ਪੰਜਾਬ

ਨਕਾਮੀਆਂ ਛੁਪਾਉਣ ਲਈ ਸਦਨ ‘ਚੋਂ ਭੱਜ ਰਹੀ ਹੈ ਚੰਨੀ ਸਰਕਾਰ : ਹਰਪਾਲ ਸਿੰਘ ਚੀਮਾ

-ਕਿਹਾ, ਸੰਵਿਧਾਨ ਦੀ ਤੌਹੀਨ ਅਤੇ ਖਜ਼ਾਨੇ ‘ਤੇ ਬੇਲੋੜਾ ਬੋਝ ਹੈ ਸਰਕਾਰ ਦਾ ਫ਼ੈਸਲਾ
-70 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਲਿਆ ਗਿਆ ਅਜਿਹਾ ਤੁਗ਼ਲਕੀ ਫ਼ੈਸਲਾ: ਅਮਨ ਅਰੋੜਾ
-ਸੈਸ਼ਨ ਦੋ ਦਿਨਾਂ ਲਈ ਮੁਲਤਵੀਂ ਕੀਤੇ ਜਾਣ ਦਾ ‘ਆਪ’ ਨੇ ਕੀਤਾ ਵਿਰੋਧ

ਚੰਡੀਗੜ, 8 ਨਵੰਬਰ
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸੋਮਵਾਰ ਨੂੰ ਵਿਧਾਨ ਸਭਾ ਦੀ ਇਕਲੌਤੀ ਬੈਠਕ ਕਰਕੇ ਸਦਨ ਦੀ ਕਾਰਵਾਈ ਦੋ ਦਿਨਾਂ ਲਈ ਮੁਲਤਵੀ ਕਰਕੇ 11 ਨਵੰਬਰ ਨੂੰ ਕੀਤੇ ਜਾਣ ਵਾਲੇ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਦੋਸ਼ ਲਾਇਆ ਕਿ ਸਰਕਾਰ ਅਜਿਹੇ ਤੁਗ਼ਲਕੀ ਫ਼ੈਸਲੇ ਲੈ ਕੇ ਨਾ ਕੇਵਲ ਸੰਵਿਧਾਨ ਦੀ ਤੌਹੀਨ ਕਰ ਰਹੀ ਹੈ, ਸਗੋਂ ਲੋਕਾਂ ਦੇ ਪੈਸੇ (ਸਰਕਾਰੀ ਖਜ਼ਾਨੇ) ‘ਤੇ ਵੀ ਬੇਲੋੜਾ ਅਤੇ ਬੇਤੁਕਾ ਬੋਝ ਪਾ ਰਹੀ ਹੈ।
ਵਿਧਾਨ ਸਭਾ ਇਜਲਾਸ ਦੌਰਾਨ ਚੰਦ ਮਿੰਟਾਂ ‘ਚ ਖ਼ਤਮ ਹੋਈ ਸ਼ਰਧਾਂਜਲੀ ਬੈਠਕ ਤੋਂ ਬਾਅਦ ਬਾਹਰ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ ਕਿ ਬਿਨਾਂ ਮੂੰਹ- ਸਿਰ (ਹੈਡਲੱਸ) ਸਰਕਾਰ ਚੱਲ ਰਹੀ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਨਾਂ ਦੀ ਕੈਬਨਿਟ ਦਾ ਸਾਰਾ ਜ਼ੋਰ ਇਸ ਗੱਲ ‘ਤੇ ਲੱਗਾ ਹੈ ਕਿ ਕਿਵੇਂ ਨਾ ਕਿਵੇਂ ਪੌਣੇ ਪੰਜ ਸਾਲਾਂ ਦੇ ਨਹਾਇਤ ਨਿਕੰਮੇ ਸ਼ਾਸਨ ਦੀਆਂ ਨਾਕਾਮੀਆਂ ਛੁਪਾਈਆਂ ਜਾ ਸਕਣ। ਇਸ ਕਰਕੇ ਸਰਕਾਰ ਸੜਕਾਂ ‘ਤੇ ਧਰਨੇ ਲਾਈ ਬੈਠੇ ਪ੍ਰਦਰਸ਼ਨਕਾਰੀਆਂ ਅਤੇ ਸਦਨ ਵਿੱਚ ਵਿਰੋਧੀ ਧਿਰ ਦੇ ਸਵਾਲਾਂ ਤੋਂ ਭੱਜ ਰਹੀ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਪਾਰਟੀ ਆਪਣੀਆਂ ਕਮਜ਼ੋਰੀਆਂ ਨੂੰ ਛੁਪਾ ਰਹੀ ਹੈ ਅਤੇ ਸੈਸ਼ਨ ਦੇ ਨਾਟਕ ਰਾਹੀਂ ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦਾ ਯਤਨ ਕੀਤਾ ਗਿਆ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਨੇ ਉਦੋਂ ਕਿਹਾ ਸੀ ਕਿ ਸੈਸ਼ਨ ਦਾ ਇੱਕ ਦਿਨ ਦਾ ਖਰਚ 70 ਹਜ਼ਾਰ ਰੁਪਏ ਆਉਂਦਾ ਹੈ। ਹੁਣ ਮਹਿੰਗਾਈ ਦੇ ਚਲਦਿਆਂ ਖਰਚਾ ਹੋਰ ਵੀ ਵੱਧ ਗਿਆ ਹੈ। ਇਸ ਫਜ਼ੂਲ ਖਰਚੀ ਲਈ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਇਹ ਦੱਸਣ ਕਿ ਇਸ ਦੇ ਲਈ ਕੌਣ ਜ਼ਿੰਮੇਵਾਰ ਹੈ? ਬਿਹਤਰ ਹੁੰਦਾ ਕਿ ਇਸ ਸੈਸ਼ਨ ਨੂੰ ਦੋ ਦਿਨ ਲਈ ਮੁਲਤਵੀ ਕਰਨ ਦੀ ਬਜਾਏ ਅੱਗੇ 15 ਦਿਨਾਂ ਲਈ ਵਧਾਇਆ ਜਾਂਦਾ। ਚੀਮਾ ਨੇ ਲੰਬਿਤ ਪਏ ਮੌਨਸੂਨ ਸੈਸ਼ਨ ਨੂੰ ਜਲਦ ਅਤੇ ਘੱਟ ਤੋਂ ਘੱਟ 15 ਦਿਨ ਲਈ ਬੁਲਾਉਣ ਦੀ ਮੰਗ ਕੀਤੀ ਅਤੇ ਇਸ ਦਾ ਸਿੱਧਾ ਪ੍ਰਸਾਰਣ ਕਰਨ ਦੀ ਮੰਗ ਵੀ ਦੁਹਰਾਈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ‘ਆਪ’ ਵੱਲੋਂ ਕਾਂਗਰਸ ਸਰਕਾਰ ਤੋਂ ਪੰਜ ਸਾਲਾਂ ਦੀ ਕਾਰਗੁਜਾਰੀ ਦਾ ਲੇਖਾ- ਜੋਖਾ ਪੁੱਛਿਆ ਜਾਵੇਗਾ। ਪੁੱਛਿਆ ਜਾਵੇਗਾ ਕਿ ਚੰਨੀ ਸਰਕਾਰ ਕਿਸ ‘ਡੀਲ’ ਵਿੱਚ ਅੱਧਾ ਪੰਜਾਬ ਬੀ.ਐਸ.ਐਫ਼ ਦੇ ਰਾਹੀਂ ਮੋਦੀ ਅਤੇ ਅਮਿਤ ਸ਼ਾਹ ਨੂੰ ਸੌਂਪ ਕੇ ਆਏ ਹਨ। ਕਿਸਾਨੀ ਕਰਜਾ, ਮਜ਼ਦੂਰਾਂ, ਵਪਾਰੀਆਂ, ਉਦਯੋਗਪਤੀਆਂ ਦੇ ਸਬੰਧ ਵਿੱਚ ਅਤੇ ਸੋਹਾਣਾ (ਮੋਹਾਲੀ) ਵਿਖੇ ਪਾਣੀ ਵਾਲੀ ਟੈਂਕੀ ‘ਤੇ ਬੈਠੇ ਪੀ.ਟੀ.ਆਈ ਅਧਿਆਪਕਾਂ, ਪਟਿਆਲਾ ਦੇ ਟਾਵਰਾਂ ‘ਤੇ ਚੜੇ ਅਤੇ ਮਰਨ ਵਰਤ ‘ਤੇ ਬੈਠੇ ਬੇਰੁਜ਼ਗਾਰਾਂ ਦੇ ਸਵਾਲ ਪੁੱਛੇ ਜਾਣਗੇ। ਕਿਉਂਕਿ ਕਾਂਗਰਸ ਨੇ ਘਰ- ਘਰ ਰੋਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ।
ਇਸ ਮੌਕੇ ਅਮਨ ਅਰੋੜਾ ਨੇ ਕਿਹਾ ਕਿ 70 ਸਾਲਾਂ ਦੇ ਇਤਿਹਾਸ ਵਿੱਚ ਅਜਿਹਾ ਪਹਿਲੀ ਵਾਰ ਹੋ ਰਿਹਾ ਹੈ, ਜਦੋਂ ਸੈਸ਼ਨ ਨਿਰੰਤਰ ਜਾਰੀ ਹੈ, ਪਰ ਮੰਗਲਵਾਰ ਤੋਂ ਵੀਰਵਾਰ ਦੇ ਵਿਚਕਾਰ ਦੋ ਦਿਨਾਂ ਦੀ ਛੁੱਟੀ ਕਰ ਦਿੱਤੀ ਗਈ। ਉਨਾਂ ਕਿਹਾ ਕਿ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ, ਜਦੋਂ ਕਿ ਇਕ ਸਾਲ ਵਿੱਚ 40 ਦਿਨਾਂ ਦੀ ਹਾਜਰੀ ਹੋਣੀ ਚਾਹੀਦੀ ਹੈ, ਜਿਹੜੀ ਹੁਣ ਕੇਵਲ 10- 11 ਦਿਨ ਦੀ ਹੁੰਦੀ ਹੈ।
ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਨੇ ਗੁਰੂ ਸਾਹਿਬ ਨੂੰ ਸਮਰਪਿਤ ਇੱਕ ਦਿਨ ਦੇ ਵਿਸ਼ੇਸ਼ ਸੈਸ਼ਨ ਤੋਂ ਬਾਅਦ 10- 15 ਦਿਨ ਦਾ ਸੈਸ਼ਨ ਕਰਨ ਦੀ ਵਾਅਦਾ ਕੀਤਾ ਸੀ। ਭਾਂਵੇਂ ਹੁਣ ਸੈਸ਼ਨ ਬੁਲਾਇਆ ਗਿਆ, ਪਰ ਦਸ ਮਿੰਟ ਬਾਅਦ ਵਿਚਕਾਰ ਦੋ ਦਿਨ ਦੀ ਛੁੱਟੀ ਕਰ ਦਿੱਤੀ ਗਈ ਹੈ। ਇਸ ਤੋਂ ਪਤਾ ਚੱਲਦਾ ਹੈ ਜਿਵੇਂ ਸਰਕਾਰ ਨੂੰ ਥਕਾਵਟ ਹੋ ਗਈ ਹੋਵੇ। ਉਨਾਂ ਕਿਹਾ ਕਿ ਕਾਂਗਰਸ ਸਰਕਾਰ ਪੂਰੀ ਤਰਾਂ ਫ਼ੇਲ ਹੈ। ਸਰਕਾਰ ਕੋਲ ਤਿੰਨ ਕਰੋੜ ਜਨਤਾ ਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਹੈ। ਕਾਂਗਰਸ ਸਰਕਾਰ ਲੋਕ ਮੁੱਦਿਆਂ ਤੋਂ ਭੱਜਦੀ ਹੈ, ਜਦ ਸਰਕਾਰ ਦੇ ਆਪਸੀ ਝਗੜੇ ਖ਼ਤਮ ਨਹੀਂ ਹੁੰਦੇ ਤਾਂ ਉਹ ਜਨਤਾ ਦੇ ਮਾਮਲਿਆਂ ਦਾ ਕੀ ਹੱਲ ਕਰੇਗੀ।
ਅਮਨ ਅਰੋੜਾ ਨੇ ਕਿਹਾ ਕਿ ਜ਼ਿੰਮੇਦਾਰ ਵਿਰੋਧੀ ਧਿਰ ਦੇੇ ਰੂਪ ਵਿੱਚ ‘ਆਪ’ ਕਾਂਗਰਸ ਸਰਕਾਰ ਤੋਂ ਜਨਤਾ ਦੇ ਸਾਰੇ ਸਵਾਲ ਪੁੱਛੇਗੀ। ਬੀ.ਐਸ.ਐਫ਼. ਦੇ ਅਧਿਕਾਰ ਖੇਤਰ ਵਿੱਚ ਵਾਧੇ ‘ਤੇ ਵੀ ਸਵਾਲ ਪੁੱਛੇ ਜਾਣਗੇ। ਉਨਾਂ ਸੈਸ਼ਨ ਦੀ ਸਮਾਂਬੰਦੀ ਬਾਰੇ ਵੀ ਸਵਾਲ ਚੁੱਕੇ ਕਿ ਕੀ ਅੱਜ ਕੇਵਲ ਇੱਕ ਬੀ.ਐਸ.ਐਫ਼ ਦਾ ਮਾਮਲਾ ਹੈ? ਪੰਜਾਬ ਵਿੱਚ ਨਸ਼ਾ, ਬੇਅਦਬੀ ਅਤੇ ਤਿੰਨ ਲੱਖ ਕਰੋੜ ਦੇ ਕਰਜੇ ਦਾ ਮਾਮਲਾ ਖ਼ਤਮ ਹੋ ਗਿਆ? ਉਦਯੋਗ ਬਰਬਾਦ ਹੋ ਰਹੇ ਹਨ, ਪੰਜਾਬ ਦੀ ਸਿਹਤ ਅਤੇ ਸਿੱਖਿਆ ਵਿਵਸਥਾ ਹਾਸ਼ੀਏ ‘ਤੇ ਚਲੇ ਗਈ ਹੈ, ਪਰ ਕਾਂਗਰਸ ਇਨਾਂ ਸਾਰੇ ਮੁੱਦਿਆਂ ਤੋਂ ਡਰਦੀ ਹੈ। ਭਾਂਵੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਣ ਜਾਂ ਹੁਣ ਚਰਨਜੀਤ ਸਿੰਘ ਚੰਨੀ, ਇਨਾਂ ਪੰਜ ਸਾਲ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ।
ਇਸ ਮੌਕੇ ਉਨਾਂ ਨਾਲ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਪ੍ਰੋ. ਬਲਜਿੰਦਰ ਕੌਰ, ਰੁਪਿੰਦਰ ਕੌਰ ਰੂਬੀ, ਕੁਲਤਾਰ ਸਿੰਘ ਸੰਧਵਾਂ, ਮੀਤ ਹੇਅਰ, ਪ੍ਰਿੰਸੀਪਲ ਬੁੱਧਰਾਮ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਅਮਰਜੀਤ ਸਿੰਘ ਸੰਦੋਆ ਅਤੇ ਜੈ ਸਿੰਘ ਰੋੜੀ (ਸਾਰੇ ਵਿਧਾਇਕ) ਮੌਜ਼ੂਦ ਸਨ।
ਬਾਕਸ —
ਬੀ.ਏ.ਸੀ ਦੀ ਬੈਠਕ ਤੋਂ ਵੀ ਭੱਜੀ ਸਰਕਾਰ: ਚੀਮਾ
ਚੰਡੀਗੜ, 8 ਨਵੰਬਰ

ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਸਰਕਾਰ ਉਤੇ ਵਿਰੋਧੀ ਧਿਰਾਂ ਅਤੇ ਲੋਕਾਂ ਦੇ ਮੁੱਦਿਆਂ ਦਾ ਸਾਹਮਣਾ ਕਰਨ ਤੋਂ ਭੱਜਣ ਦਾ ਦੋਸ਼ ਲਾਇਆ ਹੈ। ਸੋਮਵਾਰ ਨੂੰ ਚੰਦ ਮਿੰਟਾਂ ਬਾਅਦ ਮੁਲਤਵੀ ਹੋਏ ਇਜਲਾਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੇ ਇਜਲਾਸ ਉਪਰੰਤ ਬਿਜਨਸ ਐਡਵਾਇਜ਼ਰੀ ਕਮੇਟੀ (ਬੀ.ਏ.ਸੀ) ਦੀ ਬੈਠਕ ਹੋਣੀ ਸੀ, ਪ੍ਰੰਤੂ ਸਰਕਾਰ ਨੇ ਮੌਕੇ ‘ਤੇ ਆ ਕੇ ਇਸ ਬੈਠਕ ਨੂੰ ਵੀ ਰੱਦ ਕਰ ਦਿੱਤਾ। ਚੀਮਾ ਨੇ ਕਿਹਾ ਕਿ ਅੱਜ ਬੀ.ਏ.ਸੀ. ਦੀ ਬੈਠਕ ਇਸ ਲਈ ਜ਼ਰੂਰੀ ਸੀ, ਕਿਉਂਕਿ ਬੈਠਕ ਦੌਰਾਨ ਇਜਲਾਸ ਨੂੰ ਵਧਾਏ ਜਾਣ ਬਾਰੇ ਚਰਚਾ ਕਰਨੀ ਸੀ, ਪ੍ਰੰਤੂ ਸਰਕਾਰ ਸਾਹਮਣਾ ਕਰਨ ਤੋਂ ਭੱਜ ਗਈ।
‘ਆਪ’ ਨੇ ਸ਼ਹੀਦ ਕਿਸਾਨਾਂ- ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਦੀ ਮੰਗ ਉਠਾਈ
ਸਦਨ ਵਿੱਚ ਸ਼ਰਧਾਂਜਲੀਆਂ ਭੇਂਟ ਕਰਨ ਦੌਰਾਨ ਹਰਪਾਲ ਸਿੰਘ ਚੀਮਾ ਨੇ ਲੰਘੀ 3 ਸਤੰਬਰ (ਪਿੱਛਲੇ ਇਜਲਾਸ) ਤੋਂ ਲੈ ਕੇ 6 ਨਵੰਬਰ ਤੱਕ ਕਿਸਾਨੀ ਅੰਦੋਲਨ ਦੌਰਾਨ ‘ਸ਼ਹੀਦ ਹੋਏ 63 ਕਿਸਾਨਾਂ- ਮਜ਼ਦੂਰਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਨ ਦਾ ਪ੍ਰਸਤਾਵ ਰੱਖਿਆ, ਜਦਕਿ ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧਰਾਮ ਨੇ ਟਿੱਕਰੀ ਬਾਰਡਰ ‘ਤੇ ਇੱਕ ਸੜਕ ਹਾਦਸੇ ‘ਚ ਜੀਵਨ ਬਲੀਦਾਨ ਦੇਣ ਵਾਲੀਆਂ ਪਿੰਡ ਖੀਵਾ ਦਿਆਲੂਵਾਲਾ ਦੀਆਂ ਤਿੰਨ ਕਿਸਾਨ ਬੀਬੀਆਂ ਅਮਰਜੀਤ ਕੌਰ, ਸੁਖਵਿੰਦਰ ਕੌਰ ਅਤੇ ਗੁਰਮੇਲ ਕੌਰ ਦੇ ਨਾਮ ਵੀ ਸ਼ਰਧਾਂਜਲੀ ਸੂਚੀ ਵਿੱਚ ਸ਼ਾਮਲ ਕਰਨ ਦਾ ਵੀ ਪ੍ਰਸਤਾਵ ਪੇਸ਼ ਕੀਤਾ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!