ਅਕਾਲੀ ਦਲ (ਬਾ.) ਦੇ ਸਰਗਰਮ ਮੈਂਬਰ ਐਡਵੋਕੇਟ ਗਗਨਦੀਪ ਸਿੰਘ ਨੇ ਫੜਿਆ ਭਾਜਪਾ ਦਾ ਕਮਲ
ਮਾਝੇ ਵਿੱਚ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਦਿੱਤਾ ਵੱਡਾ ਝਟਕਾ।
ਚੰਡੀਗੜ੍ਹ, 7 ਜੂਨ ( ), ਭਾਜਪਾ ਵੱਲੋਂ ਸੂਬੇ ਵਿਚ ਦਲਿਤ ਮੁੱਖ ਮੰਤਰੀ ਬਣਾਉਣ ਦੇ ਐਲਾਨ ਤੋਂ ਬਾਅਦ ਦਲਿਤ ਭਾਈਚਾਰੇ ਨਾਲ ਸਬੰਧਤ ਆਗੂ ਭਾਜਪਾ ਵਿਚ ਸ਼ਾਮਲ ਹੋਣੇ ਸ਼ੁਰੂ ਹੋ ਗਏ ਹਨ। ਇਸ ਕੜੀ ਵਿਚ, ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦਿੱਤਾ ਹੈ। ਅੰਮ੍ਰਿਤਸਰ ਦੀ ਜੰਡਿਆਲਾ ਵਿਧਾਨ ਸਭਾ ਅਤੇ ਬਾਬਾ ਬਕਾਲਾ ਵਿਧਾਨ ਸਭਾ ਤੋਂ ਸ਼੍ਰੋਮਣੀ ਅਕਾਲੀ ਦਲ (ਬਾ.) ਦੇ ਸਰਗਰਮ ਮੈਂਬਰ ਯੂਥ ਵਿੰਗ ਅਕਾਲੀ ਦਲ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਐਡਵੋਕੇਟ ਗਗਨਦੀਪ ਸਿੰਘ ਨੇ ਅਕਾਲੀ ਦਲ ਦੀ ਤੱਕੜੀ ਛੱਡ ਕੇ ਭਾਜਪਾ ਦਾ ਕਮਲ ਫੜ ਲਿਆ ਹੈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਐਡਵੋਕੇਟ ਗਗਨਦੀਪ ਸਿੰਘ ਨੂੰ ਸੂਬਾ ਭਾਜਪਾ ਹੈੱਡਕੁਆਰਟਰ ਚੰਡੀਗੜ੍ਹ ਵਿਖੇ ਪਾਰਟੀ ਵਿਚ ਸ਼ਾਮਲ ਕੀਤਾ। ਇਸ ਮੌਕੇ ‘ਤੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਸਕੱਤਰ ਅਤੇ ਸੂਬਾ ਸਹਿ ਇੰਚਾਰਜ ਡਾ: ਨਰਿੰਦਰ ਸਿੰਘ, ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਡਾ: ਸੁਭਾਸ਼ ਸ਼ਰਮਾ, ਸੂਬਾ ਮੀਤ ਪ੍ਰਧਾਨ ਰਾਜੇਸ਼ ਬਾਗਾ, ਅਰਵਿੰਦ ਸ਼ਰਮਾ, ਜਸਵੀਰ ਸਿੰਘ ਮਹਿਤਾ ਆਦਿ ਹਾਜ਼ਰ ਸਨ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਐਡਵੋਕੇਟ ਗਗਨਦੀਪ ਸਿੰਘ ਨੂੰ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਵਧਾਈ ਦੋੰਦੀਆਂ ਕਿਹਾ ਕਿ ਗਗਨਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਇੱਕ ਜ਼ਮੀਨ ਨਾਲ ਜੁੜੇ ਹੋਏ ਨੇਤਾ ਹਨ ਅਤੇ ਆਮ ਲੋਕਾਂ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਇਕ ਰਾਜਸੀ ਪਰਿਵਾਰ ਨਾਲ ਸਬੰਧਤ ਹਨ। ਗਗਨਦੀਪ ਸਿੰਘ ਜੰਡਿਆਲਾ ਤੋਂ ਸਾਬਕਾ ਵਿਧਾਇਕ ਮਲਕੀਤ ਸਿੰਘ ਏ.ਆਰ. ਦਾ ਸਪੁੱਤਰ ਹਨI ਗਗਨਦੀਪ ਸਿੰਘ ਦੇ ਦਾਦਾ ਜਥੇਦਾਰ ਤਾਰਾ ਸਿੰਘ ਅਟਾਰੀ ਵਿਧਾਨ ਸਭਾ ਤੋਂ ਵੀ ਵਿਧਾਇਕ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਇੱਕ ਪੜ੍ਹਿਆ ਲਿਖਿਆ ਨੌਜਵਾਨ ਆਗੂ ਹੈ ਅਤੇ ਉਹਨਾਂ ਨੇ ਆਪਣਾ ਰਾਜਨੀਤਿਕ ਸਫ਼ਰ 2008 ਤੋਂ ਸ਼ੁਰੂ ਕੀਤਾ ਸੀ। ਗਗਨਦੀਪ ਸਿੰਘ ਨੇ ਸ਼ਿਅਦ ਵਿਚ ਰਹਿੰਦਿਆਂ ਕਈ ਅਹੁਦਿਆਂ ‘ਤੇ ਸੇਵਾਵਾਂ ਨਿਭਾਈਆਂ ਅਤੇ ਇਸ ਸਮੇਂ ਉਹ ਜਨਰਲ ਡੈਲੀਗੇਟ ਅਕਾਲੀ ਦਲ (ਬਾ.) ਦੇ ਅਹੁਦੇ ‘ਤੇ ਸਨ। ਉਨ੍ਹਾਂ ਕਿਹਾ ਕਿ ਭਾਜਪਾ ਵਰਕਰਾਂ ਦੀ ਪਾਰਟੀ ਹੈ ਅਤੇ ਇਸ ਸੰਗਠਨ ਵਿੱਚ ਵਰਕਰਾਂ ਨੂੰ ਪੂਰਾ ਸਨਮਾਨ ਦਿੱਤਾ ਜਾਂਦਾ ਹੈ। ਇੱਥੇ ਕੋਈ ਵੀ ਵਰਕਰ ਆਪਣੀ ਸਖਤ ਮਿਹਨਤ ਨਾਲ ਕਿਸੇ ਵੀ ਅਹੁਦੇ ਤੇ ਪਹੁੰਚ ਸਕਦਾ ਹੈI ਉਨ੍ਹਾਂ ਕਿਹਾ ਕਿ ਗਗਨਦੀਪ ਸਿੰਘ ਨੂੰ ਉਨ੍ਹਾਂ ਦਾ ਬਣਦਾ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ।