ਤਰ੍ਹਾਂ 60 ਸਾਲ ਦਾ ਹੋਣ ਤੇ ਕਿਸਾਨਾਂ ਮਜ਼ਦੂਰਾਂ ਨੂੰ 10 ਹਜ਼ਾਰ ਪ੍ਰਤੀ ਮਹੀਨਾ ਪੈਨਸ਼ਨ ਅਤੇ ਫਸਲਾਂ ਦਾ ਬੀਮਾ ਅਤੇ ਹਰੇਕ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਸਮੇਤ ਲਖੀਮਪੁਰ ਖੀਰੀ ਕਾਂਡ ਦੇ ਦੋਸ਼ੀ ਬੀਜੇਪੀ ਮੰਤਰੀ ਅਜੇ ਮਿਸ਼ਰਾ ਟੈਣੀ ਖਿਲਾਫ ਕਾਰਵਾਈ ਕਰਨ ਦੀ ਮੰਗ ਨੂੰ ਲੈ ਕੇ ਅੱਜ ਪੂਰੇ ਦੇਸ਼ ਵਿੱਚ ਟਰੈਕਟਰ ਪਰੇਡ ਕਰਨ ਦਾ ਸੱਦਾ ਦਿੱਤਾ ਗਿਆ ਸੀ। ਜਿਸ ਤਹਿਤ ਅੱਜ ਸੰਗਰੂਰ ਵਿਖੇ ਕਿਸਾਨਾਂ ਵੱਲੋਂ ਹਜ਼ਾਰਾਂ ਟਰੈਕਟਰਾਂ ਨਾਲ ਪਰੇਡ ਕੀਤੀ ਗਈ ਹੈ।
ਕਿਸਾਨ ਆਗੂਆਂ ਨੇ ਮੋਦੀ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਹਨਾਂ ਮੰਗਾਂ ਤੇ ਗੌਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ ਵਿੱਚ ਅੰਦੋਲਨ ਨੂੰ ਤਿੱਖਾ ਕੀਤਾ ਜਾਵੇਗਾ ਤੇ 16 ਫਰਵਰੀ ਨੂੰ ਪੂਰਾ ਪੇਂਡੂ ਭਾਰਤ ਬੰਦ ਕਰਕੇ ਅੰਦੋਲਨ ਨੂੰ ਅਗਲੇ ਪੜਾਅ ਵਿੱਚ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੋਂ ਮੋਦੀ ਸਰਕਾਰ ਆਈ ਹੈ ਕਾਰਪੋਰੇਟ ਘਰਾਣਿਆਂ ਦਾ ਕਰਜ਼ਾ ਵੀ ਮੁਆਫ਼ ਕੀਤਾ ਗਿਆ ਹੈ ਤੇ ਉਹਨਾਂ ਨੂੰ ਢੇਰ ਸਬਸਿਡੀਆਂ ਵੀ ਦਿੱਤੀਆਂ ਗਈਆਂ ਹਨ, ਪਰ ਕਿਸਾਨਾਂ ਦੀਆਂ ਖੇਤੀ ਲਾਗਤਾਂ ਅਤੇ ਕਰਜ਼ਾ ਦਿਨੋ ਦਿਨ ਵੱਧ ਰਿਹਾ ਹੈ। ਇਸ ਪਾਸੇ ਮੋਦੀ ਸਰਕਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਬਲਕਿ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਖੇਤੀ ਸੈਕਟਰ ਨੂੰ ਕਰਨ ਲਈ ਕਾਹਲੇ ਕਦਮੀ ਕਾਰਵਾਈ ਕਰ ਰਹੀ ਹੈ। ਬਿਜਲੀ ਐਕਟ 2021 ਨੂੰ ਲਾਗੂ ਕਰਨ ਲਈ ਚਿੱਪ ਵਾਲੇ ਮੀਟਰ ਧੜਾ ਧੜ ਪਿੰਡਾਂ ਵਿੱਚ ਲਾਏ ਜਾ ਰਹੇ ਹਨ। ਸੰਯੁਕਤ ਮੋਰਚੇ ਵੱਲੋਂ ਇਹਨਾਂ ਨੀਤੀਆਂ ਸਬੰਧੀ ਦੇਸ਼ ਦੇ ਲੋਕਾਂ ਨੂੰ ਕੇਂਦਰ ਸਰਕਾਰ ਖਿਲਾਫ ਜਾਗਰੂਕ ਕੀਤਾ ਜਾਵੇਗਾ ਅਤੇ ਵੱਡੇ ਸੰਘਰਸ਼ ਲਈ ਤਿਆਰ ਕੀਤਾ ਜਾਵੇਗਾ।
ਅੱਜ ਦੀ ਟਰੈਕਟਰ ਪਰੇਡ ਦੀ ਅਗਵਾਈ ਹਰਦੇਵ ਸਿੰਘ ਬਖਸ਼ੀਵਾਲਾ, ਜਰਨੈਲ ਸਿੰਘ ਜਹਾਂਗੀਰ, ਗੁਰਮੀਤ ਸਿੰਘ ਭੱਟੀਵਾਲ, ਬਲਵਿੰਦਰ ਸਿੰਘ ਜੱਖਲਾਂ, ਇੰਦਰਪਾਲ ਪੁੰਨਾਂਵਾਲ, ਨਿਰੰਜਣ ਸਿੰਘ ਸਫੀਪੁਰ, ਜਗਤਾਰ ਸਿੰਘ ਦੁੱਗਾਂ, ਮਹਿੰਦਰ ਸਿੰਘ ਬੁੱਗਰਾ ਨੇ ਕੀਤੀ।