ਪੰਜਾਬ
ਦਿੱਲੀ ਕਿਸਾਨ ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਭਰ ‘ਚ ਪਿੰਡਾਂ ‘ਚੋਂ ਕਾਫ਼ਲਿਆਂ ਦਾ ਜਾਣਾ ਜਾਰੀ
ਗਰਮੀ ਦੇ ਮੌਸਮ ਨੂੰ ਵੇਖਦਿਆਂ ਪੱਖੇ, ਕੂਲਰ ਲੈ ਦਿੱਲੀ ਜਾ ਰਹੇ ਹਨ ਕਿਸਾਨ-ਕਾਫ਼ਲੇ
ਵਿਸ਼ੇਸ਼ ਸਹੂਲਤਾਂ ਵਾਲੀਆਂ ਟਰਾਲੀਆਂ ਤਿਆਰ ਕਰਵਾਉਣ ਦਾ ਵੀ ਰੁਝਾਨ ਵਧਿਆ
ਪੰਜਾਬ ‘ਚ ਚਲਦੇ ਕਿਸਾਨ-ਮੋਰਚਿਆਂ ‘ਚ ਵੀ ਔਰਤਾਂ ਦੀ ਵੱਡੀ ਸ਼ਮੂਲੀਅਤ
ਚੰਡੀਗੜ੍ਹ : 3 ਖੇਤੀ ਕਾਨੂੰਨਾਂ, ਬਿਜ਼ਲੀ ਸੋਧ-ਬਿਲ-2020 ਅਤੇ ਪਰਾਲੀ ਆਰਡੀਨੈਂਸ ਖ਼ਿਲਾਫ਼ ਕਰੀਬ 3 ਮਹੀਨਿਆਂ ਤੋਂ ਦਿੱਲੀ ‘ਚ ਚਲਦੇ ਕਿਸਾਨ-ਅੰਦੋਲਨ ਦੀ ਮਜ਼ਬੂਤੀ ਲਈ ਪੰਜਾਬ ਭਰ ਤੋਂ ਕਾਫ਼ਲਿਆਂ ਦਾ ਜਾਣਾ ਜਾਰੀ ਹੈ। ਪੰਜਾਬ ਆਏ ਹੋਏ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਦਿੱਲੀ ਕਿਸਾਨ ਮੋਰਚਿਆਂ ਦੀ ਮਜ਼ਬੂਤੀ ਲਈ ਪੰਜਾਬ ਭਰ ‘ਚ ਪਿੰਡਾਂ ‘ਚੋਂ ਕਾਫ਼ਲਿਆਂ ਦਾ ਜਾਣਾ ਜਾਰੀ ਹੈ। ਗਰਮੀ ਦੇ ਮੌਸਮ ਨੂੰ ਵੇਖਦਿਆਂ ਪੱਖੇ, ਕੂਲਰ ਅਤੇ ਹੋਰ ਜਰੂਰੀ ਸਮਾਨ ਲੈ ਕੇ ਕਿਸਾਨ ਦਿੱਲੀ ਜਾ ਰਹੇ ਹਨ।
ਇੱਥੋਂ ਤੱਕ ਕਿ ਵਿਸ਼ੇਸ਼ ਸਹੂਲਤਾਂ ਵਾਲੀਆਂ ਟਰਾਲੀਆਂ ਤਿਆਰ ਕਰਵਾਉਣ ਦਾ ਵੀ ਰੁਝਾਨ ਵਧਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਹੀ ਨਹੀਂ, ਸਗੋਂ ਦੇਸ਼ ਭਰ ਦੇ ਕਿਸਾਨ ਸਮਝਦੇ ਹਨ ਕਿ ਤਿੰਨ ਖੇਤੀ ਕਾਨੂੰਨ ਅਤੇ ਬਿਜਲੀ ਬਿੱਲ-2019 ਸਮੇਤ ਪਰਾਲੀ ਆਰਡੀਨੈਂਸ ਕਿਸਾਨਾਂ ਲਈ ਘਾਤਕ ਹਨ। ਇਹ ਕਾਨੂੰਨ ਉਹਨਾਂ ਦੀ ਜ਼ਿੰਦਗੀ ਨੂੰ ਹਨੇਰੀ ਗੁਫਾ ਵੱਲ ਧੱਕ ਦੇਣਗੇ। ਇਹ ਸੰਘਰਸ਼ ਉਹਨਾਂ ਦੇ ਬੱਚਿਆਂ ਦੇ ਭਵਿੱਖ ਦਾ ਸੁਆਲ ਬਣਿਆ ਹੋਇਆ ਹੈ, ਇਸ ਲਈ ਇਹਨਾਂ ਕਾਨੂੰਨਾਂ ਦਾ ਰੱਦ ਹੋਣਾ ਜਰੂਰੀ ਹੈ। ਦਿੱਲੀ ਦੇ ਕਿਸਾਨ-ਮੋਰਚੇ ਸਾਡੀਆਂ ਪੀੜ੍ਹੀਆਂ ਭਵਿੱਖ ਤੈਅ ਕਰੇਗੀ। ਇਸ ਲਈ ਸਾਡਾ ਸਾਰਿਆਂ ਦਾ ਯਤਨ ਹੋਣਾ ਚਾਹੀਦਾ ਹੈ ਕਿ ਹਰ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਨੂੰ ਹੋਰ ਮਜ਼ਬੂਤ ਕਰੀਏ। 6 ਮਾਰਚ ਨੂੰ ਦਿੱਲੀ ਦਾ ਕੇਐਮਪੀ ਦਾ ਜਾਮ ਹਰ ਹਾਲਤ ਸਫਲ ਹੋਣਾ ਚਾਹੀਦਾ ਹੈ। ਦਿੱਲੀ ਮੋਰਚੇ ‘ਤੇ ਅਤੇ ਪੰਜਾਬ ਭਰ ‘ਚ ਕਰੀਬ 68 ਥਾਵਾਂ ‘ਤੇ ਚਲਦੇ ਪੱਕੇ-ਧਰਨਿਆਂ 8 ਮਾਰਚ ਨੂੰ ਮਨਾਇਆ ਜਾਣ ਵਾਲਾ ‘ਕੌਮਾਂਤਰੀ ਇਸਤਰੀ ਦਿਵਸ’ ਮੌਕੇ ਔਰਤਾਂ ਦੀ ਗਿਣਤੀ ਇਤਿਹਾਸਕ ਹੋਵੇ।