ਹੁਣ ਹਰ ਪੰਜਾਬੀ ਕਰ ਸਕਦਾ ਹੈ ਪੰਜਾਬ ਦੀ ਮਦਦ,ਬੱਸ ਭਾਰਤ ਵਿੱਚ ਕਿਤੇ ਵੀ ਸਾਮਾਨ ਖਰੀਦਣ ਵੇਲੇ ਕੋਡ 03 ਦੀ ਵਰਤੋਂ ਕਰਨੀ ਹੈ
ਪੰਜਾਬ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਸਰਕਾਰ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ - ਆਪ
ਜੀਐਸਟੀ ਸੋਧ ਬਿੱਲ ਨਾਲ ਪੰਜਾਬ ਦਾ ਮਾਲੀਆ ਵਧੇਗਾ ਤੇ ਲੋਕਾਂ ਨੂੰ ਖਰੀਦਦਾਰੀ ਕਰਨ ਦੀ ਵੀ ਸਹੂਲਤ ਮਿਲੇਗੀ – ਮਲਵਿੰਦਰ ਸਿੰਘ ਕੰਗ
ਕਿਹਾ- ਹੁਣ ਜੇਕਰ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਵਸਤਾਂ ਖਰੀਦਣ ਲਈ 03 ਕੋਡ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਟੈਕਸ ਪੰਜਾਬ ਸਰਕਾਰ ਦੇ ਖਾਤੇ ਵਿੱਚ ਆਵੇਗਾ
ਪੰਜਾਬੀਆਂ ਨੂੰ ਕੀਤੀ ਅਪੀਲ, ਕਿਹਾ- ਪੰਜਾਬ ਦੀ ਆਰਥਿਕ ਤਰੱਕੀ ਲਈ ਸੂਬੇ ਤੋਂ ਬਾਹਰ ਜਾਕੇ ਖਰੀਦਦਾਰੀ ਕਰਨ ਲਈ 03 ਕੋਡ ਦੀ ਵਰਤੋਂ ਕਰੋ
ਚੰਡੀਗੜ੍ਹ, 30 ਨਵੰਬਰ
ਆਮ ਆਦਮੀ ਪਾਰਟੀ (ਆਪ) ਨੇ ਵਿਧਾਨ ਸਭਾ ਸੈਸ਼ਨ ਦੌਰਾਨ ਲਏ ਜੀਐਸਟੀ ਸੋਧ ਬਿੱਲ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਮਾਨ ਸਰਕਾਰ ਪੰਜਾਬ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਲਗਾਤਾਰ ਇਤਿਹਾਸਕ ਫੈਸਲੇ ਲੈ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਦੇ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਵੀਰਵਾਰ ਨੂੰ ਚੰਡੀਗੜ੍ਹ ਪਾਰਟੀ ਹੈੱਡਕੁਆਰਟਰ ਵਿਖੇ ਮੀਡੀਆ ਨੂੰ ਸੰਬੋਧਨ ਕਰਦਿਆਂ ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਜੀਐਸਟੀ ਸੋਧ ਬਿੱਲ ਨਾਲ ਪੰਜਾਬ ਦਾ ਮਾਲੀਆ ਵਧੇਗਾ ਅਤੇ ਲੋਕਾਂ ਨੂੰ ਪੰਜਾਬ ਤੋਂ ਬਾਹਰ ਖਰੀਦਦਾਰੀ ਕਰਨ ਦੀ ਵੀ ਸਹੂਲਤ ਮਿਲੇਗੀ।
ਕੰਗ ਨੇ ਕਿਹਾ ਕਿ ਹੁਣ ਜੇਕਰ ਪੰਜਾਬ ਦੇ ਲੋਕ ਸੂਬੇ ਤੋਂ ਬਾਹਰ ਵਸਤਾਂ ਖਰੀਦਣ ਲਈ 03 ਕੋਡ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਟੈਕਸ ਪੰਜਾਬ ਸਰਕਾਰ ਦੇ ਖਾਤੇ ਵਿੱਚ ਆਵੇਗਾ। ਉਨ੍ਹਾਂ ਪੰਜਾਬੀਆਂ ਨੂੰ ਪੰਜਾਬ ਤੋਂ ਬਾਹਰ ਖਰੀਦਦਾਰੀ ਕਰਨ ਲਈ ਕੋਡ 03 ਦੀ ਵਰਤੋਂ ਕਰਨ ਦੀ ਅਪੀਲ ਕੀਤੀ।
ਕੰਗ ਨੇ ਮਾਨ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ (ਓ.ਟੀ.ਐਸ.) ਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਇਸ ਸਕੀਮ ਤਹਿਤ ਲਗਭਗ 95 ਫੀਸਦੀ ਪੈਂਡਿੰਗ ਕੇਸਾਂ ਦਾ ਨਿਪਟਾਰਾ ਕੀਤਾ ਜਾਵੇਗਾ।
ਇਸ ਯੋਜਨਾ ਦੇ ਤਹਿਤ 1 ਲੱਖ ਰੁਪਏ ਤੱਕ ਦੇ ਪੁਰਾਣੇ ਬਿੱਲਾਂ ‘ਤੇ ਪੂਰਾ ਟੈਕਸ, ਵਿਆਜ ਅਤੇ ਜੁਰਮਾਨਾ ਮੁਆਫ ਕੀਤਾ ਜਾਵੇਗਾ। ਜਦੋਂ ਕਿ 1 ਲੱਖ ਤੋਂ 1 ਕਰੋੜ ਰੁਪਏ ਦੇ ਬਕਾਇਆ ਬਿੱਲਾਂ ‘ਤੇ 50% ਟੈਕਸ ਅਤੇ 100% ਵਿਆਜ ਅਤੇ ਜੁਰਮਾਨਾ ਮੁਆਫ ਕੀਤਾ ਜਾਵੇਗਾ। ਹੁਣ ਤੱਕ ਸਰਕਾਰ ਨੂੰ ਅਜਿਹੇ ਕੁੱਲ 61805 ਮਾਮਲੇ ਮਿਲੇ ਹਨ।
ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਪੰਜਾਬ ਦੇ ਛੋਟੇ ਵਪਾਰੀਆਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਅਤੇ ਸਰਕਾਰ ਦੀ ਟੈਕਸ ਵਸੂਲੀ ਵੀ ਵਧੇਗੀ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਲਗਾਤਾਰ ਅਜਿਹੇ ਫੈਸਲੇ ਲੈ ਕੇ ਛੋਟੇ ਵਪਾਰੀਆਂ ਨੂੰ ਟੈਕਸ ਭਰਨ ਲਈ ਪ੍ਰੇਰਿਤ ਕਰ ਰਹੀ ਹੈ, ਜਿਸ ਕਾਰਨ ਪੰਜਾਬ ਸਰਕਾਰ ਦੀ ਟੈਕਸ ਵਸੂਲੀ ਵਿੱਚ ਚੋਖਾ ਵਾਧਾ ਹੋ ਰਿਹਾ ਹੈ।