ਪੰਜਾਬ

021-22 ਸੈਸ਼ਨ ਲਈ ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਲਈ 6 ਤੋਂ 13 ਫਰਵਰੀ ਤੱਕ ਖੋਲਿਆ ਪੋਰਟਲ: ਸਿੰਗਲਾ

021-22 ਸੈਸ਼ਨ ਲਈ ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ਲਈ 6 ਤੋਂ 13 ਫਰਵਰੀ ਤੱਕ ਖੋਲਿਆ ਪੋਰਟਲ: ਵਿਜੈ ਇੰਦਰ ਸਿੰਗਲਾ
ਹੁਣ ਤੱਕ 7300 ਅਧਿਆਪਕਾਂ ਨੂੰ ਦਿੱਤਾ ਜਾ ਚੁੱਕੈ ਆਨ-ਲਾਈਨ ਬਦਲੀਆਂ ਦਾ ਲਾਭ: ਸਕੂਲ ਸਿੱਖਿਆ ਮੰਤਰੀ
ਚੰਡੀਗੜ, 6 ਫਰਵਰੀ:
ਸਕੂਲ ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਕੰਮ ਕਰ ਰਹੇ ਅਧਿਆਪਕਾਂ, ਕੰਪਿਊਟਰ ਟੀਚਰਾਂ, ਸਿੱਖਿਆ ਕਰਮੀਆਂ ਅਤੇ ਵਲੰਟੀਅਰਾਂ ਲਈ ਸੈਸ਼ਨ 2021-22 ਦੀਆਂ ਆਮ ਬਦਲੀਆਂ ਦੀਆਂ ਅਰਜ਼ੀਆਂ ਆਨਲਾਈਨ ਪ੍ਰਾਪਤ ਕਰਨ ਲਈ ਨਿਰਧਾਰਿਤ ਬਦਲੀਆਂ ਦੀ ਨੀਤੀ 2019 ਦੇ ਆਧਾਰ ’ਤੇ ਪੋਰਟਲ 6 ਫਰਵਰੀ ਤੋਂ 13 ਫਰਵਰੀ ਤੱਕ ਖੋਲ ਦਿੱਤਾ ਗਿਆ ਹੈ।  ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਆਨਲਾਈਨ ਬਦਲੀ ਨੀਤੀ ਤਹਿਤ ਸੈਸ਼ਨ 2021-22 ਵਿੱਚ ਬਦਲੀਆਂ ਲਈ ਅਧਿਆਪਕ ਅਪਲਾਈ ਕਰ ਸਕਦੇ ਹਨ ਪਰ ਇਹ ਬਦਲੀਆਂ 10 ਅਪ੍ਰੈਲ 2021 ਜਾਂ ਨਵੇਂ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਹੀ ਲਾਗੂ ਹੋਣਗੀਆਂ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਨੇ ਦੱਸਿਆ ਕਿ ਜਿਹੜੇ ਅਧਿਆਪਕਾਂ ਨੇ ਸੈਸ਼ਨ 2020-21 ਵਿੱਚ ਅਪਲਾਈ ਕੀਤਾ ਸੀ ਉਹਨਾਂ ਨੂੰ ਮੁੜ ਅਪਲਾਈ ਕਰਨ ਦੀ ਲੋੜ ਨਹੀਂ ਹੈ ਪ੍ਰੰਤੂ ਜੇਕਰ ਅਧਿਆਪਕ ਕਿਸੇ ਸਬੰਧੀ ਡਾਟੇ ਦੀ ਸੋਧ ਕਰਨਾ ਚਾਹੁੰਦੇ ਹਨ ਤਾਂ ਕਰ ਸਕਦੇ ਹਨ। ਉਨਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਆਨਲਾਈਨ ਬਦਲੀ ਨੀਤੀ ਤਹਿਤ ਪਹਿਲੀ ਵਾਰ 7300 ਦੇ ਕਰੀਬ ਅਧਿਆਪਕਾਂ ਦੀਆਂ ਬਦਲੀਆਂ ਕੀਤੀਆਂ ਗਈਆਂ ਸਨ। ਉਨਾਂ ਦੱਸਿਆ ਕਿ ਸੈਸ਼ਨ 2020-21 ਦੌਰਾਨ ਬਹੁਤ ਸਾਰੇ ਅਧਿਆਪਕਾਂ ਨੇ ਬਦਲੀਆਂ ਲਈ ਆਨਲਾਈਨ ਅਪਲਾਈ ਕੀਤਾ ਸੀ ਪਰ ਕੋਵਿਡ-19 ਮਹਾਂਮਾਰੀ ਫੈਲਣ ਕਰਕੇ ਸਕੂਲ ਬਹੁਤਾ ਸਮਾਂ ਬੰਦ ਰਹਿਣ ਕਾਰਨ ਸੈਸ਼ਨ 2020-21 ਵਿੱਚ ਬਦਲੀਆਂ ਨਹੀਂ ਹੋਈਆਂ। ਉਨਾਂ ਕਿਹਾ ਕਿ ਹੁਣ ਸੈਸ਼ਨ 2021-22 ਲਈ ਸਮੂਹ ਰੈਗੂਲਰ ਅਧਿਆਪਕਾਂ ਤੋਂ ਇਲਾਵਾ ਕੰਪਿਊਟਰ ਫੈਕਲਟੀਜ਼, ਸਿੱਖਿਆ ਕਰਮੀਆਂ, ਈਜੀਐੱਸ ਵਲੰਟੀਅਰਾਂ, ਐੱਸ.ਟੀ.ਆਰ, ਏ.ਆਈ.ਈਜ਼ ਨੂੰ ਵੀ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ।
 ਸਿੰਗਲਾ ਨੇ ਦੱਸਿਆ ਕਿ ਇਹਨਾਂ ਆਨਲਾਈਨ ਬਦਲੀਆਂ ਦਾ ਫਾਇਦਾ ਬਾਰਡਰ ਏਰੀਏ ਵਿੱਚ ਨਿਯੁਕਤ ਅਧਿਆਪਕਾਂ ਨੂੰ ਵੀ ਹੋਣ ਵਾਲਾ ਹੈ ਕਿਉਂਕਿ ਅਧਿਆਪਕਾਂ ਦੀ ਨਵੀਂ ਭਰਤੀ ਜੋ ਕਿ ਬਾਰਡਰ ਏਰੀਆ ਵਿੱਚ ਹੋਣੀ ਹੈ ਉਸ ਨਾਲ ਪਿਛਲੇ ਕੁਝ ਸਾਲਾਂ ਤੋਂ ਕੰਮ ਕਰ ਰਹੇ ਅਧਿਆਪਕਾਂ ਨੂੰ ਆਪਣੇ ਘਰਾਂ ਦੇ ਨੇੜੇ ਆਉਣ ਦਾ ਮੌਕਾ ਮਿਲੇਗਾ। ਜ਼ਿਕਰਯੋਗ ਹੈ ਕਿ ਆਨਲਾਈਨ ਬਦਲੀ ਨੀਤੀ ਤਹਿਤ ਅਧਿਆਪਕਾਂ ਦੀ ਕਾਰਗੁਜ਼ਾਰੀ, ਸਹਿ-ਅਕਾਦਮਿਕ ਕਿਰਿਆਵਾਂ ਅਤੇ ਸਕੂਲਾਂ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕਾਰਜਾਂ ਪ੍ਰਤੀ ਅੰਕਾਂ ਦੇ ਅਧਾਰ ’ਤੇ ਮੈਰਿਟ ਬਣਦੀ ਹੈ ਅਤੇ ਇਸੇ ਆਧਾਰ ’ਤੇ ਹੀ ਪਾਰਦਰਸ਼ੀ ਢੰਗ ਨਾਲ ਅਧਿਆਪਕਾਂ ਦੀਆਂ ਬਦਲੀਆਂ ਹੁੰਦੀਆਂ ਹਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!