ਮੁਲਾਜ਼ਮਾਂ ਵੱਲੋਂ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਸਰਕਾਰ ਨੂੰ ਵੰਗਾਰ

ਸਰਕਾਰ ਦੀਆਂ ਚੂਲਾਂ ਹਿਲਾਉਣ ਲਈ ਰਣਨੀਤੀ ਤਿਆਰ
ਵੱਖ ਵੱਖ ਨਵੀਆਂ ਜੱਥੇਬੰਦੀਆਂ ਹੋਈਆਂ ਸ਼ਾਮਿਲ
ਚੰਡੀਗੜ੍ਹ 28 ਜਨਵਰੀ ( ) ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਅਤੇ ਪੰਜਾਬ ਵੱਲੋਂ ਅੱਜ ਕਿਸਾਨ ਭਵਨ, ਚੰਡੀਗੜ੍ਹ ਵਿਖੇ ਹੰਗਾਮੀ ਮੀਟਿੰਗ ਕੀਤੀ ਗਈ ਜਿਸ ਦੀ ਅਗਵਾਈ ਸੁਖਚੈਨ ਸਿੰਘ ਖਹਿਰਾ, ਖੁਸ਼ਵਿੰਦਰ ਕਪਿਲਾ, ਕਰਮ ਸਿੰਘ ਧਨੋਆ, ਸੁਖਜੀਤ ਸਿੰਘ, ਗੁਰਸ਼ਰਨਜੀਤ ਸਿੰਘ ਹੁੰਦਲ ਅਤੇ ਪਰਵਿੰਦਰ ਸਿੰਘ ਖੰਘੁੜਾ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਜਿੱਥੇ ਮੁਲਾਜ਼ਮਾਂ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਵਿਚਾਰ ਚਰਚਾ ਕੀਤੀ ਗਈ ਉੱਥੇ ਹੀ ਮੰਚ ਦੀ ਬਣਤਰ ਅਤੇ ਕਾਰਜਕਾਰਣੀ ਸਬੰਧੀ ਵੀ ਚਰਚਾ ਕੀਤੀ ਗਈ। ਸਾਂਝੇ ਮੰਚ ਦੇ ਸਮੂਹ ਕਨਵੀਨਰਾਂ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਗਈ। ਪਿਛਲੇ ਦਿਨੀ ਫਰੰਟ ਵੱਲੋਂ ਜੱਥੇਬੰਦੀ ਦਾ ਵਿਸਥਾਰ ਕਰਨ ਸਬੰਧੀ ਹੋਏ ਫੈਸਲੇ ਦੇ ਸਨਮੁੱਖ ਮੰਚ ਵੱਲੋਂ ਫਰੰਟ ਨੂੰ ਨੁਮਾਇੰਦੇ ਦੇਣ ਦਾ ਫੈਸਲਾ ਕੀਤਾ ਗਿਆ। ਜੱਥੇਬੰਦੀਆਂ ਵੱਲੋਂ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਸਰਕਾਰ ਵੱਲੋਂ ਵਿਭਾਗਾਂ ਦਾ ਪੁਨਰਗਠਨ ਕੀਤਾ ਜਾ ਰਿਹਾ ਹੈ ਜਿਸ ਦੀ ਆੜ ਵਿੱਚ ਸਰਕਾਰ ਬਹੁਤ ਸਾਰੀਆਂ ਅਸਾਮੀਆਂ ਸਮਾਪਤ ਕਰਨ ਜਾ ਰਹੀ ਹੈ ਜਿਸ ਨਾਲ ਸਰਕਾਰ ਦੇ ਘਰ ਘਰ ਰੁਜਗਾਰ ਸਬੰਧੀ ਪੰਜਾਬ ਦੀ ਅਵਾਮ ਨਾਲ ਕੀਤੇ ਵਾਅਦੇ ਸਬੰਧੀ ਦੋਗਲਾਪਨ ਜਾਹਿਰ ਹੋ ਰਿਹਾ ਹੈ। ਇਸ ਤੋਂ ਇਲਾਵਾ ਸਾਲ 2004 ਤੋਂ ਬਾਅਦ ਭਰਤੀ ਕਰਮਚਾਰੀਆਂ ਦੀਆਂ ਮੰਗਾਂ ਸਬੰਧੀ ਵੀ ਵਿਸਥਾਰ ਨਾਲ ਚਰਚਾ ਹੋਈ ਭਵਿੱਖ ਵਿੱਚ ਸਾਰੀਆਂ ਜੱਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਲਿਆ ਕੇ ਸੰਘਰਸ਼ ਕੀਤਾ ਜਾਵੇਗਾ। ਜੱਥੇਬੰਦੀਆਂ ਵੱਲੋਂ ਫੈਸਲਾ ਲਿਆ ਗਿਆ ਕਿ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਕੀਤੀ ਜਾ ਰਹੀ ਰੀ-ਸਟਰਕਚਰਿੰਗ ਦੇ ਵਿਰੋਧ ਵਿੱਚ ਮਿਤੀ 04.02.2021 ਨੂੰ ਸੈਕਟਰ 17 ਵਿਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸਰਕਾਰ ਦੀ ਘਰ ਘਰ ਰੁਜਗਾਰ ਦੀ ਨਿਤੀ ਦੀ ਪੋਲ ਖੋਲੀ ਜਾਵੇਗੀ ਜਿਸ ਵਿੱਚ ਸਰਕਾਰ ਵੱਲੋਂ 1 ਲੱਖ ਨੌਕਰੀਆਂ ਦੇਕੇ ਰਾਜ ਵਿੱਚ ਬੇਰੁਜਗਰਾਰੀ ਨੂੰ ਖਤਮ ਕਰਨ ਦੇ ਚੋਣ ਵਾਅਦੇ ਕੀਤੇ ਗਏ ਸਨ।
ਜੱਥੇਬੰਦੀਆਂ ਵੱਲੋਂ ਇਹ ਵੀ ਫੈਸਲਾ ਲਿਆ ਗਿਆ ਕਿ 12.02.2021 ਨੂੰ ਮੁਲਾਜ਼ਮ ਮੰਗਾਂ ਦੇ ਸਬੰਧ ਵਿੱਚ ਪੰਜਾਬ ਪੱਧਰ ਦੀ ਰੈਲੀ ਮੁਹਾਲੀ ਵਿਖੇ ਕੀਤੀ ਜਾਵੇਗੀ ਜਿਸ ਵਿੱਚ ਮੁਲਾਜ਼ਮਾਂ ਅਤੇ ਰਿਟਾਇਰ ਹੋਏ ਮੁਲਾਜ਼ਮਾਂ ਦਾ ਵੱਡਾ ਇਕੱਠ ਕੀਤਾ ਜਾਵੇਗਾ। ਇਸ ਤੋਂ ਇਲਾਵਾ ਮੰਚ ਵੱਲੋਂ ਸਰਵਸੰਮਤੀ ਨਾਲ ਫੈਸਲਾ ਲੈਂਦੇ ਹੋਏ ਫਰੰਟ ਨੂੰ ਇਹ ਸੁਝਾਵ ਵੀ ਦਿੱਤਾ ਕਿ ਨਗਰ ਨਿਗਮ ਦੀਆਂ ਚੋਣਾਂ ਦੇ ਮੱਦੇਨਜ਼ਰ ਮੁਹਾਲੀ ਦੀ ਆਮ ਜਨਤਾ ਨੂੰ ਕਾਂਗਰਸ ਪਾਰਟੀ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਸਬੰਧੀ ਜਾਗਰੁਕ ਕਰਨ ਲਈ ਪਰਚੇ ਛਪਵਾਏ ਜਾਣ ਜਿਸ ਵਿੱਚ ਸਰਕਾਰ ਦੀਆਂ ਲੋਕ ਵਿਰੁਧੀ ਨੀਤੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਜਾਵੇ ਅਤੇ ਆਮ ਜਨਤਾ ਨੂੰ ਸਰਕਾਰ ਦੇ ਅਸਲੀ ਚਿਹਰੇ ਨੂੰ ਸਾਹਮਣੇ ਲਿਆਂਦੇ ਹੋਏ ਚੋਣਾਂ ਵਿੱਚ ਕਾਂਗਰਸ ਪਾਰਟੀ ਦਾ ਬਹਿਸ਼ਕਾਰ ਕਰਨ ਲਈ ਲੋਕਾਂ ਨੂੰ ਪ੍ਰੇਰਿਆ ਜਾਵੇ। ਇਸ ਸਬੰਧੀ ਸਾਂਝੇ ਮੰਚ ਵਿੱਚ ਆਈ.ਟੀ. ਸੈੱਲ, ਲੀਗਲ ਸੈੱਲ ਅਤੇ ਆਰ.ਟੀ.ਆਈ ਸੈੱਲ ਦਾ ਗਠਨ ਕੀਤਾ ਜਾਵੇਗਾ। ਇਸ ਮੌਕੇ ਵੱਖ ਵੱਖ ਵਿਭਾਗਾਂ ਦੀਆਂ ਜੱਥੇਬੰਦੀਆਂ ਦੇ ਨੁਮਾਂਇਦਿਆਂ ਨੇ ਸ਼ਮੂਲੀਅਤ ਕੀਤੀ ਜਿਨ੍ਹਾਂ ਵਿੱਚ ਪੰਜਾਬ ਸਿਵਲ ਸਕੱਤਰੇਤ ਤੋਂ ਸਟਾਫ ਐਸੋਸੀਏਸ਼ਨ ਅਤੇ ਜੁਆਇੰਟ ਐਕਸ਼ਨ ਕਮੇਟੀ, ਪੰਜਾਬ ਸਕੂਲ ਸਿੱਖਿਆ ਬੋਰਡ, ਸਿੰਚਾਈ ਵਿਭਾਗ, ਸਿੱਖਿਆ ਵਿਭਾਗ (ਡੀ.ਪੀ.ਆਈ), ਈ.ਐਸ.ਓ ਕੰਟਰੈਚੁਅਲ ਯੂਨੀਅਨ, ਪੀ.ਐਸ.ਪੀ.ਸੀ.ਐਲ., ਰੈਵੀਨੀਊ ਯੂਨੀਅਨ ਜਲ ਸਰੋਤ ਵਿਭਾਗ, ਪੰਜਾਬ ਡਰਾਫਟਸਮੈਨ ਐਸੋਸੀਏਸ਼ਨ, ਪੰਜਾਬ ਸਟੇਟ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ, ਪੰਜਾਬ ਸਟੇਟ ਪੈਨਸ਼ਨਰ ਕੰਨਫੈਡਰੇਸ਼ਨ, ਨਿਊ ਪੈਨਸ਼ਨ ਸਕੀਮ, ਕਾਊਸਿਲ ਆਫ ਡਿਪਲੋਮਾਂ ਇੰਜੀਨੀਅਰਜ਼(ਪੰਜਾਬ, ਹਿਮਾਚਲ, ਚੰਡੀਗੜ੍ਹ, ਯੂ.ਟੀ. ਹਰਿਆਣਾ ਅਤੇ ਜੰਮੂ ਕਸ਼ਮੀਰ), ਜੁਆਇੰਟ ਐਕਸ਼ਨ ਕਮੇਟੀ ਆਫ ਪੰਜਾਬ ਅਤੇ ਹਿਮਾਚਲ ਸੁਪਰਵਾਈਜ਼ਰੀ ਸਟਾਫ (ਪੀ.ਡਬਲੀਯੂ.ਡੀ. ਅਤੇ ਆਈ.ਪੀ.ਐੱਚ. ਡਬਲੀਯੂ. ਆਈ), ਸ਼ਹੀਦ ਸੁਰਜੀਤ ਸਿੰਘ ਸ਼ਹੀਦ ਕਰਮਚੀਤ ਸਿੰਘ ਮੋਟੀਵੇਟਰ ਸੰਘਰਸ਼ ਕਮੇਟੀ ਪੰਜਾਬ, ਡੀ.ਜੀ.ਆਰ., ਵਿੱਤ ਤੇ ਯੋਜਨਾ ਵਿਭਾਗ, ਖੁਰਾਕ ਤੇ ਵੰਡ ਵਿਭਾਗ ਤੋਂ ਦਰਜਾ-4 ਕਰਮਚਾਰੀ ਐਸੋਸੀਏਸ਼ਨ, ਡਾਇਰੈਕਟਰ ਸਟੇਟ ਟਰਾਂਸਪੋਰਟ, ਖੇਡਾਂ ਤੇ ਯੁਵਕ ਸੇਵਾਵਾਂ ਵਿਭਾਗ, ਹੋਮਗਾਰਡ ਵੈਲਫੇਅਰ ਐਸੋਸੀਏਸ਼ਨ, ਕਿਰਤ ਵਿਭਾਗ, ਖੁਰਾਕ ਤੇ ਵੰਡ ਵਿਭਾਗ, ਡੀ.ਸੀ. ਦਫਤਰ ਯੁਨੀਅਨ, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ, ਛਪਾਈ ਤੇ ਸਟੇਸ਼ਨਰੀ ਵਿਭਾਗ, ਪੀ.ਐਸ.ਈ.ਬੀ. ਪੰਜਾਬ, ਕਰਮਚਾਰੀ ਯੂਨੀਅਨ ਥਰਮਲ ਪਲਾਂਟ ਰੋਪੜ, ਇੰਡਸਟ੍ਰੀ ਵਿਭਾਗ, ਪੰਜਾਬ ਮੰਡੀ ਬੋਰਡ ਅਤੇ ਅਬਾਦਕਾਰੀ ਵਿਭਾਗ, ਪੰਜਾਬ ਤੋਂ ਨੁਮਾਂਇਦਿਆਂ ਨੇ ਮੀਟਿੰਗ ਵਿੱਚ ਭਾਗ ਲਿਆ।