ਪੰਜਾਬ

ਮੋਹਾਲੀ ਵਿਖੇ ‘ਸਰਕਾਰ-ਸਨਅਤਕਾਰ ਮਿਲਣੀ’ ਦੌਰਾਨ ਉਦਯੋਗਪਤੀਆਂ ਵੱਲੋਂ ਭਗਵੰਤ ਸਿੰਘ ਮਾਨ ਸਰਕਾਰ ਦੇ ਫੌਰੀ ਫੈਸਲਿਆਂ ਦੀ ਸ਼ਲਾਘਾ


ਅਸੀਂ ਜੋ ਚਾਹੁੰਦੇ ਸੀ, ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਸਾਨੂੰ ਹਾਸਲ ਹੋਇਆ


ਐਸ.ਏ.ਐਸ. ਨਗਰ (ਮੋਹਾਲੀ), 15 ਸਤੰਬਰ  

ਇੱਥੇ ‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਸ਼ਾਮਲ ਹੋਏ ਸਨਅਤਕਾਰਾਂ ਨੇ ਉਦਯੋਗ ਦੇ ਹਿੱਤਾਂ ਦੀ ਰਾਖੀ ਲਈ ਲਏ ਜਾਂਦੇ ਫੌਰੀ ਫੈਸਲਿਆਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਭਰਵੀਂ ਸ਼ਲਾਘਾ ਕੀਤੀ।

ਆਪਣੇ ਤਜਰਬੇ ਸਾਂਝੇ ਕਰਦਿਆਂ ਉਦਯੋਗਪਤੀਆਂ ਨੇ ਕਿਹਾ ਕਿ ਉਹ ਜੋ ਵੀ ਚਾਹੁੰਦੇ ਸਨ, ਉਨ੍ਹਾਂ ਨੂੰ ਸਰਕਾਰ ਦੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਹਾਸਲ ਹੋਇਆ ਹੈ।
ਡੇਰਾਬੱਸੀ ਤੋਂ ਵਿਨੈ ਸਿੰਗਲਾ ਨੇ ਦੱਸਿਆ ਕਿ ਉਸ ਨੇ ਬਰਵਾਲਾ ਰੋਡ ਦੀ ਮਾੜੀ ਹਾਲਤ ਦਾ ਮਾਮਲਾ ਧਿਆਨ ਵਿੱਚ ਲਿਆਂਦਾ। ਹੁਣ ਉਸ ਨੂੰ ਜਾਣਕਾਰੀ ਮਿਲੀ ਹੈ ਕਿ ਸਰਕਾਰ ਨੇ ਇਸ ਸੜਕ ਲਈ ਤਿੰਨ ਕਰੋੜ ਰੁਪਏ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਕੰਮ ਛੇਤੀ ਸ਼ੁਰੂ ਹੋ ਜਾਵੇਗਾ। ਇਸ ਫੌਰੀ ਕਾਰਵਾਈ ਲਈ ਉਸ ਨੇ ਸਰਕਾਰ ਦਾ ਧੰਨਵਾਦ ਕੀਤਾ।
ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਆਪਣਾ ਯੂਨਿਟ ਸਥਾਪਤ ਕਰਨ ਲਈ ਜ਼ਮੀਨ ਲੱਭ ਰਹੇ ਸਨ। ਇਨਵੈਸਟ ਪੰਜਾਬ ਨੇ ਡੇਰਾਬੱਸੀ ਵਿਖੇ ਢੁਕਵੀਂ ਜ਼ਮੀਨ ਲੱਭਣ ਲਈ ਉਸ ਦੀ ਬਹੁਤ ਮਦਦ ਕੀਤੀ। ਹੁਣ ਉਹ ਨਵਾਂ ਯੂਨਿਟ ਸਥਾਪਤ ਕਰ ਰਹੇ ਹਨ।

ਗੌਲਫ ਕੋਚ ਅਮਨਦੀਪ ਜੌਹਲ ਨੇ ਸੁਝਾਅ ਦਿੱਤਾ ਕਿ ਜੇ ਸਰਕਾਰ ਨੇ ਵੱਡਾ ਨਿਵੇਸ਼ ਚਾਹੁੰਦੀ ਹੈ ਤਾਂ ਸਰਕਾਰ ਪੰਜਾਬ ਨੂੰ ਦੇਸ਼ ਦੀ ਗੌਲਫ ਦੀ ਰਾਜਧਾਨੀ ਵਜੋਂ ਵਿਕਸਤ ਕਰੇ ਜੋ ਯਕੀਨਨ ਤੌਰ ਉਤੇ ਨਿਵੇਸ਼ਕਾਰਾਂ ਨੂੰ ਪੰਜਾਬ ਪ੍ਰਤੀ ਆਕਰਸ਼ਿਤ ਕਰੇਗੀ।

ਐਲ ਡੀ ਫਲੋਰਜ਼, ਡੇਰਾਬੱਸੀ ਤੋਂ ਵਿਸ਼ਾਲ ਜਿੰਦਲ ਜਿਨ੍ਹਾਂ ਨੇ ਗ੍ਰੀਨ ਸਟੈਂਪ ਪੇਪਰ ਵੀ ਖਰੀਦਿਆ ਹੈ, ਨੇ ਗ੍ਰੀਨ ਸਟੈਂਪ ਪੇਪਰ ਦੀ ਸਹੂਲਤ ਬਾਰੇ ਉਸ ਦਾ ਮਾਰਗਦਰਸ਼ਨ ਕਰਨ ਲਈ ਇਨਵੈਸਟ ਪੰਜਾਬ ਦਾ ਧੰਨਵਾਦ ਕੀਤਾ ਜਿਸ ਸਦਕਾ ਉਸ ਨੇ ਵੱਖ-ਵੱਖ ਵਿਭਾਗਾਂ ਤੋਂ ਮਨਜ਼ੂਰੀਆਂ ਹਾਸਲ ਕੀਤੀਆਂ।

ਜਨਰਲ ਮਿੱਲਜ਼ ਤੋਂ ਗੌਰਵ ਜਿੰਦਲ ਨੇ ਗ੍ਰੀਨ ਸਟੈਂਪ ਪੇਪਰਾਂ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਸ ਨੇ ਕੁਝ ਵਿਭਾਗਾਂ ਬਾਰੇ ਪ੍ਰਵਾਨਗੀਆਂ ਦੇਣ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਕੁਝ ਬੇਨਤੀਆਂ ਵੀ ਕੀਤੀਆਂ।

ਜੇ.ਐਸ.ਡਬਲਯੂ. ਸਟੀਲ ਦੇ ਵਿਕਾਸ ਜੈਨ ਨੇ ਕਿਹਾ, “ਉਨ੍ਹਾਂ ਨੇ ਥੋੜ੍ਹੇ ਸਮੇਂ ਵਿੱਚ ਸਾਰੀਆਂ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ ਅਤੇ 250 ਕਰੋੜ ਰੁਪਏ ਦਾ ਨਿਵੇਸ਼ ਕੀਤਾ ਅਤੇ ਸਟੀਲ ਅਤੇ ਸੀਮੈਂਟ ਸੈਕਟਰ ਵਿੱਚ 650 ਹੁਨਰਮੰਦ ਤੇ ਹੋਰ ਕਾਮਿਆਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ। ਉਨ੍ਹਾਂ ਨੇ ਮੁੱਖ ਮੰਤਰੀ ਅਤੇ ਇਨਵੈਸਟ ਪੰਜਾਬ ਦੀਆਂ ਪਹਿਲਕਦਮੀਆਂ ਲਈ ਧੰਨਵਾਦ ਕੀਤਾ। ਉਨ੍ਹਾਂ ਖੁਲਾਸਾ ਕੀਤਾ ਕਿ ਉਹ ਜਲਦੀ ਹੀ ਸੂਬੇ ਵਿੱਚ 1000 ਕਰੋੜ ਰੁਪਏ ਦਾ ਨਿਵੇਸ਼ ਕਰਨ ਜਾ ਰਹੇ ਹਨ।

ਪੈਨੇਸੀਆ ਤੋਂ ਸੰਜੇ ਯਾਦਵ ਨੇ ਉਦਯੋਗ ਅਤੇ ਵਣਜ ਵਿਭਾਗ ਵਿੱਚ ਸਪੱਸ਼ਟ ਪਾਰਦਰਸ਼ਤਾ ਲਿਆਉਣ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸ਼ਲਾਘਾ ਕੀਤੀ, ਜਿਸ ਨੇ ਉਦਯੋਗ ਦੇ ਵਿਕਾਸ ਲਈ ਸੁਖਾਲਾ ਅਤੇ ਸਹਾਇਕ ਵਾਤਾਵਰਣ ਪ੍ਰਦਾਨ ਕੀਤਾ ਹੈ।

ਨੈਟਸਮਾਰਟਜ਼ ਤੋਂ ਮਨੀਪਾਲ ਧਾਲੀਵਾਲ ਨੇ ਕਿਹਾ ਕਿ ਪੰਜਾਬ ਕੋਲ ਆਈ.ਟੀ. ਸੈਕਟਰ ਵਿੱਚ ਮਹੱਤਵਪੂਰਨ ਸਥਾਨ ਬਣਾਉਣ ਦੀ ਵੱਡੀ ਸਮਰੱਥਾ ਹੈ, ਜਿਸ ਤੋਂ ਉਹ 20 ਸਾਲ ਪਹਿਲਾਂ ਖੁੰਝ ਗਿਆ ਸੀ। ਹੁਣ ਤੱਕ ਉਹ 200 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰ ਚੁੱਕਾ ਹੈ। ਹੁਣ ਉਹ 500 ਕਰੋੜ ਰੁਪਏ ਦੇ ਹੋਰ ਨਿਵੇਸ਼ ਲਈ ਅੱਗੇ ਵਧ ਰਿਹਾ ਸੀ।
ਉਸ ਨੇ ਕੁਝ ਮੁੱਖ ਸਿਫ਼ਾਰਸ਼ਾਂ ਵੀ ਕੀਤੀਆਂ ਜਿਨ੍ਹਾਂ ਵਿੱਚ ਵਿਸ਼ਵ ਪੱਧਰ ‘ਤੇ ਆਈ.ਟੀ. ਨੀਤੀ ਦਾ ਪਾਸਾਰ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਹਵਾਈ ਅੱਡੇ ਦੇ ਨੇੜੇ ਆਈ.ਟੀ ਸਿਟੀ ਬਣ ਰਹੀ ਹੈ, ਇਸ ਲਈ ਇਸ ਨੂੰ ਮਿਸਾਲੀ ਤਰੀਕੇ ਨਾਲ ਹੁਲਾਰਾ ਦੇਣ ਲਈ ਸੂਬਾ ਸਰਕਾਰ ਨੂੰ ਵੱਧ ਤੋਂ ਵੱਧ ਅੰਤਰਰਾਸ਼ਟਰੀ ਉਡਾਣਾਂ ਲਈ ਪ੍ਰਕਿਰਿਆ ਨੂੰ ਅੱਗੇ ਵਧਾਉਣਾ ਚਾਹੀਦਾ ਹੈ।

ਸੀ.ਆਈ.ਆਈ. ਤੋਂ ਪੀ.ਜੇ. ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਪੰਜਾਬ ਦੇ ਮੁੱਖ ਮੰਤਰੀ ਦੀ ਪ੍ਰਸ਼ੰਸਾ ਲਈ ਸ਼ਬਦ ਨਹੀਂ ਹਨ। ਮਸਲਿਆਂ ਦੇ ਹੱਲ ਤੁਰੰਤ ਪ੍ਰਭਾਵ ਨਾਲ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਅਫ਼ਸੋਸ ਪ੍ਰਗਟ ਕੀਤਾ ਕਿ ਪਿਛਲੇ ਪੰਜ ਸਾਲਾਂ ਵਿੱਚ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਸੀ ਪਰ ਹੁਣ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸੂਬਾ ਸਰਕਾਰ ਨੇ ਸਨਅਤਕਾਰਾਂ ਦੇ ਸੁਝਾਵਾਂ ਅਤੇ ਲੋੜਾਂ ਅਨੁਸਾਰ ਤੁਰੰਤ ਪ੍ਰਭਾਵ ਨਾਲ ਨੀਤੀਆਂ ਵਿੱਚ ਸੋਧ ਕਰਕੇ ਲਾਗੂ ਕੀਤੀ ਹੈ।

ਆਰ.ਐਸ. ਪੀਐਚਡੀ ਚੈਂਬਰ ਤੋਂ ਸਚਦੇਵਾ ਨੇ ਉਦਯੋਗਿਕ ਮਿਲਣੀਆਂ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮੰਗਾਂ ਪੂਰੀਆਂ ਹੋ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਜਦੋਂ ਮੌਜੂਦਾ ਸਰਕਾਰ ਹੋਂਦ ਵਿੱਚ ਆਈ ਸੀ ਤਾਂ ਜੀ.ਐਸ.ਟੀ. ਦਾ ਪਾੜਾ ਬਹੁਤ ਵੱਡਾ ਸੀ ਪਰ ਸਰਕਾਰ ਨੇ ਪੂਰੀ ਕੁਸ਼ਲਤਾ ਨਾਲ ਇਸ ਪਾੜੇ ਨੂੰ ਪੂਰਾ ਕੀਤਾ ਹੈ। ਜਦੋਂ ਮੁੱਖ ਮੰਤਰੀ ਮਾਨ ਨੇ ਮੁੰਬਈ ਦਾ ਦੌਰਾ ਕੀਤਾ, ਤਾਂ ਉਨ੍ਹਾਂ ਨੇ ਸੂਬੇ ਵਿੱਚ ਕਲਰ ਕੋਡਿੰਗ ਸਟੈਂਪ ਪੇਪਰਾਂ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ ਜੋ ਸ਼ਾਨਦਾਰ ਢੰਗ ਨਾਲ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਕੰਪਾਊਂਡਿੰਗ ਦਾ ਮੁੱਦਾ ਵੀ ਸੁਲਝਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੁਹਾਲੀ, ਪੰਜਾਬ ਦਾ ਗੇਟਵੇਅ ਹੋਣ ਦੇ ਨਾਲ-ਨਾਲ ਮਾਲੀਏ ਦਾ ਵੀ ਵੱਡਾ ਸਰੋਤ ਹੈ। ਉਨ੍ਹਾਂ ਸੁਝਾਅ ਦਿੱਤਾ ਕਿ 10 ਸਾਲਾਂ ਦੀ ਅਗਾਊਂ ਯੋਜਨਾਬੰਦੀ ਦੇ ਇਲਾਵਾ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਸ਼ਾਮਲ ਕਰਦੇ ਹੋਏ ਇਸ ਨੂੰ ਸਨਅਤੀ ਰਾਜਧਾਨੀ ਦਾ ਨਾਂ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਕੁਰਾਲੀ ਨੇੜੇ ਸਨਅਤੀ ਜ਼ਮੀਨ ਉਪਲਬਧ ਹੈ ਪਰ ਸੜਕਾਂ ਤੰਗ ਹਨ, ਸੜਕਾਂ ਨੂੰ ਚੌੜਾ ਕਰਨ ਨਾਲ ਉਦਯੋਗ ਨੂੰ ਵੱਡਾ ਹੁਲਾਰਾ ਮਿਲੇਗਾ।

ਮੁਹਾਲੀ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸਿੰਘ ਨੇ ਕਿਹਾ ਕਿ ਸਾਰੇ ਅਧਿਕਾਰੀ ਬਹੁਤ ਵਧੀਆ ਕੰਮ ਕਰ ਰਹੇ ਹਨ। ਉਹ ਉਦਯੋਗ ਨਾਲ ਸਬੰਧਤ ਹਰੇਕ ਮੁੱਦੇ ਨੂੰ ਹੱਲ ਕਰ ਰਹੇ ਹਨ। ਉਨ੍ਹਾਂ ਨੇ ਇਸ ਮੁੱਦੇ ਨੂੰ ਉਠਾਇਆ ਕਿ ਉਦਯੋਗਿਕ ਥਾਵਾਂ ਦੇ ਕਿਰਾਏ ਬਹੁਤ ਜ਼ਿਆਦਾ ਹਨ ਜਿਸ ਕਰਕੇ ਸੂਬਾ ਸਰਕਾਰ ਨੂੰ ਵੱਡੇ ਪਲਾਟਾਂ ਨੂੰ ਛੋਟੇ ਪਲਾਟਾਂ ਵਿੱਚ ਬਦਲਣਾ ਚਾਹੀਦਾ ਹੈ ਅਤੇ ਇਹ ਲੰਬੇ ਸਮੇਂ ਦੀਆਂ ਆਸਾਨ ਕਿਸ਼ਤਾਂ ਦੇ ਅਧਾਰ ‘ਤੇ ਨੌਜਵਾਨ ਉੱਦਮੀਆਂ ਅਤੇ ਉਦਯੋਗਪਤੀਆਂ ਨੂੰ ਅਲਾਟ ਕਰਨੇ ਚਾਹੀਦੇ ਹਨ।

ਫੋਕਲ ਪੁਆਇੰਟ ਇੰਡਸਟਰੀਜ਼ ਐਸੋਸੀਏਸ਼ਨ ਦੇ ਨਿਰਦੋਸ਼ ਬਾਲੀ ਨੇ ਦੱਸਿਆ ਕਿ ਇੰਡਸਟਰੀ ਦੀਆਂ ਸਾਰੀਆਂ ਮੰਗਾਂ ਪੂਰੀਆਂ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਉਦਯੋਗਿਕ ਬਿਜਲੀ ਸਪਲਾਈ ਵਿੱਚ ਹੋਰ ਸੁਧਾਰ ਲਈ ਕੁਝ ਅਹਿਮ ਕਦਮਾਂ ਦਾ ਸੁਝਾਅ ਵੀ ਦਿੱਤਾ।

ਡੇਰਾਬੱਸੀ ਇੰਡਸਟਰੀਅਲ ਐਸੋਸੀਏਸ਼ਨ ਦੇ ਰਾਕੇਸ਼ ਅਗਰਵਾਲ ਨੇ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀ ਮਦਦ ਨਾਲ ਹੁਣ ਉਦਯੋਗਿਕ ਖੇਤਰ ਵਿੱਚ ਡੇਰਾਬਸੀ ਬ੍ਰਾਂਡ ਬਣ ਗਿਆ ਹੈ। ਉਨ੍ਹਾਂ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਮਾਨ ਦੇ ਯਤਨਾਂ ਨਾਲ ਪਿਛਲੇ ਸਾਲ ਸਥਾਪਿਤ ਕੀਤੇ ਗਏ ਪੰਜ ਮੈਗਾਵਾਟ ਦੇ ਪੈਡੀ ਸਟਰਾਅ ਆਧਾਰਿਤ ਪਾਵਰ ਹਾਊਸ ਜ਼ਿਲ੍ਹੇ ਦੀ ਪੂਰੀ ਝੋਨੇ ਦੀ ਪਰਾਲੀ ਨੂੰ ਜਜ਼ਬ ਕਰ ਸਕਦਾ ਹੈ। ਉਨ੍ਹਾਂ ਨੇ ਸਾਲ 2009 ਦੇ ਮਾਸਟਰ ਪਲਾਨ ਨੂੰ ਲਾਗੂ ਕਰਨ ਤੋਂ ਪਹਿਲਾਂ ਸਥਾਪਿਤ ਕੀਤੀਆਂ ਸਨਅਤੀ ਇਕਾਈਆਂ ਲਈ ਯਕਮੁਸ਼ਤ ਨਿਪਟਾਰਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਨੇ ਹਰੇ ਰੰਗ ਦੇ ਸਟੈਂਪ ਪੇਪਰ ਦੀ ਪਹਿਲਕਦਮੀ ਦੀ ਵੀ ਸ਼ਲਾਘਾ ਕੀਤੀ ਅਤੇ ਇਸ ਦੇ ਹੋਰ ਸੁਧਾਰ ਲਈ ਕੁਝ ਹੋਰ ਕਦਮ ਵੀ ਸੁਝਾਏ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!