ਬਠਿੰਡਾ ਜ਼ਿਲੇ ਵਿੱਚ ਵੱਖ-ਵੱਖ ਪਾਬੰਦੀਆਂ ਲਾਗੂ
ਬਠਿੰਡਾ, 8 ਦਸੰਬਰ : ਵਧੀਕ ਜ਼ਿਲਾ ਮੈਜਿਸਟ੍ਰੇਟ ਰਾਜਦੀਪ ਸਿੰਘ ਬਰਾੜ ਨੇ ਧਾਰਾ 144 ਜ਼ਾਬਤਾ ਫ਼ੌਜਦਾਰੀ ਸੰਘਤਾ 1973 ਦੇ ਅਧੀਨ ਹੁਕਮ ਜਾਰੀ ਕਰਦਿਆਂ ਏਅਰ ਫ਼ੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਪੁਲਿਸ ਵੈਰੀਫਿਕੇਸ਼ਨ ਕਰਵਾਏ ਤੋਂ ਬਿਨਾਂ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕਰਨ ‘ਤੇ ਪਾਬੰਦੀ ਲਗਾਈ ਹੈ।
ਜਾਰੀ ਹੁਕਮਾਂ ਵਿਚ ਉਨਾਂ ਦੱਸਿਆ ਕਿ ਏਅਰ ਫੋਰਸ, ਭਿਸੀਆਣਾ ਹਵਾਈ ਅੱਡੇ ਦੇ ਬਾਹਰ ਕਾਫ਼ੀ ਤਦਾਦ ਵਿਚ ਲੋਕਾਂ ਵਲੋਂ ਦੁਕਾਨਾਂ ਬਣਾਕੇ ਕਾਰੋਬਾਰ ਕੀਤਾ ਜਾ ਰਿਹਾ ਹੈ। ਜਿਸ ਕਾਰਨ ਏਰੀਆ ਵਿਚ ਕਾਫ਼ੀ ਭੀੜ ਰਹਿੰਦੀ ਹੈ। ਏਅਰ ਫੋਰਸ, ਏਰੀਆ ਹੋਣ ਕਾਰਨ ਇੱਥੇ ਕਿਸੇ ਸਮੇਂ ਵੀ ਕੋਈ ਅਣ-ਸੁਖਾਵੀਂ ਘਟਨਾ ਵਾਪਰ ਸਕਦੀ ਹੈ। ਜਿਸ ਦੇ ਮੱਦੇਨਜ਼ਰ ਏਅਰ ਫ਼ੋਰਸ, ਭੀਸੀਆਣਾ ਹਵਾਈ ਅੱਡੇ ਦੇ ਬਾਹਰ 100 ਗਜ ਏਰੀਏ ਦੀ ਹਦੂਦ ਅੰਦਰ ਬਿਨਾਂ ਪੁਲਿਸ ਵੈਰੀਫ਼ਿਕੇਸ਼ਨ ਕਰਵਾਏ ਕਾਰੋਬਾਰ ਕਰਨ ‘ਤੇ ਪੂਰਨ ਤੌਰ ‘ਤੇ ਪਾਬੰਦੀ ਲਗਾਈ ਗਈ ਹੈ।
ਵਧੀਕ ਜ਼ਿਲਾ ਮੈਜਿਸਟ੍ਰੇਟ ਨੇ ਇੱਕ ਹੋਰ ਹੁਕਮ ਰਾਹੀਂ ਜ਼ਿਲੇ ਅੰਦਰ ਨਿਸ਼ਚਿਤ ਥਾਵਾਂ ਤੋਂ ਇਲਾਵਾ ਹੋਰ ਥਾਵਾਂ ‘ਤੇ ਧਰਨੇ ਜਾਂ ਰੈਲੀਆਂ ਕਰਨ ‘ਤੇ ਪਾਬੰਦੀ ਲਗਾਈ ਹੈ। ਜਾਰੀ ਹੁਕਮਾਂ ਅਨੁਸਾਰ ਜ਼ਿਲੇ ਅੰਦਰ ਵੱਖ-ਵੱਖ ਜਥੇਬੰਦੀਆਂ ਅਤੇ ਆਮ ਪਬਲਿਕ ਵਲੋਂ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਦਿੱਤੇ ਜਾਣ ਵਾਲੇ ਰੈਲੀਆਂ ਜਾਂ ਧਰਨੇ ਲਈ ਬਠਿੰਡਾ ਵਿੱਚ ਟੈਂਪੂ ਪਾਰਕਿੰਗ ਟਰਾਂਸਪੋਰਟ ਨਗਰ, ਗੋਨਿਆਣਾ ਰੋਡ ਬਠਿੰਡਾ, ਤਲਵੰਡੀ ਸਾਬੋ ਵਿੱਚ ਟਰੈਕਟਰ ਖ਼ਰੀਦ, ਵੇਚ ਮੰਡੀ, ਰਾਮਪੁਰਾ ਫੂਲ ਅਤੇ ਮੌੜ ਵਿੱਚ ਪਸ਼ੂ ਮੇਲਾ ਗਰਾਂਊਂਡ ਵਿਖੇ ਥਾਵਾਂ ਨਿਰਧਾਰਿਤ ਕੀਤੀਆਂ ਗਈਆਂ ਹਨ। ਨਿਰਧਾਰਿਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਕਿਸੇ ਥਾਂ ‘ਤੇ ਧਰਨਾ ਜਾਂ ਰੈਲੀਆਂ ਕਰਨ ‘ਤੇ ਪਾਬੰਦੀ ਹੋਵੇਗੀ।
ਇਕ ਹੋਰ ਹੁਕਮ ਰਾਹੀਂ ਵਧੀਕ ਜ਼ਿਲਾ ਮੈਜਿਸਟ੍ਰੇਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਪੁਰਾਣੀ ਤਹਿਸੀਲ ਕੰਪਲੈਕਸ, ਬਠਿੰਡਾ ਵਿਖੇ ਸਰਕਾਰੀ ਜਗਾ ‘ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈਆਂ ਜਾ ਰਹੀਆਂ ਦੁਕਾਨਾਂ, ਬੂਥ, ਚੈਂਬਰ ਆਦਿ ਦੀ ਉਸਾਰੀ ਕਰਨ ‘ਤੇ ਪੂਰਨ ਤੌਰ ‘ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ। ਹੁਕਮ ਅਨੁਸਾਰ ਪੁਰਾਣੀ ਤਹਿਸੀਲ ਕੰਪਲੈਕਸ, ਬਠਿੰਡਾ ਵਿਖੇ ਸਰਕਾਰੀ ਜਗਾ ਵਿੱਚ ਵਸੀਕਾ ਨਵੀਸ, ਟਾਈਪਿਸਟਾਂ, ਫੋਟੋਸਟੇਟ, ਅਰਜੀ ਨਵੀਸ ਆਦਿ ਵੱਲੋਂ ਬਿਨਾਂ ਕਿਸੇ ਸਰਕਾਰੀ ਵਿਭਾਗ ਤੋਂ ਪ੍ਰਵਾਨਗੀ ਲਏ ਆਪਣੇ ਪੱਧਰ ‘ਤੇ ਹੀ ਦੁਕਾਨਾਂ ਦੀ ਬਣਤਰ ਵਿੱਚ ਚੈਂਬਰ ਅਤੇ ਬੂਥ ਆਦਿ ਉਸਾਰੇ ਜਾ ਰਹੇ ਹਨ, ਜੋ ਕਿ ਇੱਕ ਜੁਰਮ ਹੈ। ਜਿਸ ‘ਤੇ ਰੋਕ ਲਗਾਉਣੀ ਅਤਿ ਜ਼ਰੂਰੀ ਬਣਦੀ ਹੈ। ਇਹ ਹੁਕਮ ਸਰਕਾਰੀ ਜਗਾ ਵਿੱਚ ਸਰਕਾਰੀ ਇਮਾਰਤ ਬਣਾਉਣ ‘ਤੇ ਲਾਗੂ ਨਹੀਂ ਹੋਵੇਗਾ। ਇਹ ਹੁਕਮ 6 ਫ਼ਰਵਰੀ 2021 ਤੱਕ ਲਾਗੂ ਰਹਿਣਗੇ।