ਪੰਜਾਬ
ਮਗਨਰੇਗਾ ਮੁਲਾਜ਼ਮਾਂ ਵੱਲੋਂ 24 ਅਗਸਤ ਧਰਨਾ ਮੁਲਤਵੀ, ਪੰਚਾਇਤ ਮੰਤਰੀ ਵੱਲੋਂ ਬੁਲਾਈ ਗਈ ਪੈਨਲ ਮੀਟਿੰਗ
6 ਸਤਬੰਰ ਦੀ ਮੀਟਿੰਗ ਵਿੱਚ ਜੇ ਮਗਨਰੇਗਾ ਮੁਲਾਜ਼ਮਾਂ ਦਾ ਮਸਲਾ ਹੱਲ ਨਾ ਹੋਇਆ ਤਾਂ 15 ਸਤੰਬਰ ਨੂੰ ਘੇਰਿਆ ਜਾਵੇਗਾ ਵਿਕਾਸ ਭਵਨ ਮੋਹਾਲੀ*
ਮੋਹਾਲੀ,22 ਅਗਸਤ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਆਪਣਾ ਅਗਾਮੀ 24 ਅਗਸਤ ਨੂੰ ਵਿਕਾਸ ਭਵਨ ਮੋਹਾਲੀ ਦਾ ਘਿਰਾਓ ਮੁਲਤਵੀ ਕਰ ਦਿੱਤਾ ਹੈ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਮਨਸ਼ੇ ਖਾਂ, ਜਨਰਲ ਸਕੱਤਰ ਅੰਮ੍ਰਿਤਪਾਲ ਸਿੰਘ, ਸਰਪ੍ਰਸਤ ਵਰਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਹਰਿੰਦਰਪਾਲ ਸਿੰਘ ਜੋਸ਼ਨ, ਚੇਅਰਮੈਨ ਰਣਧੀਰ ਸਿੰਘ ਧੀਮਾਨ, ਵਿੱਤ ਸਕੱਤਰ ਸੰਜੀਵ ਕਾਕੜਾ, ਪ੍ਰੈੱਸ ਸਕੱਤਰ ਅਮਰੀਕ ਸਿੰਘ ਮਹਿਰਾਜ, ਸਲਾਹਕਾਰ ਗੁਰਕਾਬਲ ਸਿੰਘ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਲਗਭਗ 15 ਸਾਲਾਂ ਤੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਕੱਚੀਆਂ ਅਸਾਮੀਆਂ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵੱਲੋਂ ਲਗਾਤਾਰ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਧੂਰੀ ਵਿਖੇ ਕੀਤੀ ਰੈਲੀ ਦੌਰਾਨ ਉਸ ਸਮੇਂ ਦੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵੱਲੋਂ ਪੈਨਲ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਮੰਗਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸੇਵਾਵਾਂ ਰੈਗੂਲਰ ਕਰਨ ਦਾ ਫ਼ੈਸਲਾ ਲਿਆ ਸੀ।
ਵਿਭਾਗ ਦੇ ਉੱਚ ਅਧਿਕਾਰੀਆਂ ਨੂੰ 2 ਮਹੀਨੇ ਦੇ ਅੰਦਰ-ਅੰਦਰ ਕੇਸ ਸਰਕਾਰ ਨੂੰ ਭੇਜਣ ਦੇ ਹੁਕਮ ਜਾਰੀ ਕੀਤੇ ਸਨ ਪ੍ਰੰਤੂ ਵਾਰ-ਵਾਰ ਅਧਿਕਾਰੀਆਂ ਨੂੰ ਮਿਲਣ ਤੇ ਵੀ ਕੋਈ ਅਗਲੇਰੀ ਕਾਰਵਾਈ ਨਹੀਂ ਹੋਈ। ਯੂਨੀਅਨ ਦੇ ਵਫ਼ਦ ਵੱਲੋਂ ਵਾਰ-ਵਾਰ ਨਿੱਜੀ ਤੌਰ ਤੇ ਮਿਲ ਕੇ ਅਤੇ ਮੰਗ ਪੱਤਰ ਭੇਜ ਕੇ ਮੀਟਿੰਗ ਦੀ ਮੰਗ ਕੀਤੀ ਜਾ ਰਹੀ ਸੀ ਫਿਰ ਵੀ ਨਿਰਾਸ਼ਾ ਹੀ ਹੱਥ ਲੱਗੀ। ਇਸ ਤੋਂ ਅੱਕ ਕੇ ਯੂਨੀਅਨ ਵੱਲੋਂ 24 ਅਗਸਤ ਨੂੰ ਵਿਕਾਸ ਭਵਨ ਮੋਹਾਲੀ ਦਾ ਘਿਰਾਓ ਰੱਖਿਆ ਗਿਆ ਸੀ।
ਅੱਜ ਵਿਭਾਗ ਦੇ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਦਿਲਚਸਪੀ ਲੈਂਦਿਆਂ ਯੂਨੀਅਨ ਨੂੰ 6 ਸਤੰਬਰ ਦੀ ਲਿਖ਼ਤੀ ਮੀਟਿੰਗ ਦਿੱਤੀ ਹੈ। ਜਿਸ ਤੇ ਯੂਨੀਅਨ ਵੱਲੋਂ ਭਰੋਸਾ ਕਰਦਿਆਂ ਕਿ 6 ਸਤੰਬਰ ਦੀ ਪੈਨਲ ਮੀਟਿੰਗ ਵਿੱਚ ਸੇਵਾਵਾਂ ਰੈਗੂਲਰ ਕਰਨ ਸਮੇਤ ਉਨ੍ਹਾਂ ਦੇ ਸਾਰੇ ਮਸਲੇ ਹੱਲ ਕੀਤੇ ਜਾਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ 15 ਸਤੰਬਰ ਨੂੰ ਮੁੜ ਤੋਂ ਵਿਕਾਸ ਭਵਨ ਮੋਹਾਲੀ ਦਾ ਘਿਰਾਓ ਕੀਤਾ ਜਾਵੇਗਾ।