ਕਰੋਨਾ ਮਹਾਮਾਰੀ ਨੂੰ ਜੜੋਂ ਮੁਕਾਉਣ ਲਈ ਟੀਕਾਕਰਨ ਜ਼ਰੂਰੀ: ਤੇਜ ਪ੍ਰਤਾਪ ਸਿੰਘ ਫੂਲਕਾ
ਕਰੋਨਾ ਮਹਾਮਾਰੀ ਨੂੰ ਜੜੋਂ ਮੁਕਾਉਣ ਲਈ ਟੀਕਾਕਰਨ ਜ਼ਰੂਰੀ: ਤੇਜ ਪ੍ਰਤਾਪ ਸਿੰਘ ਫੂਲਕਾ
*ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲੀਸ ਮੁਖੀ ਬਰਨਾਲਾ ਨੇ ਖੁਦ ਲਵਾਈ ਵੈਕਸੀਨ
*ਮੋਹਰਲੀ ਕਤਾਰ ਦੇ ਯੋਧਿਆਂ ਨੂੰ ਵੈਕਸੀਨ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ
ਬਰਨਾਲਾ, 3 ਫਰਵਰੀ
ਕਰੋਨਾ ਮਹਾਮਾਰੀ ਨੂੰ ਜੜੋਂ ਮੁਕਾਉਣ ਲਈ ਵੈਕਸੀਨ ਲਵਾਉਣੀ ਬੇਹੱਦ ਜ਼ਰੂਰੀ ਹੈ ਤਾਂ ਜੋ ਅਸੀਂ ਖੁਦ ਅਤੇ ਦੂਜਿਆਂ ਨੂੰ ਸੁਰੱਖਿਅਤ ਰੱਖ ਸਕੀਏ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਸਿਵਲ ਹਸਪਤਾਲ ਬਰਨਾਲਾ ਵਿਖੇ ਖੁਦ ਕਰੋਨਾ ਦਾ ਟੀਕਾ ਲਗਵਾਉਣ ਮਗਰੋਂ ਕੀਤਾ।
ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਅਤੇ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਵੱਲੋਂ ਕਰੋਨਾ ਵੈਕਸੀਨ ਲਗਵਾ ਕੇ ਜ਼ਿਲੇ ਵਿਚ ਕਰੋਨਾ ਵਿਰੁੱਧ ਟੀਕਾਕਰਨ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅੱਜ ਕੋਵਿਡ ਟੀਕਾਕਰਨ ਮੁਹਿੰਮ ਤਹਿਤ ਦੇ ਦੂਜੇ ਗੇੜ ਤਹਿਤ ਮੂਹਰਲੀ ਕਤਾਰ ਦੇ ਯੋਧਿਆਂ ਨੂੰ ਵੈਕਸੀਨ ਲਾਉਣ ਦੀ ਸ਼ੁਰੂਆਤ ਸਿਹਤ ਵਿਭਾਗ ਬਰਨਾਲਾ ਵੱਲੋਂ ਕੀਤੀ ਗਈ ਹੈ। ਇਸ ਗੇੜ ਵਿੱਚ ਉਨਾਂ ਵਿਭਾਗਾਂ ਦੇ ਅਮਲੇ ਨੂੰ ਵੈਕਸੀਨ ਲਾਈ ਜਾਣੀ ਹੈ, ਜਿਨਾਂ ਨੇ ਕਰੋਨਾ ਮਹਾਮਾਰੀ ਵਿਰੁੱਧ ਮੋਹਰੀ ਰਹਿ ਕੇ ਜ਼ਿੰਮੇਵਾਰੀ ਨਿਭਾਈ ਹੈ।
ਇਸੇ ਤਹਿਤ ਉਨਾਂ ਨੇ ਪਹਿਲਾਂ ਖੁਦ ਵੈਕਸੀਨ ਲਗਵਾਈ ਹੈ ਤਾਂ ਜੋ ਉਹ ਵੀ ਸੁਰੱਖਿਅਤ ਰਹਿਣ ਅਤੇ ਬਾਕੀ ਅਮਲੇ ਨੂੰ ਵੀ ਹੱਲਾਸ਼ੇਰੀ ਮਿਲ ਸਕੇ। ਉਨਾਂ ਦੱਸਿਆ ਕਿ ਹੁਣ ਤੱਕ ਆਨਲਾਈਨ ਪੋਰਟਲ ’ਤੇ ਜ਼ਿਲੇ ਦੇ 5207 ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਹੋ ਚੁੱਕੀ ਹੈ ਅਤੇ 511 ਨੰੂ ਵੈਕਸੀਨ ਲੱਗ ਚੁੱਕੀ ਹੈ।
ਇਸ ਮੌਕੇ ਜ਼ਿਲਾ ਪੁਲੀਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਆਖਿਆ ਕਿ ਪੁਲੀਸ ਵਿਭਾਗ ਵੱਲੋਂ ਕਰੋਨਾ ਮਹਾਮਾਰੀ ਦੌਰਾਨ ਮੂਹਰਲੀ ਕਤਾਰ ਵਿਚ ਸੇਵਾਵਾਂ ਨਿਭਾਈਆਂ ਗਈਆਂ ਹਨ। ਪੁਲੀਸ ਕਰਮੀਆਂ ਨੂੰ ਕਰੋਨਾ ਵਾਇਰਸ ਤੋਂ ਸੁਰੱਖਿਅਤ ਰੱਖਣ ਲਈ ਕੱਲ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਪੁਲੀਸ ਕੋਵਿਡ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਅਤੇ ਅੱਜ ਜ਼ਿਲਾ ਬਰਨਾਲਾ ਵਿਚ ਦੂਜੇ ਗੇੜ ਤਹਿਤ ਸ਼ੁਰੂਆਤ ਹੋ ਚੁੱਕੀ ਹੈ। ਇਸ ਤਹਿਤ ਉਨਾਂ ਨੇ ਖੁਦ ਵੈਕਸੀਨ ਲਵਾਈ ਹੈ ਤੇ ਹੁਣ ਬਰਨਾਲਾ ਪੁਲੀਸ ਦੇ ਹੋਰ ਅਮਲੇ ਨੂੰ ਵੈਕਸੀਨ ਲਗਾਈ ਜਾਵੇਗੀ।
ਇਸ ਮੌਕੇ ਐਸਪੀ (ਹੈਡਕੁਆਰਟਰ) ਹਰਵੰਤ ਕੌਰ ਤੇ ਸਿਵਲ ਹਸਪਤਾਲ ਬਰਨਾਲਾ ਦੇ ਡਾ. ਮਨਪ੍ਰੀਤ ਸਿੱਧੂ ਵੀ ਕਰੋਨਾ ਵਿਰੁੱਧ ਟੀਕਾ ਲਗਵਾਇਆ ਗਿਆ, ਜਿਸ ਦੀ ਦੂਜੀ ਡੋਜ਼ 28 ਦਿਨ ਬਾਅਦ ਲੱਗੇਗੀ।
ਇਸ ਮੌਕੇ ਸਿਵਲ ਸਰਜਨ ਬਰਨਾਲਾ ਡਾ. ਹਰਿੰਦਰਜੀਤ ਸਿੰਘ, ਐਸਐਮਓ ਡਾ. ਤਪਿੰਦਰਜੋਤ ਕੌਸ਼ਲ ਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।