ਚੰਨੀ ਤੇ ਟਰੂਡੋ ਦੀ ਬੋਲੀ ਤੇ ਸ਼ਬਦ ਇੱਕੋ ਸੁਰ ਵਾਲੇ: ਜਾਖੜ
ਚੰਨੀ ਤੇ ਟਰੂਡੋ ਦੀ ਬੋਲੀ ਤੇ ਸ਼ਬਦ ਇੱਕੋ ਸੁਰ ਵਾਲੇ: ਜਾਖੜ
ਚੰਡੀਗੜ੍ਹ, 6 ਮਈ : ‘ ਚਰਨਜੀਤ ਸਿੰਘ ਚੰਨੀ ਦੇ ਸਟੰਟ ਵਾਲੇ ਬਿਆਨ ਦੀ ਬੋਲੀ ਤੇ ਸ਼ਬਦ ਬਿਲਕੁੱਲ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਾਲੇ ਹਨ। ਲੱਗਦਾ ਹੈ ਕਿ ਚੰਨੀ ਕੈਨੇਡਾ ਚ ਟਰੂਡੋ ਦੀ ਦੇਖ ਹੇਠ ਥੀਸਿਸ ਕਰਕੇ ਆਏ ਹਨ। ਇਹ ਵਿਅੰਗ ਬਾਣ ਪੰਜਾਬ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਚਰਨਜੀਤ ਚੰਨੀ ਦੇ ਪੁੰਛ ਭਾਰਤੀ ਹਵਾਈ ਸੈਨਾ ਦੇ ਵਾਹਨ ਉੱਤੇ ਅੱਤਵਾਦੀ ਹਮਲੇ ਨੂੰ ਲੈਣ ਕੇ ਗੱਲਬਾਤ ਕਰਦਿਆਂ ਚਲਾਏ।
ਜਾਖੜ ਨੇ ਕਿਹਾ ਕਿ ਚਰਨਜੀਤ ਚੰਨੀ ਤਾਂ ਜਿਵੇਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਸ਼ਾ ਬੋਲ ਰਹੇ ਨੇ ਕਿਉਂਕਿ ਉਹ ਇੱਕ ਥੀਸਿਸ ਲਿਖਣ ਦੇ ਚੱਕਰ ਚ 7-8 ਮਹੀਨੇ ਕੈਨੇਡਾ ਰਹਿ ਕੇ ਆਏ ਹਨ। ਕਿਧਰੇ ਟਰੂਡੋ ਚਰਨਜੀਤ ਚੰਨੀ ਦੇ ਥੀਸਿਸ ਗਾਈਡ ਤਾਂ ਨਹੀਂ ਰਹੇ। ਵਣਨਣਯੋਗ ਹੈ ਕਿ ਚਰਨਜੀਤ ਚੰਨੀ ਨੇ ਬੀਤੇ ਸ਼ਨੀਵਾਰ ਨੂੰ ਪੁੰਛ ਵਿੱਚ ਫੌਜੀ ਵਾਹਨ ਉੱਤੇ ਹੋਏ ਹਮਲੇ ਨੂੰ ਭਾਜਪਾ ਦਾ ਚੋਣ ਸਟੰਟ ਕਰਾਰ ਦਿੱਤਾ ਸੀ।
ਜਾਖੜ ਨੇ ਕਿਹਾ ਕਿ ਇਹ ਤਾਂ ਮੰਨਿਆ ਕਿ ਟਰੂਡੋ ਨੂੰ ਸੱਤਾ ਚ ਬਣੇ ਰਹਿਣ ਲਈ ਖਾਲਿਸਤਾਨੀ ਦਾ ਸਮਰਥਨ ਕਰਨਾ ਪੈ ਰਿਹਾ ਹੈ, ਪਰ ਚੰਨੀ ਦੱਸਣ ਉਨ੍ਹਾਂ ਦੀ ਇਸ ਬਿਆਨਬਾਜ਼ੀ ਪਿੱਛੇ ਕੀ ਮਜਬੂਰੀ ਹੈ ?
ਇਸ ਮੌਕੇ ਜਲੰਧਰ ਤੋਂ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਕਿਹਾ ਕਿ ਚਰਨਜੀਤ ਚੰਨੀ ਇੱਕ ਨੋਨ ਸੀਰੀਅਸ ਆਗੂ ਹਨ।
ਉਨ੍ਹਾਂ ਕਿਹਾ ਕਿ ਚੰਨੀ ਦੀ ਬਿਆਨਬਾਜ਼ੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਕਿੰਨੇ ਕੁ ਗੰਭੀਰ ਆਗੂ ਹਨ, ਕਿਉਂ ਜੋ ਜਿਹੜਾ ਵੀ ਆਗੂ ਮੁੱਖ ਮੰਤਰੀ ਦੇ ਅਹੁਦੇ ਉੱਤੇ ਰਹਿ ਚੁੱਕਾ ਹੋਵੇ ਉਸ ਤੋਂ ਅਜਿਹੇ ਬਿਆਨ ਦੀ ਉਮੀਦ ਨਹੀਂ ਕੀਤੀ ਜਾਂਦੀ ਜੋ ਦੇਸ਼ ਲਈ ਜਾਨਾ ਵਾਰਨ ਵਾਲੇ ਫੌਜੀ ਜਵਾਨਾਂ ਉੱਤੇ ਹੀ ਸਵਾਲ ਉਠਾਉਂਦੇ ਹੋਣ। ਰਿੰਕੂ ਨੇ ਕਿਹਾ ਚੰਨੀ ਸਮੇਤ ਨਾ ਕਾਂਗਰਸ ਨੂੰ ਦੇਸ਼ ਦੀ ਚਿੰਤਾ ਹੈ ਤੇ ਇਹਨਾਂ ਪੰਜਾਬ ਦੀ।