ਪੰਜਾਬ ਵਿੱਚ ਏ.ਬੀ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਭ ਤੋਂ ਵੱਧ ਪਰਿਵਾਰਾਂ ਨੂੰ ਕਵਰ ਕਰਨ ਵਿੱਚ ਪਠਾਨਕੋਟ ਰਿਹਾ ਮੋਹਰੀ
ਪੰਜਾਬ ਵਿੱਚ ਏ.ਬੀ-ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸਭ ਤੋਂ ਵੱਧ ਪਰਿਵਾਰਾਂ ਨੂੰ ਕਵਰ ਕਰਨ ਵਿੱਚ ਪਠਾਨਕੋਟ ਰਿਹਾ ਮੋਹਰੀ
49,41,952 ਲਾਭਪਾਤਰੀਆਂ ਨੂੰ ਜਾਰੀ ਕੀਤੇ ਈ-ਕਾਰਡ
5,71,924 ਮਰੀਜ਼ਾਂ ਨੂੰ ਸੂਚੀਬੱਧ ਹਸਪਤਾਲਾਂ ਵਿੱਚ ਮਿਲੀਆਂ ਮਿਆਰੀ ਸਿਹਤ ਸੇਵਾਵਾਂ
ਚੰਡੀਗੜ, 24 ਫਰਵਰੀ:
ਪੰਜਾਬ ਵਿੱਚ ‘ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ’ ਤਹਿਤ ਦੂਜੇ ਅਤੇ ਤੀਜੇ ਪੱਧਰ ਦੀਆਂ ਦੀਆਂ ਸਿਹਤ ਸੇਵਾਵਾਂ ਨੂੰ ਹੋਰ ਪ੍ਰਫੁੱਲਿਤ ਕਰਨ ਲਈ, ਸਾਰੇ ਜ਼ਿਲਿਆਂ ਵਿੱਚ ਈ-ਕਾਰਡ ਬਣਾਉਣ ਦੀ ਪ੍ਰਕਿਰਿਆ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀ ਹੈ। ਇਸ ਤਹਿਤ ਜ਼ਿਲਾ ਪਠਾਨਕੋਟ ਸਭ ਤੋਂ ਵੱਧ ਗਿਣਤੀ ਵਿੱਚ ਯੋਗ ਪਰਿਵਾਰਾਂ ਨੂੰ ਕਵਰ ਕਰਕੇ ਪੰਜਾਬ ਦਾ ਮੋਹਰੀ ਜ਼ਿਲਾ ਬਣ ਗਿਆ ਹੈ। ਇਹ ਜਾਣਕਾਰੀ ਅੱਜ ਇਥੇ ਰਾਜ ਸਿਹਤ ਏਜੰਸੀ ਏ.ਬੀ-ਸਰਬੱਤ ਸਿਹਤ ਬੀਮਾ ਯੋਜਨਾ ਦੇ ਸੀ.ਈ.ਓ ਸ੍ਰੀ ਅਮਿਤ ਕੁਮਾਰ ਨੇ ਪ੍ਰੈਸ ਰਿਲੀਜ਼ ਦੌਰਾਨ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਸੂਬੇ ਵਿੱਚ ਕਾਮਨ ਸਰਵਿਸ ਸੈਂਟਰਾਂ, ਮੰਡੀ ਬੋਰਡ ਦੀਆਂ ਮਾਰਕੀਟ ਕਮੇਟੀਆਂ ਅਤੇ ਸੇਵਾ ਕੇਂਦਰਾਂ ਵਿਖੇ ਈ-ਕਾਰਡ ਬਣਾਏ ਜਾ ਰਹੇ ਹਨ ਅਤੇ ਸਾਰੇ ਯੋਗ ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕੀਤੇ ਜਾਣ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਨੇ 22 ਫਰਵਰੀ ਤੋਂ 28 ਫਰਵਰੀ ਤੱਕ “ਇੱਕ ਹਫਤੇ ਦੀ ਵਿਸ਼ੇਸ਼ ਮੁਹਿੰਮ” ਵੀ ਚਲਾਈ ਹੈ। ਉਹਨਾਂ ਕਿਹਾ ਕਿ ਹੁਣ ਤੱਕ 49,41,952 ਲਾਭਪਾਤਰੀਆਂ ਨੂੰ ਈ-ਕਾਰਡ ਜਾਰੀ ਕੀਤੇ ਜਾ ਚੁੱਕੇ ਹਨ।
ਉਹਨਾਂ ਅੱਗੇ ਕਿਹਾ ਕਿ ਇਸ ਯੋਜਨਾ ਤਹਿਤ 20 ਅਗਸਤ 2019 ਤੋਂ ਇਲਾਜ ਸ਼ੁਰੂ ਕੀਤਾ ਗਿਆ ਸੀ ਅਤੇ ਸੂਬੇ ਭਰ ਦੇ 5,71,924 ਤੋਂ ਵੱਧ ਮਰੀਜਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ 638.60 ਕਰੋੜ ਰੁਪਏ ਦੀਆਂ ਨਕਦ ਰਹਿਤ ਇਲਾਜ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ।
ਉਨਾਂ ਕਿਹਾ ਕਿ ਸਾਰੇ ਸੂਚੀਬੱਧ ਹਸਪਤਾਲਾਂ ਵਿਚ ਮੈਡੀਕਲ ਲਾਭ ਨੂੰ ਯਕੀਨੀ ਬਣਾਉਣ ਲਈ ਇਸ ਸਕੀਮ ਤਹਿਤ ਇਲਾਜ ਕਰਵਾਉਣ ਵਾਲੇ ਸਾਰੇ ਲਾਭਪਾਤਰੀਆਂ ਤੋਂ ਟੈਲੀਫੋਨਿਕ, ਸੰਦੇਸ਼ਾਂ ਅਤੇ ਆਨਲਾਈਨ ਫੀਡਬੈਕ ਲੈਣ ਲਈ ‘ਲਾਭਪਾਤਰੀ ਫੀਡਬੈਕ ਪੋਰਟਲ ਵੀ ‘ਸ਼ੁਰੂ ਕੀਤਾ ਗਿਆ ਹੈ। ਹੁਣ ਤੱਕ 95 ਫੀਸਦੀ ਲਾਭਪਾਤਰੀਆਂ ਨੇ ਇਸ ਸਕੀਮ ਤਹਿਤ ਦਿੱਤੀਆਂ ਜਾਂਦੀਆਂ ਸੇਵਾਵਾਂ ਤੋਂ ਸੰਤੁਸਟੀ ਜ਼ਾਹਰ ਕੀਤੀ ਹੈ।
ਉਨਾਂ ਦੱਸਿਆ ਕਿ ਸਮਾਰਟ ਰਾਸ਼ਨ ਕਾਰਡ ਧਾਰਕ, ਛੋਟੇ ਵਪਾਰੀ, ਜੇ-ਫਾਰਮ ਧਾਰਕ ਕਿਸਾਨ, ਛੋਟੇ ਅਤੇ ਦਰਮਿਆਨੇ ਕਿਸਾਨ ਅਤੇ ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਵਰਗੀਆਂ 5 ਸ੍ਰੇਣੀਆਂ ਨੂੰ ਨਕਦੀ ਰਹਿਤ ਇਲਾਜ ਸਹੂਲਤਾਂ ਲਈ ਸ਼ਾਮਲ ਕੀਤਾ ਗਿਆ ਹੈ।
ਸ੍ਰੀ ਅਮਿਤ ਕੁਮਾਰ ਨੇ ਕਿਹਾ ਕਿ ਇਹ ਸਕੀਮ ਪਰਿਵਾਰਕ ਮੈਂਬਰਾਂ ਦੀ ਗਿਣਤੀ, ਉਮਰ ਜਾਂ ਲਿੰਗ ਦੇ ਅਧਾਰ ‘ਤੇ ਵਿਤਕਰਾ ਨਹੀਂ ਕਰਦੀ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮੁਫਤ ਸਿਹਤ ਸਹੂਲਤਾਂ ਲਈ ਇਸ ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਪ੍ਰਦਾਨ ਕਰਨਾ ਹੈ ਤਾਂ ਜੋ ਇਲਾਜ ਲਈ ਲੋਕਾਂ ‘ਤੇ ਪੈ ਰਹੇ ਵਾਧੂ ਆਰਥਿਕ ਬੋਝ ਨੂੰ ਘਟਾਇਆ ਜਾ ਸਕੇ।
ਉਨਾਂ ਇਹ ਵੀ ਕਿਹਾ ਕਿ ਵਧੇਰੇ ਜਾਣਕਾਰੀ ਲਈ ਅਤੇ ਆਪਣੀ ਯੋਗਤਾ ਦੀ ਜਾਂਚ ਕਰਨ ਲਈ ਲਾਭਪਾਤਰੀ www.shapunjab.in ‘ਤੇ ਲਾਗਇਨ ਕਰ ਸਕਦੇ ਹਨ।