ਪੰਜਾਬ

ਦੇਸ਼, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨ ਪਾਰਟੀ ਰਾਜਨੀਤੀ ਤੋਂ ਉੱਪਰ ਹਨ: ਰਾਜਾ ਵੜਿੰਗ

ਕਾਂਗਰਸ ਪਾਰਟੀ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਸਾਰੀਆਂ ਸ਼ਕਤੀਆਂ ਦੇ ਖਿਲਾਫ ਹੈ: ਰਾਜਾ ਵੜਿੰਗ

ਚੰਡੀਗੜ੍ਹ, 19 ਜੁਲਾਈ: ਭਾਰਤੀ ਰਾਸ਼ਟਰੀ ਕਾਂਗਰਸ ਦੀ ਪੰਜਾਬ ਇਕਾਈ ਨੇ ਅੱਜ ਪੰਜਾਬ ਕਾਂਗਰਸ ਭਵਨ ਵਿਖੇ ਪਾਰਟੀ ਦੇ ਸੀਨੀਅਰ ਆਗੂਆਂ ਦੀ ਅਹਿਮ ਮੀਟਿੰਗ ਬੁਲਾਈ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ ਅਤੇ ਮੀਟਿੰਗ ਦੌਰਾਨ ਵਿਚਾਰੀਆਂ ਗਈਆਂ ਸੂਬੇ ਦੀਆਂ ਚਿੰਤਾਵਾਂ ਅਤੇ ਮੁੱਦਿਆਂ ਬਾਰੇ ਗੱਲ ਕੀਤੀ ਜਿਨ੍ਹਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਵੜਿੰਗ ਨੇ ਕਿਹਾ ਕਿ ਦੇਸ਼, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਸੰਵਿਧਾਨ ਪਾਰਟੀ ਰਾਜਨੀਤੀ ਤੋਂ ਉੱਪਰ ਹਨ  । ਕਾਂਗਰਸ ਪਾਰਟੀ ਦੇਸ਼ ਦੇ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਵਾਲੀਆਂ ਸਾਰੀਆਂ ਸ਼ਕਤੀਆਂ ਦੇ ਖਿਲਾਫ ਹੈ ।
ਇਸ ਮੌਕੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਵੜਿੰਗ ਨੇ ਕਿਹਾ ਕਿ ਅੱਜ ਅਸੀਂ ਹਾਲ ਹੀ ਵਿੱਚ ਆਏ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪੀੜਤਾਂ ਨੂੰ ਮੁਆਵਜ਼ਾ ਦੇਣ ਅਤੇ ਸੂਬੇ ਦੇ ਹੋਰ ਭਖਦੇ ਮਸਲਿਆਂ ਸੰਬੰਧੀ ਸਾਰੇ ਮੁੱਦਿਆਂ ’ਤੇ ਵਿਸਥਾਰਪੂਰਵਕ ਚਰਚਾ ਕੀਤੀ। ਅਸੀਂ ਇਸ ਗੱਲ ‘ਤੇ ਚਰਚਾ ਕੀਤੀ ਕਿ ਕਿਵੇਂ ਸੂਬਾ ਅਤੇ ਕੇਂਦਰ ਸਰਕਾਰ ‘ਪ੍ਰਭਾਵਤ ਲੋਕਾਂ ਦੇ ਮੁੜ ਵਸੇਬੇ ਲਈ ਲੋੜੀਂਦੇ ਫੰਡ ਅਲਾਟ ਕਰਨ ਅਤੇ ਕੁਦਰਤੀ ਆਫ਼ਤ ਵਿੱਚ ਆਪਣੇ ਘਰਾਂ, ਪਸ਼ੂਆਂ ਅਤੇ ਆਪਣਿਆਂ ਨੂੰ ਗੁਆਉਣ ਵਾਲਿਆਂ ਨੂੰ ਮੁਆਵਜ਼ਾ ਦੇਣ ਲਈ ਕਿਵੇਂ ਦਬਾਅ ਪਾਇਆ ਜਾਵੇ। ਉਨ੍ਹਾਂ ਪੱਤਰਕਾਰਾਂ ਨੂੰ ਇਹ ਵੀ ਦੱਸਿਆ ਕਿ ਕਾਂਗਰਸ ਲੀਡਰਸ਼ਿਪ ਨੇ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਕਿਸ ਤਰ੍ਹਾਂ ਪਾਰਟੀ ਲੀਡਰਸ਼ਿਪ ਮਹੱਤਵਪੂਰਨ ਯੋਗਦਾਨ ਪਾ ਸਕਦੀ ਹੈ ਅਤੇ ਲੋੜਵੰਦਾਂ ਦੀ ਵੱਧ ਤੋਂ ਵੱਧ ਮਦਦ ਕਰ ਸਕਦੀ ਹੈ। ਸੂਬਾ ਪ੍ਰਧਾਨ ਨੇ ਦੱਸਿਆ ਕਿ ਅਸੀਂ ਪਹਿਲਾਂ ਹੀ ਕੇਂਦਰ ਸਰਕਾਰ ਤੋਂ ਪੀੜਤਾਂ ਦੇ ਮੁੜ ਵਸੇਬੇ ਲਈ 10000 ਕਰੋੜ ਰੁਪਏ ਜਾਰੀ ਕਰਨ ਅਤੇ ਕਿਸਾਨਾਂ ਨੂੰ ਮੁਆਵਜ਼ਾ ਦੇਣ ਦੀ ਮੰਗ ਕਰ ਚੁੱਕੇ ਹਾਂ, ਜਿਨ੍ਹਾਂ ਦੀ ਸਾਰੀ ਫਸਲ ਤਬਾਹ ਹੋ ਗਈ ਹੈ।
ਇਹ ਕਹਿੰਦੇ ਹੋਏ ਕਿ ਕੁਦਰਤੀ ਆਫ਼ਤ ਨੂੰ ਟਾਲਿਆ ਨਹੀਂ ਜਾ ਸਕਦਾ ਸੀ, ਵੜਿੰਗ ਨੇ ਕਿਹਾ ਕਿ ਇਹ ਸਿਰਫ਼ ਰਾਜ ਸਰਕਾਰ ਦੀ ਨਾਕਾਮੀ ਹੈ ਜਿਸ ਨੇ ਸੂਬੇ ਵਿੱਚ ਤਬਾਹੀ ਮਚਾਉਣ ਵਾਲੇ ਲਗਾਤਾਰ ਮੀਂਹ ਦੇ ਪ੍ਰਭਾਵ ਨੂੰ ਹੋਰ ਵਧਾ ਦਿੱਤਾ ਹੈ। ਉਸਨੇ ਕਿਹਾ ਕਿ ਇਹ ਇੱਕ ਮਨੁੱਖ ਦੁਆਰਾ ਬਣਾਈ ਗਈ ਤਬਾਹੀ ਸੀ ਜਿਸ ਨੇ ਸੈਂਕੜੇ ਪਰਿਵਾਰਾਂ ਨੂੰ ਤਬਾਹ ਅਤੇ ਬੇਘਰ ਕਰ ਦਿੱਤਾ ਸੀ।
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕੁਪ੍ਰਬੰਧ ਅਤੇ ਲਾਪਰਵਾਹੀ ਤੇ ਵਰ੍ਹਦਿਆਂ ਵੜਿੰਗ ਨੇ ਕਿਹਾ ਕਿ ਜੇਕਰ ਬਰਸਾਤ ਦੇ ਮੌਸਮ ਤੋਂ ਪਹਿਲਾਂ ਤਿਆਰੀਆਂ ਕਰ ਲਈਆਂ ਜਾਂਦੀਆਂ ਤਾਂ ਇਸ ਦਾ ਅਸਰ ਘੱਟ ਹੋ ਸਕਦਾ ਸੀ। ਇਹ ਗੈਰ-ਸੰਜੀਦਾ ਲੀਡਰਸ਼ਿਪ ਦੀ ਪੂਰੀ ਅਣਦੇਖੀ ਹੈ ਜਿਸ ਨੇ ਪੀ.ਆਰ. ਗਤੀਵਿਧੀਆਂ ਨੂੰ ਚਲਾਉਣ ਲਈ ਕੀਮਤੀ ਸਮਾਂ ਬਰਬਾਦ ਕੀਤਾ, ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਬਰਸਾਤ ਦੇ ਮੌਸਮ ਤੋਂ ਪਹਿਲਾਂ ਡਰੇਨੇਜ ਪ੍ਰਬੰਧਨ ਪ੍ਰਣਾਲੀ, ਚੋਅ ਅਤੇ ਨਹਿਰਾਂ ਦੀ ਸਫਾਈ ਕਰਵਾਉਣ ਲਈ ਨਾ ਹੀ ਮੀਟਿੰਗਾਂ ਕੀਤੀਆਂ ਤੇ ਨਾ ਹੀ ਇਹ ਸਫ਼ਾਇ ਕਰਵਾਈ।
ਮੁੱਖ ਮੰਤਰੀ ‘ਤੇ ਚੇਤਾਵਨੀ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਦਾ ਦੋਸ਼ ਲਗਾਉਂਦੇ ਹੋਏ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਦਾਅਵਾ ਕੀਤਾ ਸੀ ਕਿ ‘ਆਪ’ ਨੇ ਬਰਸਾਤ ਤੋਂ ਪਹਿਲਾਂ ਘੱਗਰ ਨਦੀ ਅਤੇ ਆਲੇ-ਦੁਆਲੇ ਦੇ ਸਾਰੇ ਖੇਤਰਾਂ ਦੀ ਮੁਰੰਮਤ ਕੀਤੀ ਸੀ, ਪਰ ਅਸਲ ਵਿਚ ਘੱਗਰ ਨੇ ਇਕੱਲੇ ਮਾਲਵਾ ਖੇਤਰ ਦੇ ਕਈ ਪਿੰਡਾਂ ਨੂੰ ਬਰਬਾਦ ਕਰ ਦਿੱਤਾ। ਵੜਿੰਗ ਨੇ ਕਿਹਾ ਕਿ ਇਸ ਤਬਾਹੀ ਨੇ ‘ਫੋਕੀ ਮਸ਼ਹੂਰੀਆਂ ਵਾਲੀ ਸਰਕਾਰ’ ਦੇ ਖੋਖਲੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ।
ਅਸੀਂ ਸੂਬੇ ਭਰ ਦੇ ਕਈ ਪਿੰਡਾਂ ਦਾ ਦੌਰਾ ਕੀਤਾ ਅਤੇ ਜ਼ਿਆਦਾਤਰ ਪੀੜਤਾਂ ਦੀ ਇਹੀ ਸ਼ਿਕਾਇਤ ਸੀ ਕਿ ਉਨ੍ਹਾਂ ਨੇ ‘ਬਦਲਾਅ’ ਦੇ ਨਾਂ ‘ਤੇ ਆਮ ਆਦਮੀ ਪਾਰਟੀ ਨੂੰ ਵੋਟ ਦਿੱਤੀ ਪਰ ਸਰਕਾਰ ਨੇ ਉਨ੍ਹਾਂ ਵੱਲ ਅੱਖਾਂ ਬੰਦ ਕਰਕੇ ਉਨ੍ਹਾਂ ਨੂੰ ਰੱਬ ਆਸਰੇ ਹੀ ਛੱਡ ਦਿੱਤਾ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਜੇਕਰ ਸਰਕਾਰ ਇਸ਼ਤਿਹਾਰਾਂ ਅਤੇ ਸਵੈ-ਪ੍ਰਚਾਰਾਂ ‘ਤੇ ਫੰਡ ਬਰਬਾਦ ਕਰਨ ਦੀ ਬਜਾਏ ਇਸ ਦੀ ਵਰਤੋਂ ਨਹਿਰਾਂ ਦੀ ਸਫਾਈ,ਬੰਨ੍ਹਾਂ ਨੂੰ ਮਜ਼ਬੂਤ ਕਰਨ, ਗਾਰ ਕੱਢਣ ਅਤੇ ਡਰੇਨਾਂ ਨੂੰ ਖੋਲ੍ਹਣ ਲਈ ਕਰਦੀ ਤਾਂ ਅੱਧੀ ਸਮੱਸਿਆ ਹੱਲ ਹੋ ਸਕਦੀ ਸੀ।
ਸੂਬਾ ਪ੍ਰਧਾਨ ਨੇ ਕਿਹਾ ਕਿ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਸਾਲ ਦੇ ਬਾਕੀ ਬਚੇ ਬਜਟ ਖਰਚਿਆਂ ਅਤੇ ਕੁਦਰਤੀ ਆਫ਼ਤ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਮਰਪਿਤ ਫੰਡ ਅਲਾਟ ਕਰਨ ਅਤੇ ਮੌਜੂਦਾ ਹੜ੍ਹਾਂ ਦੇ ਨੁਕਸਾਨ ਨੂੰ ਘਟਾਉਣ ਲਈ ਐਮਰਜੈਂਸੀ ਬਜਟ ਸੈਸ਼ਨ ਬੁਲਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਬਚਾਅ ਕਾਰਜਾਂ ਨੂੰ ਚਲਾਉਣ ਬਾਰੇ ਸਮੂਹਿਕ ਤੌਰ ‘ਤੇ ਵਿਚਾਰ ਕਰਨ ਅਤੇ ਪੀੜਤਾਂ ਨੂੰ ਜਲਦੀ ਤੋਂ ਜਲਦੀ ਇਸ ਸਥਿਤੀ ਤੋਂ ਬਾਹਰ ਆਉਣ ਲਈ ਮਦਦ ਕਰਨ ਲਈ ਵੀ ਸੈਸ਼ਨ ਬੁਲਾਇਆ ਜਾਣਾ ਚਾਹੀਦਾ ਹੈ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!