ਪੰਜਾਬ

ਕਿਸਾਨਾਂ ਦੀਆਂ ਮੰਗਾਂ ਜਾਇਜ਼, ਖੇਤੀਬਾੜੀ ਸਬੰਧੀ ਕਾਲੇ ਕਾਨੂੰਨ ਤੁਰੰਤ ਰੱਦ ਕਰੇ ਮੋਦੀ ਸਰਕਾਰ-ਪਰਨੀਤ ਕੌਰ

 

ਸਿੰਘੂ ਬਾਰਡਰ ਤੋਂ ਵਾਪਸ ਪਰਤਦੇ ਹੋਏ ਹਾਦਸੇ ਦਾ ਸ਼ਿਕਾਰ ਹੋਕੇ ਆਪਣੇ ਟ੍ਰੈਕਟਰ-ਟਰਾਲੀ ਗਵਾਉਣ ਵਾਲੇ ਪਿੰਡ ਸਫੇੜਾ ਦੇ ਕਿਸਾਨਾਂ ਨੂੰ ਨਵਾਂ ਟ੍ਰੈਕਟਰ ਤੇ ਟਰਾਲੀ ਸੌਂਪੇ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਖੜ੍ਹੀ ਹੈ-ਪਰਨੀਤ ਕੌਰ

ਲੋਕ ਸਭਾ ਮੈਂਬਰ ਨੇ ਪ੍ਰਤਾਪਗੜ੍ਹ ਦੇ ਕਿਸਾਨ ਜਗੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ
ਸਨੌਰ/ਭੁੱਨਰਹੇੜੀ, ਡਕਾਲਾ/ਪਟਿਆਲਾ, 8 ਜਨਵਰੀ:
ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪਰਨੀਤ ਕੌਰ, ਅੱਜ ਜ਼ਿਲ੍ਹਾ ਪਟਿਆਲਾ ਦੇ ਉਨ੍ਹਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨਵੇਂ ਟ੍ਰੈਕਟਰ-ਟਰਾਲੀ ਪ੍ਰਦਾਨ ਕਰਨ ਲਈ ਪਿੰਡ ਸਫੇੜਾ ਵਿਖੇ ਪੁੱਜੇ, ਜਿਨ੍ਹਾਂ ਕਿਸਾਨਾਂ ਦੇ ਟ੍ਰੈਕਟਰ ਤੇ ਟਰਾਲੀ ਸਿੰਘੂ ਬਾਰਡਰ ਤੋਂ ਵਾਪਸ ਪਰਤਦੇ ਸਮੇਂ ਇੱਕ ਹਾਦਸੇ ਦਾ ਸ਼ਿਕਾਰ ਹੋ ਕੇ ਪੂਰੀ ਤਰ੍ਹਾਂ ਨੁਕਸਾਨੇ ਗਏ ਸਨ। ਸ੍ਰੀਮਤੀ ਪਰਨੀਤ ਕੌਰ ਦੀ ਪਹਿਲਕਦਮੀ ‘ਤੇ, ਹਾਦਸੇ ‘ਚ ਆਪਣੀ ਜਾਨ ਗਵਾਉਣ ਵਾਲੇ ਕਿਸਾਨ ਲਾਭ ਸਿੰਘ ਦੇ ਪਰਿਵਾਰ ਨੂੰ ਸੋਨਾਲੀਕਾ ਕੰਪਨੀ ਵੱਲੋਂ ਨਵਾਂ ਟ੍ਰੈਕਟਰ ਅਤੇ ਹਾਦਸੇ ‘ਚ ਜਖ਼ਮੀ ਹੋਏ ਸਰਪੰਚ ਨਰਿੰਦਰ ਸਿੰਘ ਨੂੰ ਨਾਭਾ ਪਾਵਰ ਲਿਮਟਿਡ ਵੱਲੋਂ ਟਰਾਲੀ ਮੁਹੱਈਆ ਕਰਵਾਈ ਗਈ ਹੈ।
ਲੋਕ ਸਭਾ ਮੈਂਬਰ ਨੇ ਇਸੇ ਦੌਰਾਨ ਪਿੰਡ ਪ੍ਰਤਾਪਗੜ੍ਹ (ਤਾਰਾ ਚੰਦ) ਦੇ ਬੀਤੇ ਦਿਨੀਂ ਫ਼ੌਤ ਹੋਏ ਕਿਸਾਨ ਜਗੀਰ ਸਿੰਘ ਦੀ ਸੁਪਤਨੀ ਸੁਰਿੰਦਰ ਕੌਰ ਤੇ ਪੁੱਤਰ ਜਸਵਿੰਦਰ ਸਿੰਘ ਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਮਿਲਕੇ ਉਨ੍ਹਾਂ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਮਹਿਮਦਪੁਰ ਜੱਟਾਂ ਦੇ ਕਿਸਾਨ, ਹਰਬੰਸ ਸਿੰਘ ਦੇ ਪੁੱਤਰ ਸਤਪਾਲ ਸਿੰਘ, ਦਵਿੰਦਰ ਸਿੰਘ ਤੇ ਪੋਤਰੇ ਜਗਤਾਰ ਸਿੰਘ ਨੂੰ ਵੀ ਮਿਲਕੇ ਅਫ਼ਸੋਸ ਪ੍ਰਗਟਾਉਂਦਿਆਂ ਹਮਦਰਦੀ ਜਤਾਈ। ਇਸ ਮੌਕੇ ਹਲਕਾ ਸਨੌਰ ਦੇ ਇੰਚਾਰਜ ਸ. ਹਰਿੰਦਰ ਪਾਲ ਸਿੰਘ ਹੈਰੀਮਾਨ ਵੀ ਉਨ੍ਹਾਂ ਦੇ ਨਾਲ ਸਨ।
ਇਸ ਮੌਕੇ ਸ੍ਰੀਮਤੀ ਪਰਨੀਤ ਕੌਰ ਨੇ ਖੇਤੀਬਾੜੀ ਸਬੰਧੀਂ ਕਾਲੇ ਕੇਂਦਰੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ੋਰਦਾਰ ਸ਼ਬਦਾਂ ‘ਚ ਮੰਗ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਮੰਨਦੇ ਹੋਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਸ਼ੁਰੂ ਤੋਂ ਹੀ ਕਿਸਾਨਾਂ ਦੇ ਸੰਘਰਸ਼ ‘ਚ ਕਿਸਾਨਾਂ ਦੇ ਨਾਲ ਖੜ੍ਹੀ ਹੈ ਅਤੇ ਇਸ ਸੰਘਰਸ਼ ਤੇ ਅੰਤ ਤੱਕ ਕਿਸਾਨਾਂ ਦਾ ਸਾਥ ਦੇਵੇਗੀ।
ਲੋਕ ਸਭਾ ਮੈਂਬਰ ਨੇ ਕਿਹਾ ਕਿ ਜਦੋਂ ਅੱਜ ਪੰਜਾਬ ਦਾ ਬੱਚਾ-ਬੱਚਾ ਕਿਸਾਨੀ ਸੰਘਰਸ਼ ‘ਚ ਕਿਸਾਨਾਂ ਦਾ ਸਾਥ ਦੇ ਰਿਹਾ ਹੈ ਅਤੇ ਹਿੰਦੁਸਤਾਨ ਹੀ ਨਹੀਂ ਬਲਕਿ ਪੂਰੇ ਵਿਸ਼ਵ ਭਰ ‘ਚ ਕਿਸਾਨਾਂ ਦੇ ਹੱਕ ‘ਚ ਆਵਾਜ ਬੁਲੰਦ ਕੀਤੀ ਜਾ ਰਹੀ ਹੈ ਤਾਂ ਕੇਂਦਰ ਸਰਕਾਰ ਨੂੰ ਆਪਣੀ ਹੱਠ ਧਰਮੀ ਦਾ ਤਿਆਗ ਕਰਕੇ ਕਿਸਾਨਾਂ ਦੀ ਆਵਾਜ ਸੁੁਣ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਸਮਾਂ ਖ਼ਰਾਬ ਨਹੀਂ ਕਰਨਾ ਚਾਹੀਦਾ ਬਲਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਮੰਨਕੇ ਕਾਲੇ ਕਾਨੂੰਨ ਰੱਦ ਕਰ ਦੇਣੇ ਚਾਹੀਦੇ ਹਨ, ਇਸੇ ‘ਚ ਦੇਸ਼ ਤੇ ਕਿਸਾਨਾਂ ਦੀ ਭਲਾਈ ਹੈ।
ਸ੍ਰੀਮਤੀ ਪਰਨੀਤ ਕੌਰ ਨੇ ਦੁਹਰਾਇਆ ਕਿ ਭਾਵੇਂ ਕਿ ਮਨੁੱਖੀ ਜਾਨਾਂ ਦਾ ਕੋਈ ਮੁੱਲ ਨਹੀਂ ਹੈ ਪਰੰਤੂ ਪੰਜਾਬ ਸਰਕਾਰ ਨੇ ਫੇਰ ਵੀ ਕਿਸਾਨਾਂ ਨਾਲ ਦਿਲੀ ਹਮਦਰਦੀ ਦਾ ਇਜ਼ਹਾਰ ਕਰਦਿਆਂ 5-5 ਲੱਖ ਰੁਪਏ ਦੀ ਵਿਤੀ ਸਹਾਇਤਾ ਦੇਣ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸੰਭਵ ਸਹਾਇਤਾ ਕਰਨ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਨੇ ਨਾਲ ਹੀ ਆਮ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਹਰ ਵਿਅਕਤੀ ਆਪਣੇ ਵੱਲੋਂ ਇਸ ਸੰਘਰਸ਼ ‘ਚ ਬਣਦਾ ਹਿੱਸਾ ਜਰੂਰ ਪਾਵੇ। ਉਨ੍ਹਾਂ ਨੇ ਦੱਸਿਆ ਕਿ ਪਿੰਡ ਸਫੇੜਾ ਦੇ ਨੌਜਵਾਨ ਕਿਸਾਨ ਗੁਰਪ੍ਰੀਤ ਸਿੰਘ ਗੋਲਡੀ ਦੀ ਯਾਦ ‘ਚ ਪਿੰਡ ਵਿਖੇ ਬਨਣ ਵਾਲੇ ਕਮਿਉਨਿਟੀ ਸੈਂਟਰ ਦਾ ਕੰਮ ਬਹੁਤ ਜਲਦ ਸ਼ੁਰੂ ਹੋ ਜਾਵੇਗਾ।
ਇਸ ਮੌਕੇ ਇੰਚਾਰਜ ਹਰਿੰਦਰਪਾਲ ਸਿੰਘ ਹੈਰੀਮਾਨ, ਮੁੱਖ ਮੰਤਰੀ ਦੇ ਓ.ਐਸ.ਡੀ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਰਜੇਸ਼ ਸ਼ਰਮਾ, ਨਾਭਾ ਪਾਵਰ ਲਿਮਟਡ ਦੇ ਡੀਜੀਐਮ (ਐਡਮਿਨ ਤੇ ਸੀਐਸਆਰ) ਜਸਕਰਨ ਸਿੰਘ, ਕਾਰਪੋਰੇਟ ਤੇ ਕਮਿਉਨੀਕੇਸ਼ਨ ਮੁਖੀ ਡਾ. ਮਨੀਸ਼ ਸਰਹਿੰਦੀ, ਸੋਨਾਲੀਕਾ ਤੋਂ ਗੁਰਮੀਤ ਸਿੰਘ ਤੇ ਡੀਲਰ ਤੇਜਿੰਦਰ ਸਿੰਘ, ਬਲਾਕ ਸੰਮਤੀ ਸਨੌਰ ਦੇ ਚੇਅਰਮੈਨ ਅਸ਼ਵਨੀ ਬੱਤਾ, ਜੋਗਿੰਦਰ ਸਿੰਘ ਕਾਕੜਾ, ਬਲਾਕ ਸੰਮਤੀ ਭੁਨਰਹੇੜੀ ਦੇ ਵਾਈਸ ਚੇਅਰਮੈਨ ਅਮਨ ਰਣਜੀਤ ਸਿੰਘ ਨੈਣਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਬਿੱਟੂ, ਗੁਰਮੇਜ ਸਿੰਘ ਭੁਨਰਹੇੜੀ, ਮਦਨਜੀਤ ਸਿੰਘ ਡਕਾਲਾ, ਜੀਤ ਸਿੰਘ ਸਿਰਕਪੜਾ ਚੇਅਰਮੈਨ, ਰਜਿੰਦਰ ਸਿੰਘ ਮੂੰਡਖੇੜਾ, ਬਲਵਿੰਦਰ ਸਿੰਘ ਕਰਤਾਰਪੁਰ, ਗੁਰਮੇਲ ਸਿੰਘ, ਨਵਜੋਤ ਸਿੰਘ ਜੋਤੀ, ਗੌਰਵ ਸੰਧੂ, ਯੂਥ ਪ੍ਰਧਾਨ ਪ੍ਰਣਵ ਗੋਇਲ, ਪ੍ਰਭਜਿੰਦਰ ਸਿੰਘ, ਬੱਬੀ ਗੋਇਲ, ਤਿਲਕ ਰਾਜ ਟਰੱਕ ਯੂਨੀਅਨ ਪ੍ਰਧਾਨ, ਲਵਪ੍ਰੀਤ ਸਿੰਘ, ਡੀ.ਐਸ.ਪੀ. ਅਜੈਪਾਲ ਸਿੰਘ, ਬੀਡੀਪੀਓ ਵਿਨੀਤ ਸ਼ਰਮਾ ਅਤੇ ਇਲਾਕੇ ਦੇ ਪੰਚ ਤੇ ਸਰਪੰਚਾਂ ਸਮੇਤ ਹੋਰ ਪਤਵੰਤੇ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!