ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਹੋਵੇਗਾ ਨਵੇਂ ਸਿਰੇ ਤੋਂ ਗਠਨ
ਨਵੇਂ ਮੁਲਾਜ਼ਮਾਂ ਨੂੰ ਦਿੱਤੀ ਜਾ ਸਕਦੀ ਹੈ ਨੁਮਾਇੰਦਗੀ
ਚੰਡੀਗੜ੍ਹ 1 ਦਸੰਬਰ ( ) : ਅੱਜ ਪੰਜਾਬ ਸਿਵਲ ਸਕੱਤਰੇਤ-2, ਮਿੰਨੀ ਸਕੱਤਰੇਤ, ਪੰਜਾਬ ਵਿਖੇ ਦੁਪਹਿਰ ਇੱਕ ਅਚਨਚੇਤ ਰੈਲੀ ਕੀਤੀ ਗਈ ਜਿਸ ਵਿੱਚ ਐਸੋਸੀਏਸ਼ਨ ਦੇ ਪ੍ਰਧਾਨ ਸ. ਸੁਖਚੈਨ ਸਿੰਘ ਖਹਿਰਾ ਨੇ ਪੰਜਾਬ ਸਿਵਲ ਸਕੱਤਰੇਤ ਸਟਾਫ ਐਸੋਸੀਏਸ਼ਨ ਦਾ ਨਵੇਂ ਸਿਰੇ ਤੋਂ ਗਠਨ ਕਰਨ ਦਾ ਐਲਾਨ ਕਰ ਦਿੱਤਾ। ਦੱਸਣਯੋਗ ਹੈ ਕਿ ਅੱਜ ਦੁਪਹਿਰ ਹੋਈ ਰੈਲੀ-ਕਮ-ਜਨਰਲ ਇਜਲਾਸ ਵਿੱਚ ਜਿੱਥੇ ਮੁਲਾਜ਼ਮਾਂ ਦੀਆਂ ਲੰਬਿਤ ਪਈਆਂ ਮੰਗਾਂ ਸਬੰਧੀ ਗੱਲ ਬਾਤ ਕੀਤੀ ਗਈ ਉੱਥੇ ਹੀ ਦਿੱਲੀ ਵਿਖੇ ਹੋ ਰਹੇ ਕਿਸਾਨਾਂ ਦੇ ਪ੍ਰਦਰਸ਼ਨ ਤੋਂ ਸੇਧ ਲੈਣ ਲਈ ਮੁਲਾਜ਼ਮਾਂ ਨੂੰ ਪ੍ਰੇਰਿਤ ਕੀਤਾ ਗਿਆ । ਉਨ੍ਹਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਕਿਸਾਨ ਅੰਦੋਲਨ ਨੂੰ ਖਾਲਿਸਤਾਨ ਨਾਲ ਜੋੜਨ ਦੇ ਦਿੱਤੇ ਗਏ ਬਿਆਨ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਇਹ ਅੰਦੋਲਨ ਦੇਸ਼ ਦੇ ਹਰ ਕਿਸਾਨ ਅਤੇ ਹਰ ਆਮ ਨਾਗਰਿਕ ਦਾ ਹੈ ਅਤੇ ਇਸ ਨੂੰ ਕਿਸੇ ਧਰਮ ਨਾਲ ਜੋੜਕੇ ਲੋਕਾਂ ਦੇ ਮਨਾਂ ਵਿੱਚ ਜ਼ਹਿਰ ਭਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ। ਜਨਰਲ ਸਕੱਤਰ ਗੁਰਪ੍ਰੀਤ ਸਿੰਘ ਨੇ ਮੁਲਾਜ਼ਮਾਂ ਨੂੰ ਕਿਸਾਨਾਂ ਵਾਂਗ ਆਪਣੇ ਸਾਰੇ ਵਿਚਾਰਕ ਮੱਤਭੇਦ ਭੁੱਲਕੇ ਇੱਕ ਜੁੱਟ ਹੋਕੇ ਮੁਲਾਜ਼ਮ ਹਿੱਤਾਂ ਲਈ ਸੰਘਰਸ਼ ਕਰਨ ਲਈ ਬੇਨਤੀ ਕੀਤੀ। ਆਗੂਆਂ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੁਲਾਜ਼ਮ ਜੱਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਵਿੱਚ ਮੰਨੀਆਂ ਹੋਈਆਂ ਮੰਗਾਂ ਤੋਂ ਵੀ ਹੱਥ ਪਿੱਛੇ ਖਿੱਚਿਆ ਜਾ ਰਿਹਾ ਹੈ ਜਿਸ ਕਰਕੇ ਆਉਣ ਵਾਲਾ ਸਮਾਂ ਮੁਲਾਜ਼ਮਾਂ ਲਈ ਬਹੁਤ ਹੀ ਮਾੜਾ ਹੋ ਸਕਦਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਇੱਕਮੁੱਠ ਹੋਕੇ ਸੰਘਰਸ਼ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਮੁਲਾਜ਼ਮਾਂ ਨੂੰ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਖਾਲੀ ਖਜਾਨੇ ਦੀ ਦੁਹਾਈ ਦੇ ਕੇ ਸਰਕਾਰ ਵੱਲੋਂ ਕੇਵਲ ਮੁਲਾਜ਼ਮ ਵਰਗ ਦਾ ਢਿੱਡ ਵੱਢਿਆ ਜਾ ਰਿਹਾ ਹੈ ਜਦਕਿ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡੀਆ ਵਿੱਤੀ ਰਿਆਇਤਾਂ ਦੇ ਕੇ ਖਜਾਨਾ ਲੁਟਾਇਆ ਜਾ ਰਿਹਾ ਹੈ। ਮੁਲਾਜ਼ਮ ਆਗੂ ਜਸਪ੍ਰੀਤ ਸਿੰਘ ਰੰਧਾਵਾ ਅਤੇ ਸੁਪਰਡੰਟ ਪਰਮਦੀਪ ਸਿੰਘ ਭਬਾਤ ਨੇ ਵੀ ਮੁਲਾਜ਼ਮਾਂ ਨੂੰ ਸੰਬੋਧਿਤ ਕੀਤਾ ਅਤੇ ਦੱਸਿਆ ਕਿ ਸਰਕਾਰ ਵੱਲੋਂ ਵਿਕਾਸ ਟੈਕਸ ਕੇਵਲ ਮੁਲਾਜ਼ਮਾਂ ਤੋਂ ਵਸੂਲਿਆ ਜਾ ਰਿਹਾ ਹੈ ਜਦਕਿ ਸਰਕਾਰ ਦੀ ਨੋਟੀਫਿਕੇਸ਼ਨ ਅਨੁਸਾਰ ਪੰਜਾਬ ਰਾਜ ਦੇ ਹਰੇਕ ਟੈਕਸ ਦੇਣ ਵਾਲੇ ਨਾਗਰਿਕਾਂ ਤੋਂ ਇਹ ਟੈਕਸ ਵਸੂਲਿਆ ਜਾਣਾ ਹੈ। ਇਸ ਮੌਕੇ ਸੰਯੁਕਤ ਜਨਰਲ ਸਕੱਤਰ ਸੁਸ਼ੀਲ ਕੁਮਾਰ ਨੇ ਨਵੇਂ ਮੁਲਾਜ਼ਮਾਂ ਨੂੰ ਜੱਥੇਬੰਦੀ ਦੀਆਂ ਪ੍ਰਾਪਤੀਆਂ ਬਾਰੇ ਦੱਸਿਆ ਅਤੇ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਸਭ ਤੋਂ ਜਿਆਦਾ ਸ਼ੋਸ਼ਣ ਸਰਕਾਰ ਨਵੇਂ ਮੁਲਾਜ਼ਮਾਂ ਦਾ ਕਰਨ ਜਾ ਰਹੀ ਹੈ ਜਿਸ ਸਬੰਧੀ ਸਭ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਰੈਲੀ ਵਿੱਚ ਮਨਜਿੰਦਰ ਕੌਰ, ਮਹਿਲਾ ਪ੍ਰਧਾਨ, ਪ੍ਰਵੀਨ ਕੁਮਾਰ, ਭੁਪਿੰਦਰ ਸਿੰਘ ਝੱਜ, ਗੁਰਦੀਪ ਸਿੰਘ (ਪ੍ਰਸ਼ਾਸ਼ਕੀ ਅਫਸਰ) ਵੱਲੋਂ ਭਾਗ ਲਿਆ ਗਿਆ।