ਪਾਕਿਸਤਾਨ ’ਚ ਸੁਰੱਖਿਅਤ ਨਹੀਂ ਘੱਟ ਗਿਣਤੀਆਂ ਦਾ ਜੀਵਨ, ਸੰਪਤੀ ਅਤੇ ਧਾਰਮਿਕ ਸਥਾਨ : ਡਾ ਇੰਦਰੇਸ਼ ਕੁਮਾਰ
ਚੰਡੀਗੜ, 4 ਜੂਨ ( )- ਪਾਕਿਸਤਾਨ ਵਿੱਚ ਘੱਟ ਗਿਣਤੀ ਸੁਰੱਖਿਅਤ ਨਹੀਂ ਹਨ ਅਤੇ ਉਥੇ ਉਨਾਂ ਦਾ ਜੀਵਨ, ਸੰਪਤੀ ਅਤੇ ਧਾਰਮਿਕ ਸਥਾਨ ਖਤਰੇ ਵਿੱਚ ਹਨ, ਇਹ ਗੱਲ ਰਾਸ਼ਟਰੀ ਸਵੇਂ ਸੇਵਕ ਸੰਘ (ਆਰਐਸਐਸ) ਦੇ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਅਤੇ ਭਾਰਤ ਤਿੱਬਤ ਸਹਿਯੋਗ ਮੰਚ ਦੇ ਸੰਸਥਾਪਕ ਡਾ. ਇੰਦਰੇਸ਼ ਕੁਮਾਰ ਨੇ ਕਹੀ। ਭਾਰਤ ਤਿੱਬਤ ਸਹਿਯੋਗ ਮੰਚ ਵੱਲੋਂ ਜਾਰੀ ਇਕ ਬਿਆਨ ਵਿਚ ਡਾ. ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਦੇ ਵਿਚ ਕੱਟੜਪੰਥੀਆਂ ਦਾ ਸਮਰਾਜ ਹੈ, ਉਥੋਂ ਦੀ ਸਰਕਾਰ ਵੀ ਘੱਟ ਗਿਣਤੀਆਂ ’ਤੇ ਹੋ ਰਹੇ ਅਤਿਆਚਾਰਾਂ ਦੇ ਉੱਪਰ ਚੁੱਪੀ ਧਾਰੀ ਬੈਠੀ ਹੈ। ਇਹ ਸਾਰਾ ਕੁਝ ਇਨਾਂ ਦੀ ਮਿਲੀਭੁਗਤ ਦਾ ਨਤੀਜਾ ਹੈ।
ਡਾ. ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀਆਂ ਬਹੂ-ਬੇਟੀਆਂ ਦੀ ਇੱਜ਼ਤ ਖਤਰੇ ਵਿੱਚ ਹੈ, ਜਿਨਾਂ ਨੂੰ ਅਗਵਾ ਕਰ ਕੇ ਧਰਮ ਪਰਿਵਰਤਨ ਕਰਵਾ ਕੇ ਉਨਾਂ ਨਾਲ ਨਿਕਾਹ ਕਰ ਲਿਆ ਜਾਂਦਾ ਹੈ, ਉੱਥੇ ਹੀ ਘੱਟ ਗਿਣਤੀਆਂ ਦੇ ਸਥਾਨਾਂ ਦੀ ਬੇਅਦਬੀ ਦੀ ਖਬਰ ਸੋਸਲ ਮੀਡੀਆ ਦੇ ਉੱਪਰ ਜਾਂ ਸਮਾਚਾਰਾਂ ਦੇ ਵਿੱਚ ਆਉਂਦੀ ਰਹਿੰਦੀ ਹੈ। ਡਾ ਇੰਦਰੇਸ਼ ਕੁਮਾਰ ਨੇ ਕਿਹਾ ਕਿ ਪਾਕਿਸਤਾਨ ’ਚ ਰਹਿ ਰਹੇ ਹਿੰਦੂ ਸਿੱਖ ਅਤੇ ਹੋਰ ਘੱਟਗਿਣਤੀਆਂ ਦੇ ਹਾਲਾਤ ਸੁਣਨ ਵਾਲਾ ਕੋਈ ਨਹੀਂ ਹੈ, ਇਸ ਲਈ ਉਨਾਂ ਨੂੰ ਭਾਰਤ ਤੋਂ ਮਦਦ ਦੀ ਉਮੀਦ ਹੈ।
ਉਨਾਂ ਅਪੀਲ ਕੀਤੀ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਕਜੁੱਟ ਹੋ ਕੇ ਘੱਟ ਗਿਣਤੀਆਂ ਦੇ ਹੱਕਾਂ ਦੀ ਸੁਰੱਖਿਅਤ ਦੇ ਲਈ ਆਵਾਜ਼ ਚੁੱਕਣ, ਤਾਂ ਜੋ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦਾ ਜੀਵਨ, ਸੰਪਤੀ ਅਤੇ ਧਾਰਮਕ ਅਸਥਾਨ ਸੁਰੱਖਿਅਤ ਹੋ ਸਕਣ।