*Me Too’: ਮਸ਼ਕਰੇ ਤੇ ਤੇਜ PCS ਅਧਿਕਾਰੀ ਤੋਂ ਪਰੇਸ਼ਾਨ ਔਰਤਾਂ ਨੇ ਮੁੱਖ ਸਕੱਤਰ ਨੂੰ ਲਗਾਈ ਗੁਹਾਰ*
* ਵਿਭਾਗ ਦੀਆਂ ਔਰਤਾਂ ਨੇ ਅਧਿਕਾਰੀ 'ਤੇ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਏ ਦੋਸ਼ ,ਮੁੱਖ ਸਕੱਤਰ ਨੇ ਦਿੱਤੇ ਕਾਰਵਾਈ ਦੇ ਹੁਕਮ*
, ਕਿਹਾ ਅਜਿਹੇ ਅਧਿਕਾਰੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ
ਚੰਡੀਗੜ੍ਹ, 31 ਅਕਤੂਬਰ : ਦੇਸ਼ ਵਿਚ ‘ਮੀ ਟੂ’ ਦੇ ਮਾਮਲੇ ਰੁਕਣ ਦਾ ਨਾਮ ਹੀ ਨਹੀਂ ਲੈ ਰਹੇ ਹਨ । ਹੁਣ ਪੰਜਾਬ ਵਿਚ ਵੀ ‘ਮੀ ਟੂ’ ਦਾ ਮਾਮਲਾ ਸਾਹਮਣੇ ਆਇਆ ਹੈ। ਦਿਲਚਸਪ ਗੱਲ ਇਹ ਹੈ ਕਿ ਇਕ ਮਹਿਲਾ ਹੀ ਨਹੀਂ ਸਗੋਂ ਵਿਭਾਗ ਦੀਆਂ ਸਾਰੀਆਂ ਮਹਿਲਾਵਾਂ ਨੇ ਪੰਜਾਬ ਦੇ ਇਕ ਅਧਿਕਾਰੀ ‘ਤੇ ਗੰਭੀਰ ਦੋਸ਼ ਲਗਾਏ ਹਨ। ਮਹਿਲਾਵਾਂ ਦਾ ਦੋਸ਼ ਹੈ ਕਿ ਇਹ ਅਧਿਕਾਰੀ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਇਸ ਲਈ ਅਜਿਹੇ ਅਧਿਕਾਰੀ ਨੂੰ ਨਾ ਕੇਵਲ ਨੱਥ ਪਾਈ ਜਾਵੇ, ਸਗੋਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਪੰਜਾਬ ਦੇ ਇੱਕ ਪੀ.ਸੀ.ਐਸ.ਅਧਿਕਾਰੀ ਵਿਰੁੱਧ ਮੋਰਚਾ ਖੋਲ੍ਹਦਿਆਂ ਇੱਕ ਵਿਭਾਗ ਦੀਆਂ ਸਮੂਹ ਮਹਿਲਾਵਾਂ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇਸ ਅਧਿਕਾਰੀ ਵੱਲੋਂ ਔਰਤਾਂ ਨੂੰ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਇਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਹਾਲਾਂਕਿ ਇਹ ਪੀਸੀਐਸ ਅਧਿਕਾਰੀ ਪਿਛਲੇ ਸਮੇਂ ਵਿੱਚ ਵੀ ਵਿਵਾਦਾਂ ਵਿੱਚ ਘਿਰਿਆ ਰਿਹਾ ਹੈ। ਹੁਣ ਸਰਕਾਰ ਨੇ ਇਸ ਨੂੰ ਚੰਗੀਆਂ ਪੋਸਟਾਂ ‘ਤੇ ਲਾਇਆ ਹੈ, ਜਿਸ ਤੋਂ ਬਾਅਦ ਇਸ ਅਧਿਕਾਰੀ ਨੇ ਆਪਣੇ ਵਿਭਾਗ ਦੀਆਂ ਮਹਿਲਾਵਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਧਿਕਾਰੀ ਵਲੋਂ ਆਪਣੀ ਉਮਰ ਦਾ ਧਿਆਨ ਵੀ ਨਹੀਂ ਰੱਖਿਆ ਜਾ ਰਿਹਾ ਹੈ ।
ਇਸ ਵਿਭਾਗ ਦੀਆਂ ਮਹਿਲਾਵਾਂ ਨੇ ਮੁੱਖ ਸਕੱਤਰ, ਮੁੱਖ ਮੰਤਰੀ ਦਫ਼ਤਰ, ਪੰਜਾਬ ਮਹਿਲਾ ਕਮਿਸ਼ਨ ਨੂੰ ਪੱਤਰ ਲਿਖ ਕੇ ਇਸ ਤੇਜ ਤਰਾਰ ਪੀਸੀਐਸ ਅਧਿਕਾਰੀ ‘ਤੇ ਗੰਭੀਰ ਦੋਸ਼ ਲਾਏ ਹਨ ਕਿ ਉਹ ਉਸ ਦਾ ਜਿਨਸੀ ਸ਼ੋਸ਼ਣ ਕਰ ਰਿਹਾ ਹੈ। ਇਥੋਂ ਤੱਕ ਕਿ ਇਹ ਅਧਿਕਾਰੀ ਉਨ੍ਹਾਂ ਦੀ ਸ਼ਾਖਾ ‘ਚ ਆ ਕੇ ਮਹਿਲਾਵਾਂ ਦੀ ਸੀਟ ‘ਤੇ ਬੈਠ ਜਾਂਦਾ ਹੈ ਅਤੇ ਉਨ੍ਹਾਂ ਨਾਲ ਮਸ਼ਕਰੀਆਂ ਕਰਦਾ ਹੈ। ਮਹਿਲਾਵਾਂ ਦਾ ਕਹਿਣਾ ਹੈ ਕਿ ਇਹ ਅਧਿਕਾਰੀ ਬਹੁਤ ਤੇਜ਼ ਹੈ ਅਤੇ ਉਸ ਨੂੰ ਕੋਈ ਸ਼ਰਮ ਨਹੀਂ ਹੈ, ਜੋ ਮਹਿਲਾਵਾਂ ਨਾਲ ਅਜਿਹੀ ਹਰਕਤਾਂ ‘ਤੇ ਉਤਰ ਆਇਆ ਹੈ।
ਸੂਤਰ ਦੱਸਦੇ ਹਨ ਕਿ ਇਸ ਪੀਸੀਐਸ ਅਧਿਕਾਰੀ ਤੋਂ ਤੰਗ ਆ ਕੇ ਇਸ ਵਿਭਾਗ ਦੀਆਂ ਸਾਰੀਆਂ ਔਰਤਾਂ ਨੇ ਹੁਣ ਸਰਕਾਰ ਨੂੰ ਗੁਹਾਰ ਲਾ ਕੇ ਇਸ ਅਧਿਕਾਰੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਜਿਵੇਂ ਹੀ ਇਹ ਸ਼ਿਕਾਇਤ ਮੁੱਖ ਸਕੱਤਰ ਕੋਲ ਪੁੱਜੀ ਤਾਂ ਉਨ੍ਹਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਪੀ.ਸੀ.ਐੱਸ ਸ਼ਾਖਾ ਨੂੰ ਇਸ ਅਧਿਕਾਰੀ ਵਿਰੁੱਧ ਫਾਈਲ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਮਹਿਲਾਵਾਂ ਵੱਲੋਂ ਕੀਤੀ ਗਈ ਸ਼ਿਕਾਇਤ ਦੀ ਕਾਪੀ ਮੁੱਖ ਸਕੱਤਰ ਕੋਲ ਵੀ ਪਹੁੰਚ ਗਈ ਹੈ। ਜਦੋਂ ਤੋਂ ਇਹ ਪੀ.ਸੀ.ਐਸ. ਅਧਿਕਾਰੀ ਪੀ.ਸੀ.ਐਸ. ਬਣਿਆ ਹੈ, ਵਿਵਾਦਾਂ ਵਿਚ ਘਿਰਿਆ ਰਿਹਾ ਹੈ। ਇਹ ਕਿਸੇ ਨਾ ਕਿਸੇ ਵਿਵਾਦ ਵਿੱਚ ਉਲਝਿਆ ਰਹਿੰਦਾ ਹੈ। ਪਿਛਲੀਆਂ ਸਰਕਾਰਾਂ ਨੇ ਕਦੇ ਵੀ ਇਸ ਅਧਿਕਾਰੀ ਨੂੰ ਅਜਿਹਾ ਕੋਈ ਚੰਗਾ ਅਹੁਦਾ ਨਹੀਂ ਦਿੱਤਾ, ਜਿੱਥੇ ਪਬਲਿਕ ਡੀਲਿੰਗ ਹੋਵੇ। ਇਸ ਅਧਿਕਾਰੀ ਨੂੰ ਸਰਕਾਰ ਨੇ ਦੋ ਵਿਭਾਗਾਂ ਦਾ ਚਾਰਜ ਦਿੱਤਾ ਹੈ। ਮਾਮਲਾ ਇੰਨਾ ਗੰਭੀਰ ਹੋ ਗਿਆ ਹੈ ਕਿ ਸਰਕਾਰ ਨੇ ਇਸ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਜਦੋਂ ਮੁੱਖ ਸਕੱਤਰ ਵੀ.ਕੇ. ਜੰਜੂਆ ਦੇ ਧਿਆਨ ਵਿੱਚ ਆਇਆ ਹੈ ਅਤੇ ਉਹ ਇਸ ਮਾਮਲੇ ਵਿੱਚ ਸਖ਼ਤ ਕਾਰਵਾਈ ਕਰ ਰਹੇ ਹਨ। ਮੁੱਖ ਸਕੱਤਰ ਦਾ ਕਹਿਣਾ ਹੈ ਕਿ ਕਿਸੇ ਵੀ ਅਧਿਕਾਰੀ ਦੀਆਂ ਅਜਿਹੀਆਂ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਸਰਕਾਰ ਇਸ ਮਾਮਲੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਕਰੇਗੀ।