ਚੀਫ ਟਾਊਨ ਪਲਾਨਰ ਵਿਰੁੱਧ ਸਰਕਾਰ ਦੀ ਕਾਰਵਾਈ ਸਲਾਘਾਯੋਗ : ਕੌਂਸਲ
ਚੀਫ ਟਾਊਨ ਪਲਾਨਰ ਪੰਕਜ ਬਾਵਾ ਨੂੰ ਮੁਅੱਤਲ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਕਦਮ
ਮੋਹਾਲੀ: ਕੌਂਸਲ ਆਫ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਅਤੇ ਸੋਸਾਇਟੀਜ਼ (ਮੈਗਾ) ਮੋਹਾਲੀ ਦੇ ਆਗੂਆਂ ਦੇ ਪ੍ਰਧਾਨ ਰਾਜਵਿੰਦਰ ਸਿੰਘ ਸਰਾਓ, ਪਾਲ ਸਿੰਘ ਰੱਤੂ ਸ੍ਰਪ੍ਰਸਤ, ਦਲਜੀਤ ਸਿੰਘ ਸੈਣੀ, ਮਨੋਜ ਕੁਮਾਰ, ਅਮਰਜੀਤ ਸਿੰਘ ਭੰਵਰਾ, ਐਡਵੋਕੇਟ ਗੌਰਵ ਗੋਇਲ, ਸੁਮਿਕਸ਼ਾ ਸੂਦ, ਜਸਵੀਰ ਸਿੰਘ ਗੜਾਂਗ ਅਤੇ ਭੁਪਿੰਦਰ ਸਿੰਘ ਸੈਣੀ ਨੇ ਸਾਂਝੇ ਤੌਰ ਤੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਮਾਡਾ/ਪੁੱਡਾ ਦੇ ਚੀਫ ਟਾਊਨ ਪਲਾਨਰ ਪੰਕਜ ਬਾਵਾ ਨੂੰ ਮੁਅੱਤਲ ਕਰਨਾ ਇੱਕ ਬਹੁਤ ਹੀ ਸਲਾਘਾਯੋਗ ਕਦਮ ਹੈ।
ਪਹਿਲਾਂ ਹੀ ਚੀਫ ਟਾਊਨ ਪਲਾਨਰ ਦੀ ਕਾਰਗੁਜ਼ਾਰੀ ਤੇ ਸ਼ੰਕੇ ਸਨ
ਕੌਂਸਲ ਦੇ ਆਗੂਆਂ ਕਿਹਾ ਕਿ ਪਹਿਲਾਂ ਹੀ ਚੀਫ ਟਾਊਨ ਪਲਾਨਰ ਦੀ ਕਾਰਗੁਜ਼ਾਰੀ ਤੇ ਸ਼ੰਕੇ ਸਨ, ਸਰਕਾਰ ਵੱਲੋਂ ਕੀਤੀ ਕਾਰਵਾਈ ਤੋਂ ਜਾਪਦਾ ਹੈ ਕਿ ਕੌਂਸਲ ਦੇ ਸ਼ੰਕੇ ਸੱਚ ਸਨ।
ਆਗੁਆਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਅਧਿਕਾਰੀ ਦੀਆਂ ਜਾਇਦਾਦਾਂ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਅਧਿਕਾਰੀ ਕੋਲ ਬੇਨਾਮੀ ਜਾਇਦਾਦਾਂ ਵੀ ਹੋ ਸਕਦੀਆਂ ਹਨ ਕਿਉਕਿ ਇਸ ਅਧਿਕਾਰੀ ਦਾ ਮੈਗਾ ਪ੍ਰਜੈਕਟ ਦੇ ਬਿਲਡਰਾਂ ਅਤੇ ਛੋਟੇ ਬਿਲਡਰਾਂ ਨਾਲ ਸਿੱਧਾ ਰਾਬਤਾ ਬਣਦਾ ਸੀ।
ਕੌਂਸਲ ਦੇ ਆਗੂਆਂ ਕਿਹਾ ਕਿ ਬਿਲਡਰਾਂ ਕੋਲ ਬਹੁਤ ਸਾਰੀਆਂ ਅਜਿਹੀਆਂ ਜਾਇਦਾਦਾਂ ਹਨ ਜੋ ਕਿ ਸਿਰਫ ਬਿਲਡਰਾਂ ਦੇ ਰਿਕਾਰਡ ਵਿੱਚ ਹੀ ਹਨ, ਸਰਕਾਰ ਦੇ ਰਿਕਾਰਡ ਵਿੱਚ ਨਹੀ ਆਂਉਦੀਆਂ। ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਦੇ ਵੱਡੇ ਬਿਲਡਰਾਂ ਤੋਂ ਜਾਇਦਾਦਾਂ ਦੇ ਵੇਰਵੇ ਇਕੱਠੇ ਕੀਤੇ ਜਾਣ ਕਿ ਇਹ ਜਾਇਦਾਦਾਂ ਕਿਸ-ਕਿਸ ਵਿਅਕਤੀਆਂ ਦੇ ਨਾਮ ਪਰ ਬੋਲਦੀਆਂ ਹਨ।
ਵੱਡੇ ਲੀਡਰਾਂ ਦੀਆਂ ਜਾਇਦਾਦਾਂ ਦੀ ਜਾਣਕਾਰੀ ਵੀ ਸਾਹਮਣੇ ਆਵੇਗੀ
ਕੌਂਸਲ ਦੇ ਆਗੂਆਂ ਕਿਹਾ ਕਿ ਇਸ ਤਰ੍ਹਾ ਕਰਨ ਨਾਲ ਪੁੱਡਾ/ਗਮਾਡਾ ਦੇ ਅਧਿਕਾਰੀ ਅਤੇ ਬਹੁਤ ਵੱਡੇ-ਵੱਡੇ ਲੀਡਰਾਂ ਦੀਆਂ ਜਾਇਦਾਦਾਂ ਦੀ ਜਾਣਕਾਰੀ ਵੀ ਸਾਹਮਣੇ ਆਵੇਗੀ। ਸਰਕਾਰ ਤਿੰਨ ਸਾਲਾਂ ਦਾ ਸਮਾਂ ਬੀਤਣ ਵਾਲੀਆਂ ਜਾਇਦਾਦਾਂ ਦੀਆਂ ਰਜਿਸਟਰੀਆਂ ਕਰਵਾਉਣ ਲਈ ਵੀ ਬਿਲਡਰਾਂ ਨੂੰ ਆਦੇਸ਼ ਦੇਵੇ ਤਾਂ ਕਿ ਦੋ ਨੰਬਰ ਦੇ ਪੈਸੇ ਨਾਲ ਖਰੀਦੀਆਂ ਜਾਇਦਾਦਾਂ ਦੇ ਵੇਰਵੇ ਜਨਤਾ ਦੇ ਸਾਹਮਣੇ ਆਉਣ।
ਇਸ ਤਰ੍ਹਾ ਕਰਨ ਨਾਲ ਲੰਬੇ ਸਮੇਂ ਤੋਂ ਜਾਇਦਾਦਾਂ ਟਰਾਂਸਫਰ ਕਰਕੇ ਜੋ ਬਿਲਡਰਾਂ ਵੱਲੋਂ ਲੁੱਟ ਕੀਤੀ ਜਾ ਰਹੀ ਹੈ ਲੋਕ ਉਸ ਲੁੱਟ ਤੋਂ ਵੀ ਬਚਣਗੇ ਅਤੇ ਰਜਿਸਟਰੀਆਂ ਕਰਵਾਉਣ ਨਾਲ ਸਰਕਾਰ ਦੇ ਰੈਵੀਨਿਊ ਵਿੱਚ ਵੀ ਵਾਧਾ ਹੋਵੇਗਾ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਪੁਰਜ਼ੋਰ ਮੰਗ
ਆਗੂਆਂ ਨੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਪੁੱਡਾ ਦੇ ਚੇਅਰਮੈਨ ਵੀ ਹਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਪੁੱਡਾ/ਗਮਾਡਾ ਦੇ ਹੋਰ ਭ੍ਰਿਸ਼ਟ ਅਧਿਕਾਰੀਆਂ ਦੀ ਪਹਿਚਾਣ ਕਰਕੇ, ਉਹਨਾਂ ਵਿਰੁੱਧ ਵੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ ਤਾਂ ਕਿ ਲੋਕਾਂ ਨੂੰ ਗਮਾਡਾ ਦੇ ਭ੍ਰਿਸ਼ਟ ਅਧਿਕਾਰੀਆਂ ਦੀ ਲੁੱਟ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਕੰਵਰ ਸਿੰਘ ਗਿੱਲ, ਬੀ.ਆਰ. ਕ੍ਰਿਸ਼ਨਾ, ਜਸਪਾਲ ਸਿੰਘ, ਅਜੈਪਾਲ ਸਿੰਘ ਬਰਾੜ, ਜਸਜੀਤ ਸਿੰਘ ਮਿਨਹਾਸ, ਮਨੀਸ ਬਾਂਸਲ, ਸੁਰਿੰਦਰ ਸਿੰਘ, ਸਾਧੂ ਸਿੰਘ, ਸੰਤ ਸਿੰਘ, ਮੁਨੀਸ਼ ਗੁਪਤਾ ਅਤੇ ਚਮਨ ਲਾਲ ਗਿੱਲ ਹਾਜਰ ਸਨ।
ਦੱਸਣਯੋਗ ਹੈ ਕਿ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਗਮਾਡਾ/ਪੁੱਡਾ ਦੇ ਚੀਫ ਟਾਊਨ ਪਲਾਨਰ ਪੰਕਜ ਬਾਵਾ ਨੂੰ ਗਿਰਫ਼ਤਾਰ ਕੀਤਾ ਗਿਆ ਹੈ ਜਿਸ ਦੇ ਚਲਦੇ ਲੋਕਾਂ ਚ ਖੁਸ਼ੀ ਦੀ ਲਹਿਰ ਹੈ