ਕਿਸਾਨ ਸ਼ਰਾਰਤੀ ਅਨਸਰਾਂ ਤੋਂ ਸੁਚੇਤ ਰਹਿਣ : ਇੰਦਰੇਸ਼ ਕੁਮਾਰ ਮੋਦੀ ਸਰਕਾਰ ਕਿਸਾਨਾਂ ਨਾਲ ਅਨਿਆਂ ਨਹੀਂ ਹੋਣ ਦੇਵੇਗੀ
ਚੰਡੀਗੜ੍ਹ , 9 ਦਸੰਬਰ()- ਮੁਸਲਿਮ ਰਾਸ਼ਟਰੀ ਮੰਚ ਦੇ ਸੰਯੋਜਕ ਅਤੇ ਰਾਸ਼ਟਰੀ ਸਵਯੰਸੇਵਕ ਸੰਘ ਦੀ ਰਾਸ਼ਟਰੀ ਕਾਰਜਕਾਰਨੀ ਦੇ ਮੈਂਬਰ ਡਾਕਟਰ ਇੰਦਰੇਸ਼ ਕੁਮਾਰ ਨੇ ਕਿਸਾਨੀ ਸੰਘਰਸ਼ ਨੂੰ ਰਾਸ਼ਟਰ ਵਿਰੋਧੀ ਅਨਸਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਅੰਦੋਲਨ ਵਿਚ ਅਜਿਹੇ ਲੋਕ ਘੁਸਪੈਠ ਕਰ ਗਏ ਹਨ, ਜੋ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਬਾਰੇ ਨਾ ਕੇਵਲ ਭੜਕਾਊ ਬਿਆਨਬਾਜ਼ੀ ਕਰ ਰਹੇ ਹਨ, ਸਗੋਂ ਦੇਸ਼ ਵਿੱਚ ਅਸ਼ਾਂਤੀ ਫੈਲਾਉਣ ਅਤੇ ਵੰਡੀਆਂ ਪਾਉਣ ਦੀਆਂ ਗੱਲਾਂ ਕਰ ਰਹੇ ਹਨ।
ਉਨ੍ਹਾਂ ਕਿਸਾਨਾਂ ਨੂੰ ਦੇਸ਼ ਦੇ ਅੰਨਦਾਤਾ ਦੱਸਦਿਆਂ ਕਿਹਾ ਕਿ ਕਿਸਾਨ ਦੇਸ਼ ਨੂੰ ਪ੍ਰੇਮ ਕਰਨ ਵਾਲੇ ਹਨ ਅਤੇ ਪੂਰਾ ਰਾਸ਼ਟਰ ਕਿਸਾਨਾਂ ਅੱਗੇ ਸਿਰ ਝੁਕਾਉਂਦਾ ਹੈ। ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਪਾਕਿਸਤਾਨੀ ਸਮਰਥਕਾਂ, ਖਾਲਿਸਤਾਨੀ ਸਮਰਥਕਾਂ ਤੋਂ ਇਲਾਵਾ ਕਈ ਸ਼ਰਾਰਤੀ ਅਨਸਰ ਇਸ ਅੰਦੋਲਨ ਘੁਸਪੈਠ ਕਰ ਕੇ ਆਪਣੀਆਂ ਆਪਣੀਆਂ ਚਾਲਾਂ ਚੱਲਣ ਲਈ ਵਿਉਂਤਾਂ ਬਣਾ ਰਹੇ ਹਨ। ਕਿਸਾਨਾਂ ਨੂੰ ਅਜਿਹੇ ਅਨਸਰਾਂ ਤੋਂ ਬਚਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੀ ਨੀਅਤ ਕਿਸਾਨਾਂ ਪ੍ਰਤੀ ਸੱਚੀ ਤੇ ਸੁੱਚੀ ਹੈ। ਇਸੇ ਕਰਕੇ ਹੀ ਸਰਕਾਰ ਕਿਸਾਨਾਂ ਕਈ ਬੈਠਕਾਂ ਕਰ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ ਐਮ.ਐਸ.ਪੀ ਨੂੰ ਜਾਰੀ ਰੱਖਣਾ ਅਤੇ ਖੇਤੀਬਾੜੀ ਕਾਨੂੰਨਾਂ ਵਿਚ ਲੋੜੀਂਦੀਆਂ ਸੋਧਾਂ ਕਰਨ ਲਈ ਭਾਰਤ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ।
ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਸਰਕਾਰ ਕਿਸਾਨਾਂ ਨਾਲ ਅਨਿਆ ਨਹੀਂ ਹੋਣ ਦੇਵੇਗੀ। ਪਰ ਕਿਸਾਨਾਂ ਨੂੰ ਅੰਦੋਲਨ ਦੌਰਾਨ ਸੰਜਮ ਵਰਤਣ ਦੀ ਅਤਿਅੰਤ ਲੋੜ ਹੈ। ਕੁਝ ਸ਼ਰਾਰਤੀ ਅਨਸਰ ਅੰਦੋਲਨ ਦੇ ਨਾਂ ਹੇਠ ਆਪਣੀ ਲੀਡਰੀ ਚਮਕਾਉਣ ਅਤੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਹਨ। ਅਜਿਹੇ ਲੋਕ ਰਾਸ਼ਟਰ ਨੂੰ ਕਮਜ਼ੋਰ ਕਰ ਸਕਦੇ ਹਨ। ਪੂਰਾ ਦੇਸ਼ ਕਿਸਾਨਾਂ ਨਾਲ ਖੜਾ ਹੈ ਅਤੇ ਕਿਸਾਨਾਂ ਨੂੰ ਅਜਿਹੇ ਭੜਕਾਊ ਅਨਸਰਾ ਤੋਂ ਬਚਣ ਦੀ ਬੇਹੱਦ ਜ਼ਰੂਰਤ ਹੈ।