ਦਿੱਲੀ ਦਾ ਹੈਪੀਨੈਸ ਉੱਤਸਵ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਅਤੇ ਮਨੋਬਲ ਨੂੰ ਉਚੇਰਾ ਕਰਨ ਦਾ ਵਿਲੱਖਣ ਉਪਰਾਲਾ
ਦਿੱਲੀ ਦਾ ਹੈਪੀਨੈਸ ਉੱਤਸਵ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਅਤੇ ਮਨੋਬਲ ਨੂੰ ਉਚੇਰਾ ਕਰਨ ਦਾ ਵਿਲੱਖਣ ਉਪਰਾਲਾ
ਮਨੀਸ਼ ਸਿਸੋਦੀਆ ਅਤੇ ਸਿੱਖਿਆ ਵਿਭਾਗ ਦਿੱਲੀ ਦੇ ਸੱਦੇ ਤੇ ਪੰਜਾਬ ਦੇ ਸਿੱਖਿਆ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਕੀਤੀ ਭਰਵੀਂ ਸ਼ਮੂਲੀਅਤ
ਐੱਸ ਏ ਐੱਸ ਨਗਰ 29 ਜੁਲਾਈ ( )
ਮੁੱਖ ਮੰਤਰੀ ਭਗਵੰਤ ਮਾਨ ਦੇ ਰਹਿਨੁਮਾਈ ਅਤੇ ਹਰਜੋਤ ਸਿੰਘ ਬੈਂਸ ਸਿੱਖਿਆ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੇ ਮੁੱਖ ਦਫ਼ਤਰ ਅਤੇ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਅਧਿਆਪਕਾਂ ਦੇ ਇੱਕ ਵੱਡੇ ਵਫ਼ਦ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਸੱਦੇ ਤੇ ਦਿੱਲੀ ਦੇ ਥਿਆਗਰਾਜ ਇਨਡੋਰ ਸਟੇਡੀਅਮ ਵਿੱਚ ਕਰਵਾਏ ਗਏ ਹੈਪੀਨੈਸ ਉੱਤਸਵ 2022 ਵਿੱਚ ਵਿਸ਼ੇਸ਼ ਮਹਿਮਾਨਾਂ ਵੱਜੋਂ ਸ਼ਮੂਲੀਅਤ ਕੀਤੀ।
ਕੁਲਜੀਤ ਪਾਲ ਸਿੰਘ ਮਾਹੀ ਡੀ.ਪੀ.ਆਈ. ਸੈਕੰਡਰੀ ਸਿੱਖਿਆ ਪੰਜਾਬ ਦੀ ਦੇਖ ਰੇਖ ਵਿੱਚ ਸੈਂਕੜੇ ਅਧਿਕਾਰੀਆਂ ਅਤੇ ਅਧਿਆਪਕਾਂ ਦਾ ਸ਼ਾਨਦਾਰ ਸਵਾਗਤ ਦਿੱਲੀ ਦੇ ਸਿੱਖਿਆ ਵਿਭਾਗ ਵੱਲੋਂ ਕੀਤਾ ਗਿਆ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਮੂਹ ਅਧਿਆਪਕਾਂ ਨੂੰ ਪ੍ਰੇਰਦਿਆਂ ਕਿਹਾ ਕਿ ਵਿਦਿਆਰਥੀ ਨੂੰ ਇੱਕ ਚੰਗਾ ਦੇਸ਼ ਭਗਤ ਨਾਗਰਿਕ ਬਣਾਉਣਾ ਸਿੱਖਿਆ ਅਤੇ ਸਰਕਾਰ ਦਾ ਉਦੇਸ਼ ਹੁੰਦਾ ਹੈ ਅਤੇ ਹੈਪੀਨੈਸ ਪਾਠਕ੍ਰਮ ਇਸ ਉਦੇਸ਼ ਨੂੰ ਪੂਰਾ ਕਰਨ ਦਾ ਉਪਰਾਲਾ ਹੈ। ਉਹਨਾਂ ਕਿਹਾ ਕਿ ਬੱਚੇ ਦੀ ਸਿੱਖਿਆ ‘ਤੇ ਅੱਜ ਕੀਤਾ ਗਿਆ ਨਿਵੇਸ਼ ਭਵਿੱਖ ਵਿੱਚ ਵਧੀਆ ਨਤੀਜੇ ਲੈ ਕੇ ਆਉਂਦਾ ਹੈ ਅਤੇ ਬੱਚੇ ਨੂੰ ਸਕੂਲੀ ਸਮੇਂ ਦੌਰਾਨ ਹੀ ਮਨ ਅਤੇ ਦਿਮਾਗ ਨੂੰ ਕੇਂਦਰਿਤ ਕਰਨ ਦੀ ਸਿੱਖਿਆ ਦੇਣਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ। ਇਸ ਮੌਕੇ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਨੇ ਹੈਪੀਨੈਸ ਪਾਠਕ੍ਰਮ ਨੂੰ ਦਿੱਲੀ ਦੇ ਨਾਲ-ਨਾਲ ਹੋਰਨਾਂ ਰਾਜਾਂ ਦੇ ਵਿੱਚ ਵੀ ਇਸ ਨੂੰ ਪ੍ਰਮੁੱਖਤਾ ਨਾਲ ਲਾਗੂ ਕਰਨ ਲਈ ਆਪਣੇ ਵਿਚਾਰ ਰੱਖੇ।
ਇਸ ਮੌਕੇ ਸੋਮ ਤਿਆਗੀ ਮੋਟੀਵੇਸ਼ਨਲ ਬੁਲਾਰੇ ਨੇ ਕਿਹਾ ਕਿ ਵਿਅਕਤੀ ਕੋਲ ਜੋ ਹੁੰਦਾ ਹੈ ਉਹ ਦੂਜਿਆਂ ਨੂੰ ਓਹੀਓ ਵੰਡਦਾ ਹੈ। ਇਸ ਲਈ ਸਭ ਕੋਲ ਸੰਜਮ, ਸੰਤੋਖ ਅਤੇ ਵਿਵੇਕ ਹੋਣਾ ਜਰੂਰੀ ਹੈ ਅਤੇ ਹੈਪੀਨੈਸ ਪਾਠਕ੍ਰਮ ਦੇ ਮਕਸਦ ਵੀ ਵਿਵੇਕਸ਼ੀਲ ਅਤੇ ਸੂਝਵਾਨ ਨਾਗਰਿਕ ਬਣਾਉਣਾ ਹੈ।
ਬ੍ਰਾਹਮਾ ਕੁਮਾਰੀ ਭੈਣ ਸ਼ਿਵਾਨੀ ਨੇ ਸਮੂਹ ਹਾਜ਼ਰ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕਿਹਾ ਹੈਪੀਨੈਸ ਉੱਤਸਵ ਵਿੱਚ ਇੱਕ ਸੰਕਲਪ ਲੈਣ ਕਿ ਆਪਾਂ ਆਪਣੇ ਆਸ-ਪਾਸ ਦੇ ਵਾਤਾਵਰਣ ਅਤੇ ਭਾਈਚਾਰੇ ਵਿੱਚ ਸ਼ਾਂਤੀ ਰੱਖਣ ਲਈ ਅਸੀਂ ਗੁੱਸੇ ਤੇ ਕਾਬੂ ਪਾਉਣਾ ਸਿੱਖੀਏ। ਹੈਪੀਨੈਸ ਪਾਠਕ੍ਰਮ ਵਿੱਚ ਬੱਚੇ ਨੂੰ ਆ ਰਹੀ ਖਿੱਝ ਦੇ ਕਾਰਨਾਂ ਨੂੰ ਜਾਣਨ ਅਤੇ ਉਹਨਾਂ ਦੇ ਉਪਾਅ ਲੱਭਣ ਨਾਲ ਆਪਣੇ ਸਾਥੀਆਂ ਦੀ ਸਮੱਸਿਆਵਾਂ ਹੱਲ ਕਰਨ ਦਾ ਮੌਕਾ ਮਿਲ ਰਿਹਾ ਹੈ।
ਹੈਪੀਨੈਸ ਉੱਤਸਵ ਵਿੱਚ ਮੌਜੂਦ ਸਮੂਹ ਅਧਿਆਪਕਾਂ ਨੇ ਇਸ ਸ਼ਾਨਦਾਰ ਅਤੇ ਨਿਵੇਕਲੇ ਉਤਸਵ ਦਾ ਆਨੰਦ ਮਾਣਿਆ ਜਿਸ ਵਿੱਚ ਸਮੁੱਚੇ ਵਿਦਿਆਰਥੀ ਵਰਗ ਵਿੱਚ ਨੈਤਿਕ ਕਦਰਾਂ ਕੀਮਤਾਂ ਦੇ ਵਿਕਾਸ ਅਤੇ ਮਨੋਬਲ ਨੂੰ ਉਚੇਰਾ ਕਰਨ ਦੀ ਗੱਲ ਕੀਤੀ ਗਈ। ਪਿਛਲੇ 4 ਸਾਲ ਤੋਂ ਹੈਪੀਨੈਸ ਪਾਠਕ੍ਰਮ ਰਾਹੀਂ ਪੜ੍ਹ ਰਹੇ ਵਿਦਿਆਰਥੀਆਂ ਨੇ ਆਤਮ-ਵਿਸ਼ਵਾਸ਼ ਨਾਲ ਹੈਪੀਨੈਸ ਕਲਾਸਾਂ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਦੱਸਿਆ।
ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਅਧਿਆਪਕਾਂ ਅਤੇ ਅਧਿਕਾਰੀਆਂ ਦਾ ਮੰਚ ਰਾਹੀਂ ਸਵਾਗਤ ਅਤੇ ਹੁੰਮ-ਹੁਮਾ ਕੇ ਪੁੱਜਣ ਤੇ ਧੰਨਵਾਦ ਕੀਤਾ।
ਇਸ ਮੌਕੇ ਡਾ ਮਨਿੰਦਰ ਸਿੰਘ ਸਰਕਾਰੀਆ ਡਾਇਰੈਕਟਰ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸਿੱਖਿਆ ਵਿਭਾਗ ਦੇ ਬੁਲਾਰੇ ਨੇ ਹੈਪੀਨੈਸ ਉੱਤਸਵ ਤੋਂ ਵਾਪਸ ਆ ਕੇ ਦੱਸਿਆ ਕਿ ਸਮੂਹ ਅਧਿਕਾਰੀਆਂ ਅਤੇ ਅਧਿਆਪਕਾਂ ਨੇ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦਾ ਧੰਨਵਾਦ ਕੀਤਾ ਹੈ ਕਿ ਉਹਨਾਂ ਨੂੰ ਪਹਿਲੀ ਵਾਰ ਅਜਿਹੇ ਨਿਵੇਕਲੇ ਨੈਤਿਕ ਕਦਰਾਂ ਕੀਮਤਾਂ ਵਾਲੇ ਹੈਪੀਨੈਸ ਉੱਤਸਵ ਵਿੱਚ ਸ਼ਮੂਲੀਅਤ ਕਰਨ ਦਾ ਅਤੇ ਦਿੱਲੀ ਦੇ ਸਕੂਲਾਂ ਨੂੰ ਨੇੜੇ ਤੋਂ ਦੇਖਣ ਦਾ ਮੌਕਾ ਦਿੱਤਾ ਹੈ।