ਪੰਜਾਬ

ਮੁੱਖ ਮੰਤਰੀ ਵੱਲੋਂ ਪਿੜਾਈ ਸੀਜ਼ਨ, 2021-22 ਲਈ ਗੰਨੇ ਦੀਆਂ ਸਾਰੀਆਂ ਕਿਸਮਾਂ ਦਾ ਭਾਅ 15 ਰੁਪਏ ਪ੍ਰਤੀ ਕੁਇੰਟਲ ਵਧਾਉਣ ਦੀ ਪ੍ਰਵਾਨਗੀ

ਸਹਿਕਾਰਤਾ ਮੰਤਰੀ ਦੀ ਅਗਵਾਈ ਵਿਚ ਗੰਨਾ ਵਿਕਾਸ ਬੋਰਡ ਦਾ ਗਠਨ

ਚੰਡੀਗੜ੍ਹ, 19 ਅਗਸਤ

        ਸੂਬੇ ਦੇ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਦੀ ਸੁਰੱਖਿਆ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਿੜਾਈ ਸੀਜ਼ਨ, 2021-22 ਲਈ ਗੰਨੇ ਦੀਆਂ ਸਾਰੀਆਂ ਕੀਮਤਾਂ ਦੇ ਸਟੇਟ ਐਗਰ੍ਰੀਡ ਪ੍ਰਾਈਸ (ਐਸ.ਏ.ਪੀ.) ਵਿਚ ਪ੍ਰਤੀ ਕੁਇੰਟਲ 15 ਰੁਪਏ ਦਾ ਵਾਧਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

        ਇਸ ਫੈਸਲੇ ਨਾਲ ਗੰਨੇ ਦੇ ਭਾਅ ਵਿਚ ਹੋਏ ਵਾਧੇ ਮੁਤਾਬਕ ਅਗੇਤੀ ਕਿਸਮ ਦੀ ਕੀਮਤ 310 ਰੁਪਏ ਤੋਂ ਵਧ ਕੇ 325 ਰੁਪਏ, ਦਰਮਿਆਨੀ ਕਿਸਮ 300 ਤੋਂ 315 ਰੁਪਏ ਅਤੇ ਪਿਛੇਤੀ ਕਿਸਮ 295 ਤੋਂ ਵਧ ਕੇ 310 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ।

ਜ਼ਿਕਰਯੋਗ ਹੈ ਕਿ ਅਗਾਮੀ ਪਿੜਾਈ ਸੀਜ਼ਨ 2021-22 ਲਈ ਸੂਬਾ ਭਰ ਵਿਚ 1.10 ਲੱਖ ਹੈਕਟੇਅਰ ਰਕਬਾ ਗੰਨੇ ਦੀ ਕਾਸ਼ਤ ਹੇਠ ਹੈ ਜਿਸ ਵਿੱਚੋਂ ਖੰਡ ਮਿੱਲਾਂ ਵੱਲੋਂ ਲਗਪਗ 660 ਲੱਖ ਕੁਇੰਟਲ ਗੰਨੇ ਦੀ ਪਿੜਾਈ ਕੀਤੀ ਜਾਵੇਗੀ। ਗੰਨੇ ਦੀਆਂ ਕੀਮਤਾਂ ਵਿਚ ਹੋਏ ਵਾਧੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਬੀਤੇ ਸਾਲ ਨਾਲੋਂ 230 ਕਰੋੜ ਰੁਪਏ ਦਾ ਵਧੇਰੇ ਲਾਭ ਹੋਵੇਗਾ। ਇਸ ਤੋਂ ਇਲਾਵਾ ਪੰਜਾਬ ਦੇ ਗੰਨਾ ਕਾਸ਼ਤਕਾਰਾਂ ਦੀ ਮੰਗ ਉਤੇ ਗੰਨੇ ਦੀ ਸੀ.ਓ.-0238 ਕਿਸਮ ਨੂੰ ਵੀ 325 ਰੁਪਏ ਪ੍ਰਤੀ ਕੁਇੰਟਲ ਉਤੇ ਖਰੀਦਿਆ ਜਾਵੇਗਾ।

ਗੰਨਾ ਕੰਟਰੋਲ ਬੋਰਡ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਵਿਚ ਗੰਨਾ ਵਿਕਾਸ ਬੋਰਡ ਦਾ ਗਠਨ ਕੀਤਾ ਹੈ ਜਿਸ ਵਿਚ ਰਾਣਾ ਸ਼ੂਗਰਜ਼ ਦੇ ਸੀ.ਐਮ.ਡੀ. ਰਾਣਾ ਗੁਰਜੀਤ ਸਿੰਘ, ਪੰਜਾਬ ਰਾਜ ਕਿਸਾਨ ਕਮਿਸ਼ਨ ਦੇ ਚੇਅਰਮੈਨ ਅਜੇਵੀਰ ਜਾਖੜ, ਗੰਨਾ ਕਮਿਸ਼ਨਰ ਗੁਰਵਿੰਦਰ ਸਿੰਘ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਪੂਰਥਲਾ ਸਥਿਤ ਗੰਨਾ ਖੋਜ ਕੇਂਦਰ ਦੇ ਡਾਇਰੈਕਟਰ ਡਾ. ਗੁਲਜ਼ਾਰ ਸਿੰਘ ਸ਼ਾਮਲ ਹਨ। ਇਹ ਗਰੁੱਪ ਗੰਨੇ ਦਾ ਉਤਪਾਦਨ ਵਧਾਉਣ ਅਤੇ ਕਾਸ਼ਤ ਦੀਆਂ ਆਧੁਨਿਕ ਵਿਧੀਆਂ ਨੂੰ ਪ੍ਰਫੁੱਲਤ ਕਰਨ ਲਈ ਢੰਗ-ਤਰੀਕੇ ਤਲਾਸ਼ੇਗਾ ਤਾਂ ਕਿ ਖੰਡ ਦੀ ਰਿਕਵਰੀ ਵਿਚ ਵਰਨਣਯੋਗ ਸੁਧਾਰ ਲਿਆਂਦਾ ਜਾ ਸਕੇ।

ਮੁੱਖ ਮੰਤਰੀ ਨੇ ਖੇਤੀਬਾੜੀ ਵਿਭਾਗ ਨੂੰ ਗੰਨੇ ਦੀ ਕਾਸ਼ਤ ਹੇਠ ਹੋਰ ਰਕਬਾ ਲਿਆਉਣ ਲਈ ਕਿਸਾਨਾਂ ਨਾਲ ਮਿਲ ਕੇ ਕੰਮ ਕਰਨ ਲਈ ਆਖਿਆ ਤਾਂ ਕਿ ਖੰਡ ਮਿੱਲਾਂ ਦੀ ਸਮਰੱਥਾ ਵਧਾਉਣ ਤੋਂ ਇਲਾਵਾ ਸੂਬਾ ਸਰਕਾਰ ਦੇ ਫਸਲੀ ਵੰਨ-ਸੁਵੰਨਤਾ ਨੂੰ ਹੁਲਾਰਾ ਮਿਲ ਸਕੇ।

ਵਿਚਾਰ-ਚਰਚਾ ਵਿਚ ਹਿੱਸਾ ਲੈਂਦਿਆਂ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਸਹਿਕਾਰੀ ਖੰਡ ਮਿੱਲਾਂ ਦੇ ਆਧੁਨਿਕੀਕਰਨ ਦੀ ਲੋੜ ਉਤੇ ਜ਼ੋਰ ਦਿੱਤਾ ਤਾਂ ਕਿ ਉਤਪਾਦਨ ਦੀ ਲਾਗਤ ਘਟਾਈ ਜਾ ਸਕੇ ਅਤੇ ਗੰਨਾ ਕਾਸ਼ਤਕਾਰ ਨੂੰ ਪੈਦਾਵਾਰ ਦੀਆਂ ਵੱਧ ਕੀਮਤਾਂ ਮਿਲ ਸਕਣ।

ਦੱਸਣਯੋਗ ਹੈ ਕਿ ਗੰਨਾ ਸੂਬੇ ਦੀ ਪ੍ਰਮੁੱਖ ਫਸਲ ਹੈ ਜਿਸ ਲਈ ਕੁੱਲ 16 ਖੰਡ ਮਿੱਲਾਂ ਹਨ ਜਿਨ੍ਹਾਂ ਵਿੱਚੋਂ 9 ਸਹਿਕਾਰੀ ਸੈਕਟਰ ਦੀਆਂ ਹਨ। ਇਨ੍ਹਾਂ ਮਿੱਲਾਂ ਦੀ ਗੰਨਾ ਪਿੜਾਈ ਦੀ ਸਮਰੱਥਾ ਪ੍ਰਤੀ ਦਿਨ 56,00 ਟਨ ਖੰਡ ਦੀ ਹੈ। ਜੇਕਰ ਪੂਰੀ ਸਮਰੱਥਾ ਨਾਲ ਚਲਦੀਆਂ ਹਨ ਤਾਂ ਇਹ ਮਿੱਲਾਂ 125 ਲੱਖ ਹੈਕਟੇਅਰ ਰਕਬੇ ਤੋਂ ਗੰਨੇ ਦੀ ਪਿੜਾਈ ਕਰ ਸਕਦੀਆਂ ਹਨ ਜਦਕਿ ਇਸ ਵੇਲੇ ਗੰਨੇ ਹੇਠ 0.93 ਲੱਖ ਰਕਬਾ ਹੈ। ਗੰਨੇ ਦੀ ਫਸਲ ਨਾਲ ਵਢਾਈ ਅਤੇ ਪ੍ਰਸੈਸਿੰਗ ਲਈ ਪੇਂਡੂ ਇਲਾਕਿਆਂ ਵਿਚ ਰੋਜ਼ਗਾਰ ਦੇ ਅਥਾਹ ਮੌਕੇ ਪੈਦਾ ਹੁੰਦੇ ਹਨ।

ਮੀਟਿੰਗ  ਵਿਚ ਵਧੀਕ ਮੁੱਖ ਸਕੱਤਰ ਵਿਕਾਸ ਅਨੁਰਿਧ ਤਿਵਾੜੀ, ਪ੍ਰਮੁੱਖ ਸਕੱਤਰ ਵਿੱਤ ਕੇ.ਏ.ਪੀ. ਸਿਨਹਾ, ਰਜਿਸਟਰਾਰ ਸਹਿਕਾਰੀ ਸਭਾਵਾਂ ਵਿਕਾਸ ਗਰਗ, ਕਮਿਸ਼ਨਰ ਖੇਤੀਬਾੜੀ ਬਲਵਿੰਦਰ ਸਿੰਘ ਸਿੱਧੂ, ਡਾਇਰੈਕਟਰ ਖੇਤੀਬਾੜੀ ਸੁਖਦੇਵ ਸਿੰਘ ਸਿੱਧੂ, ਸੀ.ਐਮ.ਡੀ. ਨਾਹਰ ਇੰਡਸਟਰੀਅਲ ਇੰਟਰਪ੍ਰਾਈਜ਼, ਅਮਲੋਹ ਕਮਲ ਓਸਵਾਲ ਤੋਂ ਇਲਾਵਾ ਵੱਖ-ਵੱਖ ਗੰਨਾ ਉਤਪਾਦਕ ਐਸੋਸੀਏਸ਼ਨਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button
error: Content is protected with Update Punjab Dot Com!!