ਕੌਮੀ ਐਸ ਸੀ ਕਮਿਸ਼ਨ ਨੇ ਯੂਪੀ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਦਲਿਤ ਦੀ ਕੁੱਟਮਾਰ ਤੇ ਜੁੱਤੀ ਚੱਟਣ ਦੀ ਘਟਨਾ ਦਾ ਲਿਆ ਸਖ਼ਤ ਨੋਟਿਸ;
ਉੱਤਰ ਪ੍ਰਦੇਸ਼ ਸਰਕਾਰ ਨੂੰ 17 ਜੁਲਾਈ ਤੱਕ ਕਾਰਵਾਈ ਰਿਪੋਰਟ ਸੌਂਪਣ ਦੀ ਹਦਾਇਤ
ਚੰਡੀਗੜ੍ਹ, 12 ਜੁਲਾਈ : ਉੱਤਰ ਪ੍ਰਦੇਸ਼ ਦੇ ਸੋਨਭੱਦਰ ਜ਼ਿਲ੍ਹੇ ਵਿੱਚ ਇੱਕ ਠੇਕੇ ਵਾਲੇ ਇਲੈਕਟ੍ਰੀਸ਼ੀਅਨ/ਲਾਈਨਮੈਨ ਵੱਲੋਂ ਦਲਿਤ ਵਿਅਕਤੀ ਦੀ ਕੁੱਟਮਾਰ ਕਰਨ ਅਤੇ ਉਸ ਦੇ ਜੁੱਤੀ ਚਟਾਉਣ (ਚੱਟਣ) ਦੀ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ, ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਹੁਕਮਾਂ ‘ਤੇ ਨੋਟਿਸ ਜਾਰੀ ਕਰਕੇ ਉੱਤਰ ਪ੍ਰਦੇਸ਼ ਸਰਕਾਰ ਨੂੰ ਇਸ ਘਟਨਾ ਦੀ ਕਾਰਵਾਈ ਰਿਪੋਰਟ ਇੱਕ ਹਫ਼ਤੇ ਦੇ ਅੰਦਰ ਅੰਦਰ ਸੌਂਪਣ ਲਈ ਕਿਹਾ ਹੈ।
ਵਾਇਰਲ ਸੋਸ਼ਲ ਮੀਡੀਆ ਪੋਸਟ ਤੋਂ ਐਨਸੀਐਸਸੀ ਦੁਆਰਾ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮੁਲਜ਼ਮ ਜਿਸਦੀ ਪਛਾਣ ਤੇਜਬਲੀ ਸਿੰਘ ਪਟੇਲ ਵਜੋਂ ਕੀਤੀ ਗਈ ਸੀ, ਨੇ ਦਲਿਤ ਵਿਅਕਤੀ ਦੀ ਕੁੱਟਮਾਰ ਇਸ ਕਰਕੇ ਕੀਤੀ ਸੀ ਕਿਉਂਕਿ ਉਹ ਨੁਕਸਦਾਰ ਬਿਜਲੀ ਦੀਆਂ ਤਾਰਾਂ ਦੀ ਜਾਂਚ ਕਰਨ ਤੋਂ ਨਾਰਾਜ਼ ਸੀ। ਵਾਇਰਲ ਵੀਡੀਓ ਵਿੱਚ ਦਲਿਤ ਵਿਅਕਤੀ ਲਾਈਨਮੈਨ ਦੀ ਜੁੱਤੀ ਚੱਟਦੇ ਅਤੇ ਕੰਨ ਫੜ ਕੇ ਮੁਆਫੀ ਮੰਗਦੇ ਹੋਏ ਦੇਖੇ ਜਾ ਸਕਦੇ ਹਨ।
ਇਸ ਦੌਰਾਨ ਕਮਿਸ਼ਨ ਨੇ ਮੁੱਖ ਸਕੱਤਰ (ਉੱਤਰ ਪ੍ਰਦੇਸ਼ ਸਰਕਾਰ); ਪੁਲਿਸ ਦੇ ਡਾਇਰੈਕਟਰ ਜਨਰਲ (ਉੱਤਰ ਪ੍ਰਦੇਸ਼ ਸਰਕਾਰ); ਜ਼ਿਲ੍ਹਾ ਮੈਜਿਸਟ੍ਰੇਟ (ਸੋਨਭੱਦਰ ਜ਼ਿਲ੍ਹਾ) ਅਤੇ ਪੁਲਿਸ ਸੁਪਰਡੈਂਟ (ਸੋਨਭੱਦਰ ਜ਼ਿਲ੍ਹਾ) ਨੂੰ ਮਾਮਲੇ ਦੀ ਜਾਂਚ ਕਰਨ ਅਤੇ ਦੋਸ਼/ਮਾਮਲੇ ‘ਤੇ ਕੀਤੀ ਗਈ ਕਾਰਵਾਈ ਬਾਰੇ ਤੱਥਾਂ ਅਤੇ ਜਾਣਕਾਰੀ ਦੇ ਆਧਾਰ ‘ਤੇ ਡਾਕ ਜਾਂ ਈਮੇਲ ਰਾਹੀਂ 17 ਜੁਲਾਈ ਤੱਕ ਕਾਰਵਾਈ ਦੀ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ।
ਚੇਅਰਮੈਨ ਵਿਜੈ ਸਾਂਪਲਾ ਨੇ ਅਧਿਕਾਰੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਕਾਰਵਾਈ ਦੀ ਰਿਪੋਰਟ ਪ੍ਰਾਪਤ ਨਾ ਹੋਈ ਤਾਂ ਕਮਿਸ਼ਨ ਭਾਰਤ ਦੇ ਸੰਵਿਧਾਨ ਦੀ ਧਾਰਾ 338 ਤਹਿਤ ਪ੍ਰਾਪਤ ਸਿਵਲ ਅਦਾਲਤ ਦੇ ਅਧਿਕਾਰਾਂ ਦੀ ਵਰਤੋਂ ਕਰ ਸਕਦਾ ਹੈ ਅਤੇ ਦਿੱਲੀ ਵਿਖੇ ਕਮਿਸ਼ਨ ਅੱਗੇ ਨਿੱਜੀ ਤੌਰ ‘ਤੇ ਹਾਜ਼ਰ ਹੋਣ ਲਈ ਸੰਮਨ ਜਾਰੀ ਕਰ ਸਕਦਾ ਹੈ।