ਭਲਕੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਲੁਧਿਆਣਾ ਵਿੱਚ ‘ਭਗਵੰਤ ਮਾਨ ਸਰਕਾਰ ਤੁਹਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰਨਗੇ
ਆਮ ਆਦਮੀ ਪਾਰਟੀ ਦੀ ਸਰਕਾਰ ਪਹਿਲੀ ਸਰਕਾਰ ਹੈ ਜੋ ਵੋਟਾਂ ਮੰਗਣ ਤੋਂ ਬਾਅਦ ਤੁਹਾਡੇ ਘਰ ਤੁਹਾਡੇ ਕੰਮ ਕਰਨ ਆਵੇਗੀ: ਕੰਗ
ਆਮ ਲੋਕਾਂ ਲਈ ਲਗਪਗ ਸਾਰੀਆਂ ਕਾਗਜ਼ੀ ਕਾਰਵਾਈਆਂ ਹੁਣ ਘਰ ਬੈਠੇ ਹੀ ਪੂਰੀਆਂ ਹੋਣਗੀਆਂ, ਲੋਕਾਂ ਨੂੰ ਮਿਲਣਗੀਆਂ 43 ਸਿਵਲ ਸੇਵਾਵਾਂ ਉਨ੍ਹਾਂ ਦੇ ਘਰ-ਮਲਵਿੰਦਰ ਸਿੰਘ ਕੰਗ
ਅਸਲਾ ਲਾਇਸੈਂਸ, ਆਧਾਰ ਕਾਰਡ ਅਤੇ ਸਟੈਂਪ ਪੇਪਰ ਨੂੰ ਛੱਡ ਕੇ ਲਗਭਗ ਸਾਰੀਆਂ ਸਰਕਾਰੀ ਸੇਵਾਵਾਂ ਇਸ ਸਕੀਮ ਦੇ ਦਾਇਰੇ ਵਿੱਚ ਆਉਣਗੀਆਂ – ਕੰਗ
ਇਸ ਸਕੀਮ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ, ਸਰਕਾਰੀ ਦਫਤਰਾਂ ਦੇ ਚੱਕਰ ਨਹੀਂ ਕੱਟਣੇ ਪੈਣਗੇ – ਕੰਗ
ਚੰਡੀਗੜ੍ਹ, 9 ਦਸੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਭਲਕੇ ਲੁਧਿਆਣਾ ਵਿੱਚ ‘ਭਗਵੰਤ ਮਾਨ ਸਰਕਾਰ ਤੁਹਡੇ ਦੁਆਰ’ ਸਕੀਮ ਦੀ ਸ਼ੁਰੂਆਤ ਕਰਨਗੇ।
ਸ਼ਨੀਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਇਹ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਦੱਸਿਆ ਕਿ ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਆਮ ਲੋਕਾਂ ਲਈ ਲੋੜੀਂਦੀ ਲਗਭਗ ਸਾਰੀ ਕਾਗਜ਼ੀ ਕਾਰਵਾਈ ਘਰ ਬੈਠੇ ਹੀ ਪੂਰੀ ਕਰ ਲਈ ਜਾਵੇਗੀ। ਇਸ ਤਹਿਤ ਲੋਕਾਂ ਨੂੰ 43 ਨਾਗਰਿਕ ਸੇਵਾਵਾਂ ਉਨ੍ਹਾਂ ਦੇ ਦਰਵਾਜ਼ੇ ‘ਤੇ ਮਿਲਣਗੀਆਂ।
ਕੰਗ ਨੇ ਦੱਸਿਆ ਕਿ ਅਸਲਾ ਲਾਇਸੈਂਸ, ਆਧਾਰ ਕਾਰਡ ਅਤੇ ਸਟੈਂਪ ਪੇਪਰ ਨੂੰ ਛੱਡ ਕੇ ਲਗਭਗ ਸਾਰੀਆਂ ਸਰਕਾਰੀ ਸੇਵਾਵਾਂ ਇਸ ਸਕੀਮ ਦੇ ਦਾਇਰੇ ਵਿੱਚ ਆਉਣਗੀਆਂ। ਇਸ ਤਹਿਤ ਜਨਮ, ਵਿਆਹ, ਮੌਤ, ਆਮਦਨ, ਰਿਹਾਇਸ਼, ਜਾਤੀ, ਪੇਂਡੂ ਖੇਤਰ, ਸਰਹੱਦੀ ਖੇਤਰ, ਪਛੜਾ ਖੇਤਰ, ਪੈਨਸ਼ਨ, ਬਿਜਲੀ ਬਿੱਲ ਦਾ ਭੁਗਤਾਨ, ਜ਼ਮੀਨ ਦੀ ਹੱਦਬੰਦੀ ਸਰਟੀਫਿਕੇਟ ਅਤੇ ਹੋਰ ਸਿਵਲ ਸਹੂਲਤਾਂ ਘਰ ਬੈਠੇ ਹੀ ਮਿਲਣਗੀਆਂ।
ਇਸ ਦੇ ਲਈ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਹੈ, ਜਿਸ ‘ਤੇ ਕਾਲ ਕਰਕੇ ਲੋਕ ਆਪਣੀ ਸਹੂਲਤ ਅਨੁਸਾਰ ਮੁਲਾਕਾਤ ਦਾ ਸਮਾਂ ਤਹਿ ਕਰ ਸਕਣਗੇ ਅਤੇ ਆਪਣਾ ਕੰਮ ਨਿਪਟਾਉਣਗੇ। ਸਮਾਂ ਅਤੇ ਤਰੀਕ ਤੈਅ ਹੋਣ ਤੋਂ ਬਾਅਦ ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ, ਫੀਸਾਂ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸਦੇ ਲਈ, ਲੋਕਾਂ ਨੂੰ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਅਤੇ ਮੁਲਾਕਾਤ ਦੀ ਮਿਤੀ/ਸਮਾਂ ਦੇ ਨਾਲ ਇੱਕ ਐਸਐਮਐਸ ਵੀ ਪ੍ਰਾਪਤ ਹੋਵੇਗਾ।
ਇਸ ਕੰਮ ਨੂੰ ਪੂਰਾ ਕਰਨ ਲਈ, ਵਿਸ਼ੇਸ਼ ਤੌਰ ‘ਤੇ ਸਿਖਲਾਈ ਪ੍ਰਾਪਤ ਸਟਾਫ਼ ਟੈਬਲੈੱਟਾਂ ਦੇ ਨਾਲ ਨਿਰਧਾਰਤ ਸਮੇਂ ‘ਤੇ ਉਨ੍ਹਾਂ ਦੇ ਘਰਾਂ / ਦਫਤਰਾਂ ਦਾ ਦੌਰਾ ਕਰੇਗਾ ਅਤੇ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰੇਗਾ, ਫੀਸਾਂ ਇਕੱਠੀਆਂ ਕਰੇਗਾ ਅਤੇ ਰਸੀਦਾਂ ਦੇਣਗੇ, ਜਿਸ ਨਾਲ ਨਾਗਰਿਕ ਆਪਣੀਆਂ ਅਰਜ਼ੀਆਂ ਨੂੰ ਟਰੈਕ ਕਰਨ ਦੇ ਯੋਗ ਹੋਣਗੇ। ਉਨ੍ਹਾਂ ਦੇ ਸਰਟੀਫਿਕੇਟਾਂ ਦੀ ਸਾਫਟ ਕਾਪੀ ਮੋਬਾਈਲ ਫੋਨ ‘ਤੇ ਭੇਜੀ ਜਾਵੇਗੀ ਅਤੇ ਦਸਤਾਵੇਜ਼ਾਂ ਦੀ ਹਾਰਡ ਕਾਪੀ ਘਰ-ਘਰ ਪਹੁੰਚਾਈ ਜਾਵੇਗੀ।
ਕੰਗ ਨੇ ਕਿਹਾ ਕਿ ਇਸ ਸਕੀਮ ਨਾਲ ਪੰਜਾਬ ਦੇ ਆਮ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ। ਹੁਣ ਉਨ੍ਹਾਂ ਨੂੰ ਇਨ੍ਹਾਂ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਚੱਕਰ ਨਹੀਂ ਲਗਾਉਣੇ ਪੈਣਗੇ। ਜਦੋਂ ਕਿ ਪਹਿਲਾਂ ਲੋਕਾਂ ਨੂੰ ਇਨ੍ਹਾਂ ਦਸਤਾਵੇਜ਼ਾਂ ਦੀ ਤਸਦੀਕ ਕਰਵਾਉਣ ਲਈ ਸਰਕਾਰੀ ਦਫ਼ਤਰਾਂ ਵਿੱਚ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹ ਕੇ ਕਈ ਗੇੜੇ ਮਾਰਨੇ ਪੈਂਦੇ ਸਨ। ਇਸ ਤੋਂ ਇਲਾਵਾ ਇਸ ਸਕੀਮ ਦੇ ਲਾਗੂ ਹੋਣ ਤੋਂ ਬਾਅਦ ਲੋਕਾਂ ਨੂੰ ਵਿਚੋਲਿਆਂ ਤੋਂ ਵੀ ਛੁਟਕਾਰਾ ਮਿਲੇਗਾ।