ਪੰਜਾਬ

ਕਿਸਾਨਾਂ ਨੇ ਪੰਜਾਬ ਭਰ ’ਚ ਭਾਜਪਾ ਆਗੂਆਂ ਦੇ ਦਰਾਂ ‘ਤੇ ਸਾੜੀਆਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ

250 ਤੋਂ ਵੱਧ ਥਾਵਾਂ ‘ਤੇ ਕਿਸਾਨਾਂ ਵੱਲੋਂ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ
 6 ਜੂਨ ਨੂੰ ਕਿਸਾਨੀ-ਧਰਨਿਆਂ ‘ਚ ਮੰਦਸੌਰ ਦੇ ਸ਼ਹੀਦ-ਕਿਸਾਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ
ਫਫੜੇ ਭਾਈਕੇ (ਮਾਨਸਾ) ‘ਚ ਭਾਜਪਾ ਆਗੂ ਵਿਜੈ ਸਾਂਪਲਾ ਦੇ ਵਿਰੋਧ ਲਈ ਇਕੱਠੇ ਹੋਏ ਕਿਸਾਨਾਂ ‘ਤੇ ਕੇਸ ਦਰਜ਼ ਕਰਨ ਦੀ ਨਿਖੇਧੀ
ਚੰਡੀਗੜ੍ਹ :  ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ‘ਸੰਪੂਰਨ ਕ੍ਰਾਂਤੀ ਦਿਹਾੜਾ’ (ਕਿਸਾਨ ਮੁਕਤੀ ਦਿਵਸ) ਮਨਾਉਂਦਿਆਂ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ 250 ਦੇ ਕਰੀਬ ਥਾਵਾਂ ‘ਤੇ ਕੇਂਦਰ-ਸਰਕਾਰ ਖ਼ਿਲਾਫ਼ ਰੋਸ-ਪ੍ਰਦਰਸ਼ਨ ਕੀਤੇ ਗਏ।  ਸਾਲ ਪਹਿਲਾਂ 5 ਜੂਨ 2020 ਨੂੰ ਕੇਂਦਰ-ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ, ਬਿਜ਼ਲੀ ਸੋਧ ਬਿਲ ਅਤੇ ਪਰਾਲੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ
ਭਾਜਪਾ ਆਗੂਆਂ ਦੇ ਦਫ਼ਤਰਾਂ-ਘਰਾਂ ਦੇ ਨਾਲ-ਨਾਲ ਐਸਡੀਐਮ ਅਤੇ ਡਿਪਟੀ ਕਮਿਸ਼ਨਰ ਦਫ਼ਤਰਾਂ ਸਮੇਤ ਕਰੀਬ 250 ਥਾਵਾਂ ‘ਤੇ ਸਾਹਮਣੇ ਵੀ ਖੇਤੀ-ਕਾਨੂੰਨਾਂ ਦੀ ਕਾਪੀਆਂ ਸਾੜ ਕੇ ਕੇਂਦਰ-ਸਰਕਾਰ ਖ਼ਿਲਾਫ਼ ਜ਼ੋਰਦਾਰ ਰੋਸ-ਮੁਜ਼ਾਹਰੇ ਕੀਤੇ ਗਏ। ਕਿਸਾਨ-ਆਗੂਆਂ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਬਲਬੀਰ ਸਿੰਘ ਰਾਜੇਵਾਲ, ਕੁਲਵੰਤ ਸਿੰਘ ਸੰਧੂ, ਜਗਜੀਤ ਸਿੰਘ ਡੱਲੇਵਾਲ, ਹਰਜੀਤ ਰਵੀ, ਹਰਮੀਤ ਸਿੰਘ ਕਾਦੀਆਂ, ਹਰਿੰਦਰ ਸਿੰਘ ਲੱਖੋਵਾਲ, ਜੰਗਬੀਰ ਸਿੰਘ ਟਾਂਡਾ, ਮੁਕੇਸ਼ ਚੰਦਰ, ਬੂਟਾ ਸਿੰਘ ਸ਼ਾਦੀਪੁਰ, ਨਿਰਵੈਰ ਸਿੰਘ, ਡਾਲੇਕੇ, ਸਤਨਾਮ ਸਿੰਘ ਬਹਿਰੂ, ਗੁਰਮੀਤ ਸਿੰਘ ਮਹਿਮਾ, ਬਲਦੇਵ ਸਿੰਘ ਨਿਹਾਲਗੜ੍ਹ, ਅਤੇ ਜਗਮੋਹਨ ਸਿੰਘ ਪਟਿਆਲਾ, ਨਿਰਭੈ ਸਿੰਘ ਢੁੱਡੀਕੇ,  ਗੁਰਬਖਸ਼ ਸਿੰਘ ਬਰਨਾਲਾ, ਰੁਲਦੂ ਸਿੰਘ ਮਾਨਸਾ, ਸੁਰਜੀਤ ਫੂਲ, ਪ੍ਰੇਮ ਸਿੰੰਘ ਭੰਗੂ, ਕੰਵਲਪ੍ਰੀਤ ਪਨੂੰ, ਐਡਵੋਕੇਟ ਕਿਰਨਜੀਤ ਸੇਖੋਂ, ਮੇਜਰ ਸਿੰਘ ਪੁੰਨਾਂਵਾਲ, ਸਤਨਾਮ ਸਿੰਘ ਸਾਹਨੀ, ਬੋਘ ਸਿੰਘ, ਬਲਵਿੰਦਰ ਔਲਖ, ਬਲਦੇਵ ਸਿੰਘ ਸਿਰਸਾ, ਹਰਪਾਲ ਸਿੰਘ ਸੰਘਾ, ਕਿਰਪਾ ਸਿੰਘ ਅਤੇ ਹਰਦੇਵ ਸਿੰਘ ਸੰਧੂ ਨੇ ਕਿਹਾ ਕਿ 500 ਦੇ ਕਰੀਬ ਕਿਸਾਨਾਂ ਦੀਆਂ ਸ਼ਹਾਦਤਾਂ ਹੋ ਚੁੱਕੀਆਂ ਹਨ, ਪਰ ਹਾਲੇ ਵੀ ਕੇਂਦਰ-ਸਰਕਾਰ ਨੇ ਜ਼ਿੱਦ ਫੜੀ ਹੋਈ ਹੈ, ਜੋ ਸਾਬਤ ਕਰਦਾ ਹੈ ਕਿ ਸਰਕਾਰ ਨੂੰ ਕਿਸਾਨਾਂ ਨਾਲੋਂ ਕਾਰਪੋਰੇਟ-ਘਰਾਣਿਆਂ ਦੇ ਹਿੱਤ ਜਿਆਦਾ ਪਿਆਰੇ ਹਨ।
ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਿਲ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਜਾਰੀ ਕਿਸਾਨੀ-ਧਰਨਿਆਂ ਦੇ 248ਵੇਂ ਦਿਨ ਵੀ ਰੋਹ ਭਰਪੂਰ ਜਾਰੀ ਰਹੇ।
ਪੰਜਾਬ ਭਰ ‘ਚ 108 ਥਾਵਾਂ- ਟੋਲ-ਪਲਾਜ਼ਿਆਂ, ਰਿਲਾਇੰਸ ਪੰਪਾਂ, ਕਾਰਪੋਰੇਟ ਮਾਲਜ਼, ਰੇਲਵੇ ਪਾਰਕਾਂ, ਅਡਾਨੀਆਂ ਦੀ ਖੁਸ਼ਕ ਬੰਦਰਗਾਹ ਅਤੇ ਭਾਜਪਾ ਆਗੂਆਂ ਦੇ ਘਰਾਂ ਸਾਹਮਣੇ ਜਾਰੀ ਧਰਨਿਆਂ ‘ਚ ਕਿਸਾਨ-ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ 6 ਜੂਨ, 2017 ਨੂੰ ਮੱਧ ਪ੍ਰਦੇਸ਼ ਦੇ ਮੰਦਸੌਰ ਵਿੱਚ ਸਰਕਾਰ ਸਾਹਮਣੇ ਆਪਣੀਆਂ ਮੁਢਲੀਆਂ ਮੰਗਾਂ ਅੱਗੇ ਰੱਖਣ ਲਈ ਵਿਰੋਧ ਪ੍ਰਦਰਸ਼ਨ ਕਰਨ’ ਤੇ ਪੁਲਿਸ ਵੱਲੋਂ ਕਿਸਾਨਾਂ ‘ਤੇ ਲਾਠੀਚਾਰਜ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਇਸ ਗੋਲੀ-ਕਾਂਡ ‘ਚ 6 ਕਿਸਾਨ ਸ਼ਹੀਦ ਹੋਏ ਅਤੇ ਸੈਂਕੜੇ ਜ਼ਖਮੀ ਹੋਏ ਸਨ। ਉਸ ਤੋਂ ਬਾਅਦ ਦੇਸ਼ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਇਕੱਠੀਆਂ ਹੋਈਆਂ ਅਤੇ ਦੇਸ਼ ਭਰ ਵਿੱਚ ਕਿਸਾਨਾਂ ਦਾ ਤਾਲਮੇਲ ਸਥਾਪਤ ਹੋਇਆ।  ਉਨ੍ਹਾਂ ਸਮੂਹ ਸ਼ਹੀਦ ਕਿਸਾਨਾਂ ਨੂੰ ਯਾਦ ਕਰਦਿਆਂ 6 ਜੂਨ ਨੂੰ ਕਿਸਾਨ ਆਗੂ ਮੰਦਸੌਰ ਵਿਖੇ ਇਕੱਠੇ ਹੋ ਕੇ ਸ਼ਰਧਾਂਜਲੀ ਭੇਂਟ ਕਰਨਗੇ। ਇਸ ਦੇ ਨਾਲ ਹੀ ਸੰਯੁਕਤ ਕਿਸਾਨ ਮੋਰਚਾ ਸਮੂਹ ਦੇਸ਼ ਵਾਸੀਆਂ ਨੂੰ ਅਪੀਲ ਕਰਦਾ ਹੈ ਕਿ ਉਹ 6 ਜੂਨ ਨੂੰ ਇਸ ਅੰਦੋਲਨ ਦੇ ਅਤੇ ਮੰਦਸੌਰ ਦੇ ਸ਼ਹੀਦ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਨ ਅਤੇ ਇੱਕ ਪ੍ਰਣ ਲੈਣ ਕਿ ਕਿਸਾਨ ਕਿਸੇ ਵੀ ਪੁਲਿਸ ਕਾਰਵਾਈ ਤੋਂ ਨਹੀਂ ਡਰਨਗੇ ਅਤੇ ਸੰਘਰਸ਼ ਜਾਰੀ ਰੱਖਣਗੇ।
ਪਿਛਲੇ ਦਿਨੀਂ ਫਫੜੇ ਭਾਈਕੇ (ਮਾਨਸਾ) ‘ਚ ਭਾਜਪਾ ਆਗੂ ਵਿਜੈ ਸਾਂਪਲਾ ਦੇ ਵਿਰੋਧ ਲਈ ਇਕੱਠੇ ਹੋਏ ਕਿਸਾਨਾਂ ‘ਤੇ ਪੁਲਿਸ ਵੱਲੋਂ ਕੇਸ ਦਰਜ਼ ਕੀਤੇ ਜਾਣ ਦੀ ਕਿਸਾਨ-ਜਥੇਬੰਦੀਆਂ ਨੇ ਸਖ਼ਤ ਨਿਖੇਧੀ ਕੀਤੀ ਹੈ। ਕਿਸਾਨ-ਆਗੂਆਂ ਨੇ ਕਿਹਾ ਕਿ ਦਰਜ਼ ਕੀਤੇ ਕੇਸ ਤੁਰੰਤ ਰੱਦ ਕੀਤੇ ਜਾਣ, ਨਹੀਂ ਤਾਂ ਜਥੇਬੰਦੀਆਂ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ।
ਵੱਖ-ਵੱਖ ਥਾਈਂ ਸੰਬੋਧਨ ਕਰਦਿਆਂ ਕਿਸਾਨ-ਆਗੂਆਂ ਨੇ ਕਿਹਾ ਕਿ ਕੇਂਦਰੀ ਖੇਤੀ ਕਾਨੂੰਨ ਜਿੰਨੇ ਕਿਸਾਨਾਂ ਲਈ ਮਾਰੂ ਹਨ, ਉਂਨੇ ਹੀ ਇਹ ਰੋਜ਼ ਕਮਾ ਕੇ ਖਾਣ ਵਾਲੇ ਮਜ਼ਦੂਰਾਂ ਦੇ ਵੀ ਵਿਰੋਧੀ ਹਨ। ਇਨ੍ਹਾਂ ਨਾਲ ਕਾਰਪੋਰੇਟਸ ਦੀ ਮਾਲਕੀ ਵਾਲੀਆਂ ਮੰਡੀਆਂ ਪੈਦਾ ਹੋਣਗੀਆਂ ਜਿਨ੍ਹਾਂ ਵਿੱਚ ਮਸ਼ੀਨਾਂ ਦੀ ਭਰਮਾਰ ਹੋਵੇਗੀ ਅਤੇ ਰੁਜ਼ਗਾਰ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਹਜ਼ਾਰਾਂ ਦੀ ਗਿਣਤੀ ਵਿੱਚ ਮਜ਼ਦੂਰ ਦਿਹਾੜੀਦਾਰ, ਪੱਲੇਦਾਰ, ਰੇਹੜੀਆਂ ਫੜ੍ਹੀਆਂ ਵਾਲੇ ਅਤੇ ਚਾਹਾਂ ਦੇ ਖੋਖਿਆਂ ਵਾਲਿਆਂ ਹੱਥੋਂ ਰੁਜ਼ਗਾਰ ਖੋਹਿਆ ਜਾਵੇਗਾ। ਆੜ੍ਹਤੀਆਂ ਦੇ ਨਾਲ ਮੁਨੀਮੀ ਕਰਦੇ ਸੈਂਕੜੇ ਨੌਜਵਾਨ ਵਿਹਲੇ ਹੋ ਜਾਣਗੇ। ਮਸ਼ੀਨਾਂ ਮਜ਼ਦੂਰਾਂ ਦਾ ਰੁਜ਼ਗਾਰ ਖੋਹ ਲੈਣਗੀਆਂ। ਵੱਡੇ ਪੱਧਰ ’ਤੇ ਘਰੇਲੂ ਉਦਯੋਗ ਤਬਾਹ ਹੋ ਜਾਣਗੇ। ਖੇਤੀ ਸੁਧਾਰ ਦੇ ਨਾਮ ’ਤੇ ਪਾਸ ਕਾਨੂੰਨ ਅਨਾਜ ਭੰਡਾਰ ਕਰਨ ਦੀ ਖੁੱਲ੍ਹ ਦਿੰਦੇ ਹਨ ਜੋ ਕਿ ਛੋਟੀ ਕਿਸਾਨੀ ਜਾਂ ਮਜ਼ਦੂਰਾਂ ਦੇ ਵੱਸ ਦੀ ਗੱਲ ਨਹੀਂ। ਇਸ ਨਾਲ ਸਿੱਧੇ ਰੂਪ ਵਿੱਚ ਅਨਾਜ ਭੰਡਾਰਾਂ ਉੱਪਰ ਮੁਨਾਫਾਖੋਰ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਜਾਵੇਗਾ। ਕਾਰਪੋਰੇਟਸ ਸਸਤੀਆਂ ਕੀਮਤਾਂ ’ਤੇ ਖਰੀਦੇ ਅਨਾਜ ਨੂੰ ਦੁਗਣੇ-ਚੌਗਣੇ ਰੇਟਾਂ ਉੱਪਰ ਵੇਚਣਗੇ। ਮਜ਼ਦੂਰਾਂ ਲਈ ਇਨ੍ਹਾਂ ਹਾਲਾਤ ਵਿਚ ਖਾਣ ਜੋਗਾ ਅਨਾਜ ਪ੍ਰਾਪਤ ਕਰਨਾ ਵੀ ਬਹੁਤ ਵੱਡੀ ਗੱਲ ਹੋ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ(ਰਾਜੇਵਾਲ), ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ,  ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ), ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ ਪੰਜਾਬ, ਕਿਸਾਨ ਸੰਘਰਸ਼ ਕਮੇਟੀ ਪੰਜਾਬ, ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਪੰਜਾਬ, ਜੈ ਕਿਸਾਨ ਅੰਦੋਲਨ ਪੰਜਾਬ-ਕਿਸਾਨ ਸੰਘਰਸ਼ ਕਮੇਟੀ ਪੰਜਾਬ-ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ), ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਕਾਦੀਆਂ-), ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ-), ਭਾਰਤੀ ਕਿਸਾਨ ਯੂਨੀਅਨ (ਦੋਆਬਾ)-, ਭਾਰਤੀ ਕਿਸਾਨ ਯੂਨੀਅਨ ਮਾਨਸਾ-ਮਾਝਾ ਕਿਸਾਨ ਕਮੇਟੀ-,  ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਭਾਰਤ-,  ਭਾਰਤੀ ਕਿਸਾਨ ਮੰਚ, ਲੋਕ ਭਲਾਈ ਇਨਸਾਫ਼ ਵੈੱਲਫੇਅਰ ਸੁਸਾਇਟੀ, ਦੋਆਬਾ ਕਿਸਾਨ ਕਮੇਟੀ, ਦੋਆਬਾ ਕਿਸਾਨ ਸੰਘਰਸ਼ ਕਮੇਟੀ, ਗੰਨਾ ਸੰਘਰਸ਼ ਕਮੇਟੀ, ਦਸੂਹਾ, ਆਜ਼ਾਦ ਕਿਸਾਨ ਕਮੇਟੀ ਦੁਆਬਾ,  ਕਿਸਾਨ ਬਚਾਓ ਮੋਰਚਾ, ਆਜ਼ਾਦ ਕਿਸਾਨ ਕਮੇਟੀ, ਦੁਆਬਾ ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਆਗੂਆਂ ਨੇ ਕਿਹਾ ਕਿ ਮੋਦੀ-ਹਕੂਮਤ ਨੇ ਨਿੱਜੀਕਰਨ, ਉਦਾਰੀਕਰਨ, ਸੰਸਾਰੀਕਰਨ ਦੀ ਨੀਤੀ ਤੇ ਚਲਦਿਆਂ ਜਿੱਥੇ ਖੇਤੀ ਸੱਭਿਆਚਾਰ ਨੂੰ ਉਜਾੜਨ ਲਈੂ ਤਿੰਨ ਖੇਤੀ ਬਿਲ ਲਿਆਂਦੇ ਹਨ, ਨਾਲ ਦੀ ਨਾਲ ਇਸ ਤੋਂ ਪਹਿਲਾਂ ਜਨਤਕ ਖੇਤਰ ਦੇ ਅਦਾਰਿਆਂ ਬੈਂਕਾਂ, ਬੀਮਾ, ਰੇਲਵੇ, ਜਹਾਜਰਾਨੀ, ਰੇਲਵੇ, ਕੋਇਲਾ ਖਾਣਾਂ, ਬਿਜਲੀ ਬੋਰਡ, ਸੜਕਾਂ, ਸਿਹਤ ਸਿੱਖਿਆ, ਟਰਾਂਸਪੋਰਟ ਆਦਿ ਨੂੰ ਦੇਸੀ-ਬਦੇਸ਼ੀ ਬਹੁਕੌਮੀ ਕੰਪਨੀਆਂ ਦੇ ਹਵਾਲੇ ਕਰ ਰਹੀ ਹੈ। ਇਹ ਅਦਾਰੇ ਲੋਕਾਂ ਦੀ ਕੀਮਤੀ ਜਾਇਦਾਦ ਅਤੇ ਲੱਖਾਂ ਮਜਦੂਰਾਂ ਵੱਲੋਂ ਸ਼ਹਾਦਤ ਦੇਕੇ ਉਸਾਰੇ ਗਏ ਹਨ। ਇਸੇ ਹੀ ਤਰ੍ਹਾਂ ਪਹਿਲਾਂ ਦੀ ਹਾਸ਼ੀਆ ਗ੍ਰਸਤ ਮਜਦੂਰਾਂ ਦੇ ਕਿਰਤ ਕਾਨੂੰਨਾਂ ਦਾ ਭੋਗ ਪਾਕੇ ਚਾਰ ਕੋਡਾਂ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਨਾਲ ਕਿਰਤੀਆਂ ਦੀ ਹੋਰ ਵਧੇਰੇ ਰੱਤ ਨਿਚੋੜਨ ਲਈ ਰਾਹ ਪੱਧਰਾ ਕਰ ਦਿੱਤਾ ਗਿਆ ਹੈ।ਇਸ ਲਈ ਮੋਦੀ ਹਕੂਮਤ ਦੇ ਵੱਡੇ ਹੱਲੇ ਦਾ ਜਵਾਬ ਦੇਣ ਲਈ ਕਿਸਾਨ ਮਜਦੂਰਾਂ ਦੀਆਂ ਲਾਸਾਨੀ ਕੁਰਬਾਨੀਆਂ ਭਰਿਆ ਇਤਿਹਾਸ ਸਾਡਾ ਰਾਹ ਦਰਸਾਂਂਵਾ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਕੌਮੀ ਜਮਹੂਰੀ ਗੱਠਜੋੜ ਸਰਕਾਰ ਦੇ ਪਿਛਲੇ 7 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਰਾਜਸਥਾਨ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਆਦਿ ਦੇ ਲੱਖਾਂ ਦੀ ਗਿਣਤੀ ਵਿਚ ਕਿਸਾਨ ਖ਼ੁਦਕੁਸ਼ੀ ਕਰ ਚੁੱਕੇ ਹਨ। ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋਇਆ ਕਿਸਾਨ ਜਦੋਂ ਕਿਤੇ ਖ਼ੁਦਕੁਸ਼ੀ ਕਰਦਾ ਹੈ ਤਾਂ ਮੁਲਕ ਦੀਆਂ ਰਾਜਸੀ ਪਾਰਟੀਆਂ ਇਸ ਨੂੰ ਮੁੱਦਾ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦੀ ਕੋਸ਼ਿਸ਼ ਕਰਦੀਆਂ ਹਨ ਅਤੇ ਨਾਲ ਹੀ ਇਹ ਵੀ ਕਿਹਾ ਜਾਂਦਾ ਹੈ ਕਿ ਕਿਰਸਾਨੀ ਦੇ ਮੁੱਦੇ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਪਿਛਲੇ ਕੁਝ ਸਾਲਾਂ ਵਿਚ ਲੱਖਾਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਆਜ਼ਾਦ ਭਾਰਤ ਦੇ ਮੱਥੇ ‘ਤੇ ਕਲੰਕ ਵਾਂਗ ਹਨ। ਸਗੋਂ ਵੱਡੀ ਗਿਣਤੀ ਵਿਚ ਹੋਈਆਂ ਅਤੇ ਹੋ ਰਹੀਆਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਹਕੀਕਤ ਵਿਚ ਉਸ ਵਿਵਸਥਾ ਵਲੋਂ ਕੀਤੇ ਗਏ ਕਤਲ ਹਨ, ਜਿਹੜੀ ਵਿਵਸਥਾ ਬੜੀ ਤੇਜ਼ੀ ਨਾਲ ਧਨਾਢ ਨੂੰ ਹੋਰ ਧਨਾਢ ਅਤੇ ਗ਼ਰੀਬ ਨੂੰ ਹੋਰ ਗ਼ਰੀਬ ਬਣਾ ਰਹੀ ਹੈ। ਖੇਤੀਬਾੜੀ ਸਬੰਧੀ ਗ਼ਲਤ ਸਰਕਾਰੀ ਨੀਤੀਆਂ ਕਰਕੇ ਪਿਛਲੇ ਕੁਝ ਅਰਸੇ ਤੋਂ ਲੱਖਾਂ ਦੀ ਗਿਣਤੀ ਵਿਚ ਛੋਟੇ ਕਿਸਾਨ ਆਪਣੀ ਜ਼ਮੀਨ ਗਵਾ ਬੈਠੇ ਹਨ ਅਤੇ ਬੜੀ ਤੇਜ਼ੀ ਨਾਲ ਇਹ ਅਮਲ ਜਾਰੀ ਹੈ

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!