ਪੰਜਾਬ ਦੇ ਰਾਜਪਾਲ ਵੱਲੋਂ ‘ਗੀਤਾ ਆਚਰਣ – ਇਕ ਸਾਧਕ ਦੇ ਦ੍ਰਿਸ਼ਟੀਕੋਣ ਤੋਂ’ ਪੁਸਤਕ ਦੇ ਪੰਜਾਬੀ ਸੰਸਕਰਣ ਦੀ ਘੁੰਡ ਚੁੱਕਾਈ
ਚੰਡੀਗੜ੍ਹ, 14 ਅਗਸਤ:
ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਪੰਜਾਬ ਰਾਜ ਭਵਨ, ਚੰਡੀਗੜ੍ਹ ਵਿਖੇ ‘ਗੀਤਾ ਆਚਰਣ-ਅ ਪ੍ਰੈਕਟਿਸ਼ਨਰਸ ਪ੍ਰਾਸਪੈਕਟਿਵ’ (ਗੀਤਾ ਆਚਰਣ – ਇਕ ਸਾਧਕ ਦੇ ਦ੍ਰਿਸ਼ਟੀਕੋਣ ਤੋਂ) ਪੁਸਤਕ ਦਾ ਪੰਜਾਬੀ ਸੰਸਕਰਣ ਰਿਲੀਜ਼ ਕੀਤਾ। ਇਹ ਪੁਸਤਕ ਪੰਜਾਬ ਕਾਡਰ ਦੇ ਆਈ.ਏ.ਐਸ. ਅਧਿਕਾਰੀ ਕੇ. ਸਿਵਾ ਪ੍ਰਸਾਦ ਵੱਲੋਂ ਲਿਖੀ ਗਈ ਹੈ।
ਰਾਜਪਾਲ ਨੇ ਕਿਹਾ ਕਿ ਉਹ ਭਗਵਤ ਗੀਤਾ ਤੋਂ ਬਹੁਤ ਪ੍ਰੇਰਿਤ ਹਨ। ਇਹ ਉਹਨਾਂ ਨੂੰ ਪਿਛਲੇ ਪੰਜਾਹ ਸਾਲਾਂ ਤੋਂ ਬਿਹਤਰ ਜੀਵਨ ਜਿਉਣ ਲਈ ਸਮਰਥਾ ਦੇਣ ਵਾਸਤੇ ਮਦਦਗਾਰ ਸਾਬਤ ਹੋਈ ਹੈ। ਉਨ੍ਹਾਂ ਦੱਸਿਆ ਕਿ ਭਗਵਤ ਗੀਤਾ ਦੇ ਬਾਰ੍ਹਵੇਂ ਅਧਿਆਏ ਦੇ ਪਾਠ ਨਾਲ ਉਨ੍ਹਾਂ ਦੇ ਦਿਨ ਦੀ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਨੇ ਸਿਵਾ ਪ੍ਰਸਾਦ ਦੁਆਰਾ ਇਸ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਪੇਸ਼ ਕਰਨ ਅਤੇ ਇੱਕ ਆਮ ਵਿਅਕਤੀ ਭਗਵਤ ਗੀਤਾ ਨੂੰ ਸਮਝ ਸਕੇ, ਇਸ ਲਈ ਇਸ ਨੂੰ ਆਸਾਨ ਬਣਾਉਣ ਵਾਸਤੇ ਉਹਨਾਂ ਵੱਲੋਂ ਕੀਤੇ ਯਤਨਾਂ ਲਈ ਉਹਨਾਂ ਦੀ ਸ਼ਲਾਘਾ ਕੀਤੀ।
ਸਿਵਾ ਪ੍ਰਸਾਦ ਨੇ ਦੱਸਿਆ ਕਿ ਇਸ ਪੁਸਤਕ ਜ਼ਰੀਏ ਬਹੁਤ ਹੀ ਸਰਲ ਢੰਗ ਨਾਲ ਸੰਖੇਪ ਰੂਪ ਵਿੱਚ ਪੁਸਤਕ ਦੇ ਸੰਕਲਪਾਂ ਨੂੰ ਵਿਸਤਾਰ ਨਾਲ ਬਿਆਨ ਕਰਨ ਦਾ ਯਤਨ ਕੀਤਾ ਗਿਆ ਹੈ। ਗੀਤਾ ਵਿੱਚ ਦਿੱਤੇ ਗਏ ਗੁੰਝਲਦਾਰ ਮੁੱਦਿਆਂ ਨੂੰ ਸਮਕਾਲੀ ਵਿਗਿਆਨਕ ਸਮਝ ਦੀ ਵਰਤੋਂ ਕਰਦਿਆਂ ਇਹਨਾਂ ਲਿਖਤਾਂ ਰਾਹੀਂ ਸਰਲ ਬਣਾਇਆ ਗਿਆ ਹੈ। ਇਹ ਪੁਸਤਕ ਗੀਤਾ ਦਾ ਅਧਿਐਨ ਕਰਨ ਵਾਲੇ, ਖਾਸ ਤੌਰ ‘ਤੇ ਨੌਜਵਾਨਾਂ ਨੂੰ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਵਿੱਚ ਮਦਦ ਕਰੇਗੀ। ਉਹ ਰੋਜ਼ਾਨਾ ਜੀਵਨ ਵਿਚਲੇ ਤਣਾਅ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨ ਦੇ ਯੋਗ ਹੋ ਸਕਣਗੇ।
ਉਨ੍ਹਾਂ ਕਿਹਾ ਕਿ ਇਹ ਉਹਨਾਂ ਵੱਲੋਂ ਇਸ ਖੇਤਰ ਵਿੱਚ ਤੀਹ ਸਾਲਾਂ ਤੋਂ ਵੱਧ ਕੀਤੀ ਮਿਹਨਤ ਦਾ ਨਤੀਜਾ ਹੈ। ਵੱਖ-ਵੱਖ ਸਥਿਤੀਆਂ ਅਤੇ ਲੋਕਾਂ ਤੋਂ ਹਾਸਲ ਕੀਤੇ ਅਨੁਭਵਾਂ ਨੇ ਉਹਨਾਂ ਨੂੰ ਗੀਤਾ ਦੇ ਉਪਦੇਸ਼ ਨੂੰ ਸਮਝਣ ਵਿੱਚ ਮਦਦ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਆਪਣੇ ਰੋਜ਼ਾਨਾ ਅਨੁਭਵਾਂ ਦੇ ਨਾਲ-ਨਾਲ ਪੱਛਮੀ ਸੋਚ ਸਬੰਧੀ ਪ੍ਰਕਿਰਿਆਵਾਂ ਅਤੇ ਵਿਵਹਾਰ ਵਿਗਿਆਨ ਦਾ ਅਧਿਐਨ ਵੀ ਕੀਤਾ।
ਉਨ੍ਹਾਂ ਆਸ ਪ੍ਰਗਟਾਈ ਕਿ ਪੰਜਾਬੀ ਵਿੱਚ ਅਨੁਵਾਦ ਕੀਤੀ ਇਹ ਰਚਨਾ ਵਿਸ਼ਵ ਭਰ ਦੇ ਪੰਜਾਬੀ ਪਾਠਕਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਗੀਤਾ ਆਚਰਣ ਨੂੰ ਚੰਗੀ ਤਰ੍ਹਾਂ ਸਮਝਣ ਵਿੱਚ ਮਦਦ ਕਰੇਗੀ। ਉਹਨਾਂ ਦੱਸਿਆ ਕਿ ਇਹ ਕਿਤਾਬ ਅੰਗਰੇਜ਼ੀ, ਹਿੰਦੀ, ਉੜੀਆ ਅਤੇ ਤੇਲਗੂ ਵਿੱਚ ਪਹਿਲਾਂ ਹੀ ਉਪਲਬਧ ਹੈ।