ਪੰਜਾਬਮੰਤਰੀ ਮੰਡਲ ਦੇ ਫੈਸਲੇ

ਮੰਤਰੀ ਮੰਡਲ ਵੱਲੋਂ ਭਰਤੀ ਚ ਤੇਜੀ ਲਿਆਉਣ ਲਈ ਪੰਜ ਵਿਭਾਗਾਂ ਦੇ ਸੇਵਾ ਨਿਯਮਾਂ ਚ ਸੋਧ ਨੂੰ ਪ੍ਰਵਾਨਗੀ 

 

 

ਮੰਤਰੀ ਮੰਡਲ ਵੱਲੋਂ ਭਰਤੀ ਚ ਤੇਜੀ ਲਿਆਉਣ ਲਈ ਪੰਜ ਵਿਭਾਗਾਂ ਦੇ ਸੇਵਾ ਨਿਯਮਾਂ ਚ ਸੋਧ ਨੂੰ ਪ੍ਰਵਾਨਗੀ 

 

 

ਚੰਡੀਗੜ੍ਹ, 16 ਅਗਸਤ :

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੇ ਮੰਤਰੀ ਮੰਡਲ ਨੇ ਸੋਮਵਾਰ ਨੂੰ ਸਬੰਧਤ ਸੇਵਾ ਨਿਯਮਾਂ ਵਿੱਚ ਸੋਧ ਨੂੰ ਪ੍ਰਵਾਨਗੀ ਦੇ ਦਿੱਤੀ ਤਾਂ ਜੋ ਪੰਜ ਸਰਕਾਰੀ ਵਿਭਾਗਾਂ ਗ੍ਰਹਿ ਮਾਮਲੇ ਅਤੇ ਨਿਆਂ, ਜੇਲ੍ਹਾਂ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਸਕੂਲ ਸਿੱਖਿਆ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿੱਚ ਭਰਤੀ ਪ੍ਰਕਿਰਿਆ ਤੇਜ਼ ਕੀਤੀ ਜਾ ਸਕੇ।

 

ਇਸ ਕਦਮ ਨਾਲ ਸੂਬਾ ਸਰਕਾਰ ਦੀ ਰੋਜ਼ਗਾਰ ਯੋਜਨਾ 2020-22, ਜੋ ਕਿ ਇਨ੍ਹਾਂ ਵਿਭਾਗਾਂ ਵਿਚ ਇਕ ਨਿਸ਼ਚਿਤ ਸੀਮਾ ਹੱਦ ਦੇ ਅੰਦਰ ਖ਼ਾਲੀ ਅਸਾਮੀਆਂ ਭਰਨ ਲਈ ਉਲੀਕੀ ਗਈ ਹੈ, ਵਿਚ ਤੇਜ਼ੀ ਲਿਆਉਣ ਚ ਮਦਦ ਮਿਲੇਗੀ ਕਿਉਂ ਜੋ ਇਹ ਯੋਜਨਾ ਮਨੁੱਖੀ ਵਸੀਲਿਆਂ ਦੇ ਸੁਚੱਜੇ ਇਸਤੇਮਾਲ ਰਾਹੀਂ ਕਾਰਜਕੁਸ਼ਲਤਾ ਵਧਾਉਣ ਲਈ ਚੱਲ ਰਹੀ ਪ੍ਰਕਿਰਿਆ ਦਾ ਹਿੱਸਾ ਹੈ।

 

ਮੁੱਖ ਮੰਤਰੀ ਦਫਤਰ ਦੇ ਇਕ ਬੁਲਾਰੇ ਅਨੁਸਾਰ ਮੰਤਰੀ ਮੰਡਲ ਨੇ ‘ਦ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ, ਗਰੁੱਪ ਏ ਨਿਯਮ, 2021’ ਅਤੇ ‘ਦ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ, ਗਰੁੱਪ ਬੀ ਨਿਯਮ, 2021’ ਵਿੱਚ ਸੋਧ ਕੀਤੇ ਜਾਣ ਨੂੰ ਮਨਜੂਰੀ ਦੇ ਦਿੱਤੀ ਹੈ। ਇਨ੍ਹਾਂ ਨਿਯਮਾਂ ਤਹਿਤ ਹੀ ਹੁਣ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ ਦੇ ਅਮਲੇ ਦੀਆਂ ਸੇਵਾ ਸ਼ਰਤਾਂ ਤੈਅ ਕੀਤੀਆਂ ਜਾਣਗੀਆਂ ਅਤੇ ਭਰਤੀ /ਨਿਯੁਕਤੀ ਕੀਤੀ ਜਾਵੇਗੀ।

 

ਪਹਿਲਾਂ ਫੋਰੈਂਸਿਕ ਸਾਇੰਸ ਲੈਬਾਰੇਟਰੀ, ਪੰਜਾਬ ਕੋਲ 48 ਮਨਜੂਰਸ਼ੁਦਾ ਤਕਨੀਕੀ ਅਸਾਮੀਆਂ ਸਨ ਜਿਹਨਾਂ ਨੂੰ ਵਧਾ ਹੁਣ 189 ਕਰ ਦਿੱਤਾ ਗਿਆ ਹੈ। ਤਿੰਨ ਖੇਤਰੀ ਜਾਂਚ ਫੋਰੈਂਸਿਕ ਸਾਇੰਸ ਲੈਬਾਰਟਰੀਆਂ, 2015 ਵਿਚ ਵਜੂਦ ਵਿੱਚ ਆਈਆਂ ਸਨ ਤਾਂ ਜੋ ਐਨ. ਡੀ. ਪੀ. ਐਸ. ਐਕਟ ਨਾਲ ਸਬੰਧਤ ਮਾਮਲਿਆਂ ਦੀ ਘੋਖ ਕੀਤੀ ਜਾ ਸਕੇ। ਨਵੀਆਂ ਡਵੀਜ਼ਨਾਂ ਜਿਵੇਂ ਕਿ ਡੀ. ਐਨ ਏ ਅਧਿਐਨ ਅਤੇ ਆਡੀਓ / ਆਵਾਜ਼ ਅਧਿਐਨ ਦੀ ਸਥਾਪਨਾ ਵੀ ਕੀਤੀ ਗਈ ਹੈ ਜਦੋਂ ਕਿ ਸਾਈਬਰ ਫੋਰੈਂਸਿਕ ਡਵੀਜ਼ਨ ਅਤੇ ਪੋਲੀਗਰਾਫ਼ ਡਵੀਜ਼ਨ ਵੀ ਛੇਤੀ ਹੀ ਮੁੱਖ ਫੋਰੈਂਸਿਕ ਸਾਇੰਸ ਲੈਬਾਰੇਟਰੀ ਵਿਚ ਸਥਾਪਿਤ ਕੀਤੇ ਜਾਣਗੇ।

 

ਜ਼ੁਰਮ ਦੇ ਪ੍ਰਕਾਰ ਵਿਚ ਬਦਲਾਅ ਅਤੇ ਤਕਨੀਕ ਵਿਚ ਨਿਤ ਦਿਨ ਹੁੰਦੀ ਤਰੱਕੀ ਦੇ ਮੱਦੇਨਜ਼ਰ ਮੰਤਰੀ ਮੰਡਲ ਨੇ ਇਹ ਮਹਿਸੂਸ ਕੀਤਾ ਕਿ ਤਕਨੀਕੀ ਅਮਲੇ ਦੀਆਂ ਯੋਗਤਾਵਾਂ ਵਧਾਏ ਜਾਣ ਦੀ ਤੁਰੰਤ ਲੋੜ ਹੈ ਅਤੇ ਮੌਜੂਦਾ ਨਿਯਮਾਂ ਵਿੱਚ ਸਿੱਧੀ ਭਰਤੀ ਅਤੇ ਤਰੱਕੀ ਕੋਟੇ ਨੂੰ ਵੀ ਵਧਾਏ ਜਾਣ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨ ਪਨੀਰੀ ਵਿੱਚ ਕੰਪਿਊਟਰ ਦੀ ਮੁਹਾਰਤ ਅਤੇ ਉੱਚ ਪੱਧਰ ਦੀ ਵਿਗਿਆਨਕ ਮੁਹਾਰਤ ਦਾ ਸੰਚਾਰ ਕੀਤਾ ਜਾ ਸਕੇ। ਇਸੇ ਲਈ ਇਹ ਸੋਧਾਂ ਮੌਜੂਦਾ ਨਿਯਮਾਂ ਵਿੱਚ ਨਵੀਆਂ ਅਸਾਮੀਆਂ ਵਧਾਉਣ ਤੋਂ ਇਲਾਵਾ ਯੋਗਤਾ ਅਤੇ ਭਰਤੀ ਕੋਟੇ ਦੀਆਂ ਅਸਾਮੀਆਂ ਨਾਲ ਸਬੰਧਿਤ ਹਨ।

ਮੰਤਰੀ ਮੰਡਲ ਵੱਲੋਂ 30 ਦਿਸੰਬਰ, 2020 ਨੂੰ ਪ੍ਰੋਸਿਕਿਊਸ਼ਨ ਐਂਡ ਲਿਟੀਗੇਸ਼ਨ ਵਿਭਾਗ ਦੇ ਪੁਨਰਗਠਨ ਨੂੰ ਪ੍ਰਵਾਨਗੀ ਦਿੱਤੇ ਜਾਣ ਤੋਂ ਬਾਅਦ ਮੰਤਰੀ ਮੰਡਲ ਵੱਲੋਂ ਅੱਜ ਦ ਪੰਜਾਬ ਪ੍ਰੋਸਿਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਏ) ਸੇਵਾ (ਪਹਿਲੀ ਸੋਧ) ਨਿਯਮ, 2021 ਅਤੇ ਦ ਪੰਜਾਬ ਪ੍ਰੋਸਿਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਬੀ) ਸੇਵਾ (ਪਹਿਲੀ ਸੋਧ) ਨਿਯਮ, 2021 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਜਿਸ ਨਾਲ ਜ਼ਿਲ੍ਹਾ ਐਟਾਰਨੀ ਦੀਆਂ ਅਸਾਮੀਆਂ ਵਧ ਕੇ 42, ਉਪ ਜ਼ਿਲ੍ਹਾ ਐਟਾਰਨੀ ਦੀਆਂ 184 ਅਤੇ ਸਹਾਇਕ ਜ਼ਿਲ੍ਹਾ ਅਟਾਰਨੀ ਦੀਆਂ 399 ਹੋ ਗਈਆਂ ਹਨ। ਇਸ ਤੋਂ ਇਲਾਵਾ ਦ ਪੰਜਾਬ ਪ੍ਰੋਸਿਕਿਊਸ਼ਨ ਐਂਡ ਲਿਟੀਗੇਸ਼ਨ (ਗਰੁੱਪ ਏ) ਸੇਵਾ (ਪਹਿਲੀ ਸੋਧ) ਨਿਯਮ, 2021 ਨੇ ਸੰਯੁਕਤ ਡਾਇਰੈਕਟਰ, ਜ਼ਿਲ੍ਹਾ ਅਟਾਰਨੀ ਅਤੇ ਉਪ ਜ਼ਿਲ੍ਹਾ ਅਟਾਰਨੀ ਦੀ ਤਰੱਕੀ ਲਈ ਘੱਟੋ-ਘੱਟ ਤਜ਼ਰਬਾ ਹੱਦ ਇਕ ਸਾਲ ਘਟਾ ਦਿੱਤੀ ਹੈ। ਮੰਤਰੀ ਮੰਡਲ ਵੱਲੋਂ ਕੈਮਿਕਲ ਐਗਜ਼ਾਮਿਨਰ ਲੈਬੋਰੇਟਰੀ, ਪੰਜਾਬ (ਗਰੁੱਪ ਏ) ਸੇਵਾ ਨਿਯਮ, 2021, ਕੈਮਿਕਲ ਐਗਜ਼ਾਮਿਨਰ ਲੈਬੋਰੇਟਰੀ, ਪੰਜਾਬ (ਗਰੁੱਪ ਬੀ) ਸੇਵਾ ਨਿਯਮ, 2021 ਅਤੇ ਕੈਮਿਕਲ ਐਗਜ਼ਾਮਿਨਰ ਲੈਬੋਰੇਟਰੀ, ਪੰਜਾਬ (ਗਰੁੱਪ ਸੀ) ਸੇਵਾ ਨਿਯਮ, 2021, ਨੂੰ ਵੀ ਪ੍ਰਵਾਨਗੀ ਦੇ ਦਿੱਤੀ। ਇਨ੍ਹਾਂ ਨਿਯਮਾਂ ਕਾਰਨ ਵਿਭਾਗ ਨੂੰ ਕੈਮਿਕਲ ਐਗਜਾਮਿਨਰ ਲੈਬੋਰੇਟਰੀ ਪੰਜਾਬ, ਖਰੜ ਵਿਖੇ ਖੂਨ ‘ਚ ਸ਼ਰਾਬ ਅਤੇ ਬੇਹੱਦ ਸੰਗੀਨ ਜ਼ੁਰਮ ਆਧਾਰਿਤ ਵਿਸਰਾ ਮਾਮਲਿਆਂ ਲਈ ਤੇਜ਼ੀ ਨਾਲ ਲੋੜੀਂਦੀ ਭਰਤੀ ਕਰਨ ਵਿੱਚ ਮਦਦ ਮਿਲੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਉਤੇ ਕੈਮਿਕਲ ਐਗਜ਼ਾਮਿਨਰ ਲੈਬੋਰੇਟਰੀ ਦਾ ਪ੍ਰਬੰਧ ਸਿਹਤ ਅਤੇ ਪਰਿਵਾਰ ਭਲਾਈ ਤੋਂ ਲੈ ਕੇ ਗ੍ਰਹਿ ਵਿਭਾਗ ਨੂੰ ਸੌਂਪ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਹਾਈ ਕੋਰਟ ਵੱਲੋਂ ਬਕਾਇਆ ਨਮੂਨਿਆਂ, ਕੋਰਟ ਵਿੱਚ ਚਲਾਨ ਨਾ ਪੇਸ਼ ਕਰਨ, ਖੂਨ ਅਤੇ ਪੇਸ਼ਾਬ ਤੇ ਸ਼ਰਾਬ ਦੇ ਮਾਮਲਿਆਂ ਲਈ ਬਿਨਾਂ ਜਾਂਚ ਅਤੇ ਅਧਿਐਨ ਤੋਂ ਵਿਸਰਾ ਅਤੇ ਖੂਨ ਚ ਸ਼ਰਾਬ/ਨਸ਼ਾ ਪਾਏ ਜਾਣ ਦੇ ਮਾਮਲਿਆਂ ਉੱਤੇ ਵੀ ਕਰੜੀ ਨਿਗਾਹ ਰੱਖੀ ਜਾ ਰਹੀ ਹੈ।

ਪੰਜਾਬ ਜੇਲ੍ਹ ਵਿਭਾਗ ਸੂਬਾਈ ਸੇਵਾਵਾਂ (ਕਲਾਸ 3 ਐਗਜੀਕਿਊਟਿਵ) (पहली ਸੋਧ) ਨਿਯਮ 2021 ਨੂੰ ਵੀ ਪੇਸ਼ ਕੀਤਾ ਗਿਆ ਹੈ ਤਾਂ ਜੋ 10ਵੀਂ ਜਮਾਤ ਤੱਕ ਲਾਜ਼ਮੀ ਪੰਜਾਬੀ ਨੂੰ ਵਾਰਡਰ, ਮੇਟਰਨ ਅਤੇ ਆਰਮਰ ਲਈ ਸਿੱਧੀ ਭਰਤੀ ਨਿਯਮਾਂ ਅਤੇ ਵਾਰਡਰ, ਮੇਟਰਨ ਅਤੇ ਸਹਾਇਕ ਸੁਪਰਡੈਂਟ ਦੀ ਸਿੱਧੀ ਭਰਤੀ ਲਈ ਸਰੀਰਕ ਯੋਗਤਾ ਲਈ ਲਾਗੂ ਕੀਤਾ ਜਾ ਸਕੇ। ਇਸ ਤੋਂ ਇਲਾਵਾ ਗਊ ਧਨ ਪਾਲਣ ਗਤੀਵਿਧੀਆਂ, ਜਿਨ੍ਹਾਂ ਵਿੱਚ ਸਾਂਢ ਦੇ ਸੀਮਨ ਦੇ ਸੂਬੇ ਵਿਚ ਉਤਪਾਦਨ ਅਤੇ ਪ੍ਰੋਸੈਸਿੰਗ, ਸਟੋਰੇਜ, ਵਿਕਰੀ ਅਤੇ ਆਰਟੀਫਿਸ਼ਲ ਇਨਸੈਮੀਨੇਸ਼ਨ ਵਰਗੀਆਂ ਗਤੀਵਿਧੀਆਂ ਨੂੰ ਨਿਯਮਬੱਧ ਕਰਨਾ ਸ਼ਾਮਿਲ ਹੈ, ਲਈ ਮੰਤਰੀ ਮੰਡਲ ਨੇ ‘ਦ ਪੰਜਾਬ ਬੋਵਾਇਨ ਬਰੀਡਿੰਗ ਨਿਯਮ, 2021 ਨੂੰ ਵੀ ਹਰੀ ਝੰਡੀ ਦੇ ਦਿੱਤੀ ਹੈ ਤਾਂ ਜੋ ਪੰਜਾਬ ਬੋਵਾਇਨ ਬਰੀਡਿੰਗ ਐਕਟ, 2016 ਨੂੰ ਅਸਰਦਾਰ ਢੰਗ ਨਾਲ ਲਾਗੂ ਕੀਤਾ ਜਾ ਸਕੇ।

ਮੰਤਰੀ ਮੰਡਲ ਵੱਲੋਂ ‘ਪੰਜਾਬ ਪੇਂਡੂ ਵਿਕਾਸ ਅਤੇ ਪੰਚਾਇਤ (ਤਕਨੀਕੀ ਵਿੰਗ) ਗਰੁੱਪ ਬੀ ਤਕਨੀਕੀ ਸੇਵਾ ਨਿਯਮ, 2021 ਨੂੰ ਵੀ ਉੱਤੇ ਵੀ ਮੋਹਰ ਲਾ ਦਿੱਤੀ ਗਈ ਜੋ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਇੰਜਨੀਅਰਿੰਗ ਵਿੰਗ ਵਿੱਚ ਕੰਮ ਕਰਦੇ ਜੂਨੀਅਰ ਇੰਜੀਨੀਅਰਾਂ ਦੀਆਂ ਸੇਵਾ ਸ਼ਰਤਾਂ ਤੈਅ ਕਰਦੇ ਹਨ।

ਮੰਤਰੀ ਮੰਡਲ ਵੱਲੋਂ ‘ਦ ਪੰਜਾਬ ਸਟੇਟ ਐਲੀਮੈਂਟਰੀ ਐਜੂਕੇਸ਼ਨ’ (ਪ੍ਰੀ ਪ੍ਰਾਈਮਰੀ ਸਕੂਲ ਟੀਚਰ) ਗਰੁੱਪ – ਸੀ ਸੇਵਾ ਨਿਯਮਾਂ, 2020 ਵਿੱਚ ਸੋਧ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਜਿਸ ਮੁਤਾਬਿਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਜੂਕੇਸ਼ਨ ਪ੍ਰੋਵਾਈਡਰ, ਐਜੂਕੇਸ਼ਨ ਵਲੰਟੀਅਰ, ਐਜੂਕੇਸ਼ਨ ਗਰੰਟੀ ਸਕੀਮ ਵਲੰਟੀਅਰ (ਈ. ਜੀ. ਐਸ. ਵੀ), ਆਲਟਰਨੇਟਿਵ ਜਾਂ ਇਨੋਵੇਟਿਵ ਐਜੂਕੇਸ਼ਨ ਵਲੰਟੀਅਰ (ਏ. ਆਈ. ਈ. ਵੀ.), ਸਪੈਸ਼ਲ ਟ੍ਰੇਨਿੰਗ ਰਿਸੋਰਸ ਵਲੰਟੀਅਰ (ਐਸ. ਟੀ. ਆਰ. ਵੀ.) ਜਾਂ ਇਨਕਲੂਸਿਵ ਐਜੂਕੇਸ਼ਨਲ ਵਲੰਟੀਅਰ (ਆਈ. ਈ. ਵੀ.) ਸਬੰਧੀ ਘੱਟੋ-ਘੱਟ ਤਿੰਨ ਸਾਲ ਦੇ ਪੜ੍ਹਾਉਣ ਦੇ ਤਜ਼ਰਬੇ ਦੀ ਸ਼ਰਤ ਰੱਖਦਾ ਹੈ। ਪਰ, ਹੋਰ ਵਿਦਿਅਕ ਯੋਗਤਾਵਾਂ ਜਿਵੇਂ ਕਿ 12ਵੀਂ ਜਮਾਤ ਵਿੱਚ ਘੱਟੋ-ਘੱਟ 45 ਫੀਸਦੀ ਅੰਕ ਲੈਣਾ ਅਤੇ ਘੱਟੋ-ਘਟ ਇਕ ਸਾਲ ਦੀ ਮਿਆਦ ਵਾਲੇ ਨਰਸਰੀ ਟੀਚਰ ਟ੍ਰੇਨਿੰਗ ਦਾ ਸਰਟੀਫਿਕੇਟ ਜਾਂ ਡਿਪਲੋਮਾ ਜੋ ਕਿ ਐਨ. ਸੀ. ਟੀ. ਈ. ਦੁਆਰਾ ਮਾਨਤਾ ਪ੍ਰਾਪਤ ਹੋਵੇ, ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।

—-

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!