ਵੈਕਸੀਨ ਤੋਂ ਬਾਅਦ ਕੈਪਟਨ ਸਰਕਾਰ ਨੇ ਫਤਿਹ ਕਿੱਟ ਖਰੀਦਣ ਵਿੱਚ ਕੀਤਾ ਵੱਡਾ ਘੁਟਾਲਾ: ਆਮ ਆਦਮੀ ਪਾਰਟੀ
…ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ ‘ਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ ‘ਤੇ ਮਾਰਿਆ ਡਾਕਾ: ਭਗਵੰਤ ਮਾਨ
…ਕੈਪਟਨ ਸਰਕਾਰ ‘ਅਲੀ ਬਾਬਾ 40 ਚੋਰ’ ਕਹਾਣੀ ਵਰਗੀ ਹੋ ਬਣੀ
…ਜਿਸ ਕੰਪਨੀ ਕੋਲ ਮੈਡੀਕਲ ਲਾਇਸੈਂਸ ਨਹੀਂ ਉਸ ਤੋਂ ਖਰੀਦੀਆਂ ਕੈਪਟਨ ਸਰਕਾਰ ਨੇ 50 ਹਜਾਰ ਫਤਿਹ ਕਿੱਟਾਂ: ਜਰਨੈਲ ਸਿੰਘ
ਚੰਡੀਗੜ੍ਹ, 7 ਜੂਨ
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਆਗਵਾਈ ਵਾਲੀ ਕਾਂਗਰਸ ਸਰਕਾਰ ਨੇ ਕੋਰੋਨਾ ਮਹਾਮਾਰੀ ਦੇ ਦੌਰ ‘ਚ ਵੀ ਘੁਟਾਲੇ ਕਰਨ ਦਾ ਰਿਕਾਰਡ ਕਾਇਮ ਕੀਤਾ ਹੈ। ਉਨ੍ਹਾਂ ਕੈਪਟਨ ਸਰਕਾਰ ਦੇ ਨਵੇਂ ਘੁਟਾਲੇ ਦਾ ਖੁਲਾਸਾ ਕਰਦਿਆਂ ਦੱਸਿਆ ਕਿ ਕਾਂਗਰਸ ਸਰਕਾਰ ਨੇ ਫਹਿਤ ਕਿੱਟਾਂ ਖਰੀਦਣ ਵਿੱਚ ਵੱਡਾ ਕਰੋੜਾਂ ਰੁਪਿਆਂ ਦਾ ਲੈਣ ਦੇਣ ਕੀਤਾ ਹੈ।
ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੂਬਾ ਪ੍ਰਧਾਨ ਭਗਵੰਤ ਮਾਨ ਅਤੇ ਇੰਚਾਰਜ ਜਰਨੈਲ ਸਿੰਘ ਨੇ ਦੋਸ ਲਾਇਆ ਕਿ ‘ਆਪਦਾ ਨੂੰ ਅਵਸਰ’ ਵਜੋਂ ਵਰਤਦਿਆਂ ਕੈਪਟਨ ਸਰਕਾਰ ਨੇ ਜਿਥੇ ਵੈਕਸੀਨ ਦਵਾਈ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਕੇ ਕਰੋੜਾਂ ਰੁਪਿਆਂ ਦਾ ਘੁਟਾਲਾ ਕੀਤਾ ਹੈ, ਉਥੇ ਹੀ ਹੁਣ ਕੋਰੋਨਾ ਮਰੀਜ ਦੇ ਇਲਾਜ ਲਈ ਵਰਤੀ ਜਾਂਦੀ ‘ਫਤਿਹ ਕਿੱਟ’ ਖਰੀਦਣ ਵਿੱਚ ਵੀ ਪੰਜਾਬ ਦੇ ਖਜਾਨੇ ਨੂੰ ਲੁੱਟਿਆ ਹੈ ਕਿਉਂਕਿ ਕੈਪਟਨ ਸਰਕਾਰ ਨੇ 837 ਰੁਪਏ ਵਾਲੀ ਫਤਿਹ ਕਿੱਟ 1338 ਰੁਪਏ ਵਿੱਚ ਮਹਿੰਗੇ ਮੁੱਲ ‘ਚ ਖਰੀਦ ਕੇ ਪੰਜਾਬ ਵਾਸੀਆਂ ਦੀ ਜੇਬਾਂ ‘ਤੇ ਡਾਕਾ ਮਾਰਿਆ ਹੈ।
ਇਸ ਘੁਟਾਲੇ ਸਬੰਧੀ ਦੱਸਦਿਆਂ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਕਿਹਾ ਕਿ ਫਤਿਹ ਕਿੱਟ ਖਰੀਦਣ ਲਈ ਕੈਪਟਨ ਸਰਕਾਰ ਨੇ ਪਹਿਲਾਂ ਟੈਂਡਰ 3 ਅਪ੍ਰੈਲ ਮੁਕੰਮਲ ਕੀਤਾ ਸੀ, ਜਿਸ ਵਿੱਚ 837.78 ਰੁਪਏ ਪ੍ਰਤੀ ਕਿੱਟ ਦਾ ਮੁੱਲ ਤੈਅ ਕੀਤਾ ਗਿਆ ਸੀ ਅਤੇ ਇਸ ਟੈਂਡਰ ਰਾਹੀਂ ਫਤਿਹ ਕਿੱਟਾਂ ਦੀ ਸਪਲਾਈ ਦੇਣ ਦਾ 6 ਮਹੀਨੇ ਸਮਾਂ ਨਿਰਧਾਰਤ ਕੀਤਾ ਗਿਆ ਸੀ। ਆਪ ਆਗੂਆਂ ਨੇ ਦੱਸਿਆ ਕਿ ਕੈਪਟਨ ਸਰਕਾਰ ਨੇ ਇਸ ਸਸਤੇ ਟੈਂਡਰ ਦੀ ਥਾਂ 20 ਅਪ੍ਰੈਲ ਨੂੰ ਦੂਜੇ ਟੈਂਡਰ ਰਾਹੀਂ ਫਤਿਹ ਕਿੱਟ 1226.40 ਰੁਪਏ ਦੀ ਖਰੀਦਣ ਲਈ ਸਮਝੌਤਾ ਕੀਤਾ, ਜੋ ਕਿ ਪਹਿਲਾਂ ਮਿਲ ਰਹੀ ਕੀਮਤ ਤੋਂ ਬਹੁਤ ਜਅਿਾਦਾ ਸੀ। ਸਰਕਾਰ ਨੇ ਦੂਜੇ ਟੈਂਡਰ ਰਾਹੀਂ 1226.40 ਰੁਪਏ ਦੇ ਹਿਸਾਬ ਨਾਲ 50 ਹਜਾਰ ਫਤਿਹ ਕਿੱਟਾਂ ਖਰੀਦੀਆਂ, ਜਦੋਂ ਕਿ ਸੰਬੰਧਤ ਕੰਪਨੀ ਕੋਲ ਮੈਡੀਕਲ ਲਾਇਸੈਂਸ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦਾ ਮਨ ਪੰਜਾਬੀਆਂ ਨੂੰ ਲੁੱਟਣ ਲਈ ਹੋਰ ਤੱਤਪਰ ਹੋ ਗਿਆ ਕਿ ਸਰਕਾਰ ਨੇ 7 ਮਈ ਹੋਰ ਕਿੱਟਾਂ ਖਰੀਦਣ ਲਈ ਵੱਖਰਾ ਟੈਂਡਰ ਕਰ ਦਿੱਤਾ ਅਤੇ ਇਸ ਟੈਂਡਰ ਰਾਹੀਂ 1338 ਰੁਪਏ ਦੇ ਹਿਸਾਬ ਨਾਲ ਫਤਿਹ ਕਿੱਟ ਖਰੀਦਣ ਦਾ ਸਮਝੌਤਾ ਕੀਤਾ ਗਿਆ। ਤੀਜੇ ਟੈਂਡਰ ਰਾਹੀਂ ਕੈਪਟਨ ਸਰਕਾਰ ਨੇ 1 ਲੱਖ 50 ਹਜਾਰ ਕਿੱਟਾਂ 1338 ਰੁਪਿਆਂ ਦੀ ਕੀਮਤ ‘ਤੇ ਖਰੀਦੀਆਂ।
ਭਗਵੰਤ ਮਾਨ ਅਤੇ ਜਰਨੈਲ ਸਿੰਘ ਨੇ ਦੋਸ ਲਾਇਆ ਕਿ ਜਿਹੜੀ ਫਤਿਹ ਕਿੱਟ 837.78 ਰੁਪਏ ਵਿੱਚ ਮਿਲ ਰਹੀ ਸੀ, ਉਸੇ ਕਿੱਟ ਨੂੰ ਕੈਪਟਨ ਸਰਕਾਰ ਨੇ 500 ਰੁਪਏ ਮਹਿੰਗੀ ਕੀਮਤ ‘ਤੇ 1338 ਰੁਪਿਆਂ ‘ਚ ਖਰੀਦਣਾ ਸੁਰੂ ਕਰ ਦਿੱਤਾ। ਜਿਸ ਨਾਲ ਪੰਜਾਬ ਵਾਸੀਆਂ ਦੇ ਖੂਨ ਪਸੀਨੇ ਦੀ ਕਮਾਈ ਫਤਿਹ ਕਿੱਟ ਖਰੀਦਣ ਦੇ ਨਾਂਅ ‘ਤੇ ਕੰਪਨੀਆਂ ਨੂੰ ਲੁਟਾਈ ਗਈ। ਮਾਨ ਨੇ ਕਿਹਾ ਕਿ ਅਸਲ ਵਿੱਚ ਕੈਪਟਨ ਸਰਕਾਰ ‘ਅਲੀ ਬਾਬਾ 40 ਚੋਰ’ ਕਹਾਣੀ ਵਰਗੀ ਹੋ ਗਈ ਹੈ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਆਪ ਹੀ ਕਾਂਗਰਸ ਹਾਈਕਮਾਂਡ ਨੂੰ ਦੱਸਿਆ ਕਿ ਕਾਂਗਰਸ ਦੇ ਕੁੱਲ ਵਿਧਾਇਕਾਂ ਵਿਚੋਂ 40 ਵਿਧਾਇਕ ਭ੍ਰਿਸਟਾਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੋਲ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਗਿਆ ਮੁੱਖ ਮੰਤਰੀ ਦੇ ਅਹੁੱਦੇ ‘ਤੇ ਬਣੇ ਰਹਿਣ ਦਾ, ਇਸ ਲਈ ਆਮ ਆਦਮੀ ਪਾਰਟੀ ਮੰਗ ਕਰਦੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਤੁਰੰਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ। ਆਗੂਆਂ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਪਾਰਟੀ ਕੋਲੋਂ ਘੁਟਾਲਿਆਂ ਅਤੇ ਬੇਅਦਬੀ ਮਾਮਲੇ ਦਾ ਹਿਸਾਬ ਜਰੂਰ ਲੈਣਗੇ।