ਪੰਜਾਬ
ਹਰਭਜਨ ਸਿੰਘ ਹੁੰਦਲ ਨੂੰ ਡਾ ਪਾਤਰ ਨੇ ਸ਼ਰਧਾਂਜਲੀ ਭੇਟ ਕੀਤੀ
ਚੰਡੀਗੜ੍ਹ-( ਨਿੰਦਰ ਘੁਗਿਆਣਵੀ)- ਪੰਜਾਬੀ ਦੇ ਪ੍ਰਗਤੀਸ਼ੀਲ ਤੇ ਬਹੁਪੱਖੀ ਲੇਖਕ ਹਰਭਜਨ ਸਿੰਘ ਹੁੰਦਲ ਦੀ ਮੌਤ ਉਤੇ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਦੇ ਚੇਅਰਮੈਨ ਡਾ ਸੁਰਜੀਤ ਪਾਤਰ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਤੇ ਉਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਹੈ। ਸ੍ਰ ਹੁੰਦਲ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਡਾ ਸੁਰਜੀਤ ਪਾਤਰ ਨੇ ਆਖਿਆ ਕਿ ਹੁੰਦਲ ਜੀ ਇਕੋ ਸਮੇਂ ਉਚ ਕੋਟੀ ਦੇ ਸ਼ਾਇਰ, ਵਾਰਤਕਕਾਰ, ਸੰਪਾਦਕ ਤੇ ਅਨੁਵਾਦਕ ਵੀ ਸਨ। ਉਹਨਾਂ ਆਪਣੇ ਅਧਿਆਪਨ ਦੇ ਕਾਰਜ ਨੂੰ ਵੀ ਬੜੀ ਕੁਸ਼ਲਤਾ ਨਾਲ ਨਿਭਾਇਆ। ਸ੍ਰ ਹੁੰਦਲ ਇਕ ਬੇਬਾਕ ਬੁਲਾਰੇ ਦੇ ਤੌਰ ਉਤੇ ਵੀ ਜਾਣੇ ਜਾਂਦੇ ਸਨ। ਡਾ ਪਾਤਰ ਨੇ ਉਨਾਂ ਪਲਾਂ ਨੂੰ ਵੀ ਯਾਦ ਕੀਤਾ, ਜਦ 2019 ਵਿਚ ਹਰਭਜਨ ਸਿੰਘ ਹੁੰਦਲ ਨੂੰ ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਉਨਾਂ ਦੇ ਨਿਵਾਸ ਉਤੇ ਜਾਕੇ ਇਕ ਲੱਖ ਰੁਪਏ ਦਾ ‘ਪੰਜਾਬ ਗੌਰਵ’ ਪੁਰਸਕਾਰ ਭੇਟ ਕੀਤਾ ਗਿਆ ਸੀ। ਡਾ ਪਾਤਰ ਤੋਂ ਇਲਾਵਾ ਆਰਟਸ ਕੌਂਸਲ ਦੇ ਉਪ ਚੇਅਰਮੈਨ ਯੋਗਰਾਜ ਸਿੰਘ, ਸਕੱਤਰ ਡਾ ਲਖਵਿੰਦਰ ਜੌਹਲ, ਮੀਡੀਆ ਕੋਆਰਡੀਨੇਟਰ ਨਿੰਦਰ ਘੁਗਿਆਣਵੀ ਤੇ ਪੰਜਾਬ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਸਰਬਜੀਤ ਕੌਰ ਸੋਹਲ ਨੇ ਵੀ ਹਰਭਜਨ ਸਿੰਘ ਹੁੰਦਲ ਦੀ ਮੌਤ ਉਤੇ ਦੁੱਖ ਪ੍ਰਗਟ ਕੀਤਾ ਹੈ।