ਜ਼ਿਲ੍ਹਾ ਮਾਲੇਰਕੋਟਲਾ ਦਾ ਪਹਿਲਾ ” ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ” 14 ਤੋਂ 17 ਦਸੰਬਰ ਤੱਕ
ਡਿਪਟੀ ਕਮਿਸ਼ਨਰ ਨੇ ਤਿਆਰੀਆਂ ਨੂੰ ਦਿੱਤੀਆਂ ਅੰਤਿਮ ਛੋਹਾਂ
ਮਾਲੇਰਕੋਟਲਾ, 13 ਦਸੰਬਰ :
ਪੰਜਾਬ ਸਰਕਾਰ ਵੱਲੋਂ ਦੇਸ਼ ਦੀ ਅਮੀਰ ਵਿਰਾਸਤ ਸੂਫ਼ੀ ਗਾਇਕੀ ਨੂੰ ਮੁੜ ਸੁਰਜੀਤ ਕਰਨ ਲਈ ਰੱਖਣ ਲਈ “ਸੂਫ਼ੀ ਫ਼ੈਸਟੀਵਲ” ਕਰਵਾਇਆ ਜਾ ਰਿਹਾ ਹੈ। ਇਸ ਫੈਸਟੀਵਲ ਦੀ ਮੇਜ਼ਬਾਨੀ ਪੰਜਾਬ ਦੇ ਨਵੇਂ ਬਣੇ ਜ਼ਿਲ੍ਹਾ ਮਾਲੇਰਕੋਟਲਾ ਨੂੰ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਇਹ ਸੂਫ਼ੀ ਫ਼ੈਸਟੀਵਲ ਸਥਾਨਕ ਸਰਕਾਰੀ ਕਾਲਜ ਮਾਲੇਰਕੋਟਲਾ ਵਿਖੇ 14 ਤੋਂ 17 ਦਸੰਬਰ ਤੱਕ ਜ਼ਿਲ੍ਹਾ ਪ੍ਰਸ਼ਾਸਨ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਪੰਜਾਬ ਵੱਲੋਂ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਅੱਜ ਸਥਾਨਕ ਸਰਕਾਰੀ ਕਾਲਜ ਵਿੱਚ ” ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ” ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਦਿੱਤੀ ।
ਉਨ੍ਹਾਂ ਦੱਸਿਆ ਕਿ 17 ਦਸੰਬਰ ਨੂੰ ਫ਼ੈਸਟੀਵਲ ਦੇ ਅੰਤਿਮ ਦਿਨ ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ,ਪ੍ਰਾਹੁਣਾਚਾਰੀ ਵਿਭਾਗ ਦੇ ਕੈਬਨਿਟ ਮੰਤਰੀ ਪੰਜਾਬ ਮੋਹਤਰਮਾ ਅਨਮੋਲ ਗਗਨ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
ਉਨ੍ਹਾਂ ਕਿਹਾ ਕਿ ” ਹਾਅ ਦਾ ਨਾਅਰਾ ” ਵਾਲੇ ਮਾਲੇਰਕੋਟਲਾ ਦੀ ਅਮੀਰ ਵਿਰਾਸਤ ਨੂੰ ਜਾਣ ਲਈ ਸਹਾਈ ਸਿੱਧ ਹੋਵੇਗਾ ਇਹ ਸੂਫ਼ੀ ਫ਼ੈਸਟੀਵਲ। ਲੋਕਲ ਘਰਾਣੇ ਦੀਆਂ ਗਾਇਨ ਸ਼ੈਲੀਆਂ, ਕੱਵਾਲੀਆਂ, ਸੂਫੀਆਨਾ ਕਲਾਮ,ਮੁਸ਼ਾਇਰੇ,ਜਸ਼ਨ ਸੂਫੀਆਨਾ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇਗੀ । ਇਸ ਮੌਕੇ ਮਾਲੇਰਕੋਟਲਾ ਦੇ ਲੋਕਲ ਖਾਣ ਪੀਣ ਦਾ ਜ਼ਾਇਕਾ, ਸੂਫ਼ੀ ਲਿਟਰੇਚਰ ਦੀਆਂ ਕਿਤਾਬਾਂ ਦੀ ਪ੍ਰਦਰਸ਼ਨੀ, ਫੁੱਲ ਬੂਟਿਆਂ ਦੀਆਂ ਸਟਾਲਾਂ,ਚੂੜੀਆਂ ਦੀ ਦੁਕਾਨ,ਮਿੱਟੀ ਅਤੇ ਪਿੱਤਲ ਦੇ ਭਾਂਡੇ,ਲੋਹੇ ਦਾ ਸਮਾਨ(ਤਵੇ,ਕੜਾਹੀ, ਤਸਲੇ ਆਦਿ) ਪੰਜਾਬੀ ਜੁੱਤੀ, ਕਢਾਈ ਬੁਣਾਈ ਨਾਲ ਤਿਆਰ ਵਸਤਾਂ ਦੇ ਸਟਾਲ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨਗੇ । ਇਸ ਮੌਕੇ ਰਵਿੰਦਰ ਰਵੀ ਦੀ ਮਾਲੇਰਕੋਟਲਾ ਨਾਲ ਸਬੰਧਤ ਫੋਟੋ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ ।
ਸਮੂਹ ਨਿਵਾਸੀਆਂ,ਕਲਾ ਪ੍ਰੇਮੀਆਂ ਤੇ ਆਮ ਲੋਕਾਂ ਨੂੰ ਸੂਫ਼ੀ ਫ਼ੈਸਟੀਵਲ ਦਾ ਅਨੰਦ ਮਾਣਨ ਲਈ ਖੁੱਲ੍ਹਾ ਸੱਦਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਮਾਗਮ ਮੌਕੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੀ ਕੋਈ ਟਿਕਟ ਨਹੀਂ ਹੋਵੇਗੀ। ਇਹ ਸਮਾਗਮ ਸ਼ਾਮ 05.00 ਵਜੇ ਤੋਂ ਕਰਵਾਏ ਜਾਣਗੇ । ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮਰਿਆਦਾ ਨੂੰ ਧਿਆਨ ਵਿੱਚ ਰੱਖਦੇ ਹੋਏ ਔਰਤਾਂ ਦੇ ਬੈਠਣ ਦਾ ਅਲੱਗ ਪ੍ਰਬੰਧ ਵੀ ਕੀਤਾ ਗਿਆ ਹੈ ।
” ਸੂਫ਼ੀ ਫ਼ੈਸਟੀਵਲ ਮਾਲੇਰਕੋਟਲਾ ” ਦੀ ਮਜਲਿਸ ਦੀ ਤਫ਼ਸੀਲ ਸਾਂਝੀ ਕਰਦਿਆ ਕਿਹਾ ਕਿ ਸੂਫ਼ੀ ਗਾਇਕੀ ਸਾਡੇ ਦੇਸ਼ ਦੀ ਅਮੀਰ ਵਿਰਾਸਤ ਦਾ ਅਨਮੋਲ ਹਿੱਸਾ ਹੈ ।ਇਸ ਸੂਫ਼ੀ ਫ਼ੈਸਟੀਵਲ ਵਿੱਚ ਦੇਸ਼, ਦੁਨੀਆ ਭਰ ਦੇ ਨਾਮਵਰ ਕਲਾਕਾਰਾਂ ਦੇ ਨਾਲ ਨਾਲ ਸਥਾਨਕ ਕਲਾਕਾਰ ਵੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ । ਉਨ੍ਹਾਂ ਦੱਸਿਆ ਕਿ ਮਿਤੀ 14 ਦਸੰਬਰ ਦਿਨ ਵੀਰਵਾਰ ਨੂੰ ” ਸ਼ਾਮ-ਏ-ਕੱਵਾਲੀ ” ਦੌਰਾਨ ਸੁਲਤਾਨਾ ਨੂਰਾ ਆਪਣੇ ਫ਼ਨ ਦਾ ਪ੍ਰਦਰਸ਼ਨ ਕਰਨਗੇ ਅਤੇ ਸਥਾਨਕ ਕਲਾਕਾਰ ਕਮਲ ਖ਼ਾਨ ਅਤੇ ਵਕੀਲ ਖ਼ਾਨ ਆਪਦੀ ਪੇਸ਼ਕਾਰੀ ਪੇਸ਼ ਕਰਨਗੇ । ਮਿਤੀ 15 ਦਸੰਬਰ ਦਿਨ ਸ਼ੁੱਕਰਵਾਰ ਨੂੰ ” ਏਕ ਸ਼ਾਮ,ਸੂਫ਼ੀਆਨਾ ਕਲਾਮ ” ਤਹਿਤ ਸ੍ਰੀ ਕੰਵਰ ਗਰੇਵਾਲ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਨਗੇ ।ਉਨ੍ਹਾਂ ਤੋਂ ਇਲਾਵਾ ਸ ਅਲੀ ਖ਼ਾਨ,ਨਜ਼ੀਰ, ਆਰਿਫ਼ ਮਤੌਈ ਅਤੇ ਅਖ਼ਤਰ ਅਲੀ ਲੋਕਾਂ ਨਾਲ ਰੁ- ਬ-ਰੁ ਹੋਣਗੇ ।
ਉਨ੍ਹਾਂ ਇਸ ਸੂਫ਼ੀ ਫ਼ੈਸਟੀਵਲ ਦੀ ਮਜਲਿਸ ਬਾਰੇ ਇਤਲਾਹ ਸਾਂਝੀ ਕਰਦਿਆ ਹੋਰ ਦੱਸਿਆ ਕਿ ਮਿਤੀ 16 ਦਸੰਬਰ ਦਿਨ ਸ਼ਨੀਵਾਰ ਨੂੰ ” ਸੂਫ਼ੀਆਨਾ ਮੁਸ਼ਾਇਰਾ ” ਦਾ ਆਯੋਜਨ ਕੀਤਾ ਜਾਵੇਗਾ ।ਜਿਸ ਵਿੱਚ ਸੂਫੀਇਜਮ ਬਾਰੇ ਡਾ.ਮੁਹੰਮਦ ਇਕਬਾਲ ਅਤੇ ਡਾ ਮੁਹੰਮਦ ਜਮੀਲ ਖੋਜ ਪੱਤਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਡਾ.ਰੁਬੀਨਾ ਸ਼ਬਨਮ ਅਤੇ ਡਾ. ਮੁਹੰਮਦ ਰਫ਼ੀ, ਡਾ. ਸਲੀਮ ਜ਼ੁਬੈਰੀ, ਇਫਤਖਾਰ ਸ਼ੇਖ਼,ਜ਼ਫ਼ਰ ਅਹਿਮਦ ਜ਼ਫ਼ਰ, ਜ਼ਮੀਰ ਅਲੀ ਜ਼ਮੀਰ,ਅਜਮਲ ਖ਼ਾਨ ਸ਼ੇਰਵਾਨੀ,ਰਮਜ਼ਾਨ ਸਯਦ ,ਅਨਵਰ ਆਜ਼ਰ,ਸਾਜਿਦ ਇਸਹਾਕ,ਸ਼ਾਹਿਨਾਜ਼ ਭਾਰਤੀ ਆਪਣੇ ਕਲਾਮ ਪੇਸ਼ ਕਰਨਗੇ । ਇਨ੍ਹਾਂ ਤੋਂ ਇਲਾਵਾ ਵਨੀਤ ਖ਼ਾਨ ਅਤੇ ਸਲਾਮਤ ਅਲੀ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ।
ਸਮਾਗਮ ਦੀ ਸਮਾਪਤੀ ਮਿਤੀ 17 ਦਸੰਬਰ ਦਿਨ ਐਤਵਾਰ ਨੂੰ ” ਜਸ਼ਨ –ਏ-ਸੂਫੀਆਨਾ ਕਲਾਮ “ਨਾਲ ਹੋਵੇਗੀ ਜਿਸ ਵਿੱਚ ਮਾਸਟਰ ਸਲੀਮ ਅਤੇ ਸਰਦਾਰ ਅਲੀ ਆਪਣੇ ਫ਼ਨ ਦੇ ਜੌਹਰ ਦਿਖਾਉਣਗੇ ਅਤੇ ਪਰਵੇਜ਼ ਝਿੰਜਰ,ਆਬਿਦ ਅਲੀ,ਅਰਹਮ ਇਕਬਾਲ ਅਤੇ ਮੁਹੰਮਦ ਅਨੀਸ਼ ਵੀ ਆਪਣੇ ਹੁਨਰ ਨਾਲ ਲੋਕਾਂ ਦਾ ਮਨੋਰੰਜਨ ਕਰਨਗੇ ।