ਭਾਜਪਾ ਕਿਸਾਨ ਅੰਦੋਲਣ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਅੱਗ ਨਾਲ ਖੇਡ ਰਹੀ ਹੈ : ਸੁਨੀਲ ਜਾਖੜ
ਹਰਿਆਣਾ ਦੇ ਭਾਜਪਾ ਆਗੂਆਂ ਵੱਲੋਂ ਬੇਵਕਤੀ ਐਸ.ਵਾਈ.ਐਲ. ਦਾ ਮੁੱਦਾ ਉਠਾਏ ਜਾਣ ਦੀ ਨਿੰਦਾ
ਚੰਡੀਗੜ, 15 ਦਸੰਬਰ:
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਆਪਣੀਆਂ ਜਾਇਜ ਮੰਗਾਂ ਲਈ ਸੰਘਰਸ਼ ਰਹੇ ਕਿਸਾਨਾਂ ਦੇ ਅੰਦੋਲਣ ਨੂੰ ਦੋਫਾੜ ਕਰਨ ਦੇ ਇਰਾਦੇ ਨਾਲ ਭਾਜਪਾ ਨੇ ਐਸ.ਵਾਈ.ਐਲ. ਦਾ ਮੁੱਦਾ ਚੁੱਕ ਕੇ ਆਪਣੇ ਖਤਰਨਾਕ ਇਰਾਦੇ ਪ੍ਰਗਟ ਕਰ ਦਿੱਤੇ ਹਨ। ਪਰ ਨਾਲ ਹੀ ਉਨਾਂ ਨੇ ਚਿਤਾਵਨੀ ਦਿੱਤੀ ਕਿ ਭਾਜਪਾ ਅਜਿਹਾ ਕਰਕੇ ਅੱਗ ਨਾਲ ਖੇਡ ਰਹੀ ਹੈ ਜੋ ਕਾਲੇ ਕਾਨੂੰਨਾਂ ਨੂੰ ਲਾਗੂ ਕਰਨ ਦੀ ਆਪਣੀ ਜਿੱਦ ਪੁਗਾਉਣ ਲਈ ਕਰੋੜਾ ਕਿਸਾਨਾਂ ਨੂੰ ਆਰਥਿਕ ਤੌਰ ਤੇ ਬਰਬਾਦ ਕਰਨ ਤੇ ਤੁਲੀ ਹੋਈ ਹੈ।
ਇੱਥੇ ਜਿਕਰਯੋਗ ਹੈ ਕਿ ਬੀਤੇ ਕੱਲ ਹਰਿਆਣਾ ਨਾਲ ਸਬੰਧਤ ਭਾਜਪਾ ਸਾਂਸਦਾ ਨੇ ਕੇਂਦਰੀ ਮੰਤਰੀਆਂ ਨਾਲ ਮਿਲ ਕੇ ਐਸ.ਵਾਈ.ਐਲ. ਨਹਿਰ ਦਾ ਮੁੱਦਾ ਚੁੱਕਿਆ ਸੀ। ਇਸ ਤੇ ਪ੍ਰਤਿਕ੍ਰਿਆ ਦਿੰਦਿਆਂ ਸ੍ਰੀ ਸੁਨੀਲ ਜਾਖੜ ਨੇ ਕਿਹਾ ਕਿ ਇਹ ਮੁੱਦਾ ਸੁਪਰੀਮ ਕੋਰਟ ਵਿਚ ਵਿਚਾਰ ਅਧੀਨ ਹੈ ਅਤੇ ਇਸ ਵਿਸੇ ਤੇ ਉਸ ਸਮੇਂ ਗੱਲ ਕਰਨਾ ਜਦੋਂ ਕਿਸਾਨ ਅੰਦੋਲਣ ਆਪਣੀ ਸ਼ਿਖਰ ਤੇ ਹੋੋਵੇ ਸਪੱਸ਼ਟ ਕਰਦਾ ਹੈ ਕਿ ਭਾਜਪਾ ਦੇ ਇਰਾਦੇ ਕੀ ਹਨ। ਉਨਾਂ ਨੇ ਕਿਹਾ ਕਿ ਇਸ ਚਾਲ ਰਾਹੀਂ ਪੰਜਾਬ ਅਤੇ ਹਰਿਆਣਾ ਦੇ ਕਿਸਾਨ ਵੱਲੋਂ ਲੜੇ ਜਾ ਰਹੇ ਸਾਂਝੇ ਘੋਲ ਦੇ ਏਕੇ ਵਿਚ ਦਰਾਰ ਪਾਉਣਾ ਅਤੇ ਪੰਜਾਬ ਨੂੰ ਡਰਾਉਣ ਦਾ ਕੋਝਾ ਯਤਨ ਹੈ ਪਰ ਪੰਜਾਬ ਕੇਂਦਰ ਦੇ ਕਿਸੇ ਦਾਬੇ ਤੋਂ ਡਰਨ ਵਾਲਾ ਨਹੀਂ ਹੈ।
ਜਾਖੜ ਨੇ ਕਿਹਾ ਕਿ ਨਾ ਸਿਰਫ ਕਿਸਾਨਾਂ ਸਗੋਂ ਹੋਰਨਾਂ ਵਰਗਾਂ ਲਈ ਵੀ ਮਾਰੂ ਕਾਨੂੰਨ ਜਦ ਕੇਂਦਰ ਨੇ ਲਾਗੂ ਕੀਤੇ ਤਾਂ ਪੰਜਾਬ ਨੇ ਦੇਸ਼ ਦੇ ਵੱਡੇ ਹਿੱਤਾਂ ਦੀ ਰਾਖੀ ਲਈ ਆਵਾਜ਼ ਬੁਲੰਦ ਕੀਤੀ। ਪਰ ਇਸ ਅਵਾਜ ਨੂੰ ਦਬਾਉਣ ਲਈ ਪਹਿਲਾਂ ਰੇਲਾਂ ਬੰਦ ਕਰਕੇ ਕੇਂਦਰ ਸਰਕਾਰ ਨੇ ਪੰਜਾਬ ਦੀ ਆਰਥਿਕ ਨਾਕੇਬੰਦੀ ਕਰਕੇ ਇਹ ਅਵਾਜ ਦਬਾਉਣ ਦਾ ਯਤਨ ਕੀਤਾ ਅਤੇ ਜਦ ਸਿਰੜੀ ਪੰਜਾਬੀਆਂ ਨੇ ਝੁਕਣਾ ਸਵਿਕਾਰ ਨਾ ਕੀਤਾ ਅਤੇ ਸਮੂਚੇ ਰਾਸ਼ਟਰ ਦੀ ਕਿਸਾਨੀ ਕਾਰਪੋਰੇਟਾਂ ਦੇ ਚੰਗੁਲ ਵਿਚ ਜਾਣ ਤੋਂ ਬਚਾਉਣ ਲਈ ਬਹਾਦਰ ਪੰਜਾਬੀ ਦਿੱਲੀ ਪੁੱਜ ਗਏ ਤਾਂ ਹੁਣ ਭਾਜਪਾ ਨੇ ਆਪਣੀਆਂ ਕੋਝੀਆਂ ਚਾਲਾਂ ਦੀ ਲੜੀ ਵਿਚੋਂ ਐਸ.ਵਾਈ.ਐਲ. ਨਹਿਰ ਦਾ ਮੁੱਦਾ ਕੱਢ ਕੇ ਪੰਜਾਬ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ ਕੀਤੀ ਹੈ।
ਜਾਖੜ ਨੇ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬ ਨਾਲ ਧੱਕੇਸ਼ਾਹੀ ਦਾ ਰਵਈਆ ਤਿਆਗ ਕੇ ਕਿਸਾਨਾਂ ਦੀ ਮੰਗ ਮੰਨੀ ਜਾਵੇ ਅਤੇ ਤਿੰਨੋਂ ਕਾਲੇ ਕਾਨੂੰਨ ਰੱਦ ਕੀਤੇ ਜਾਣ। ਉਨਾਂ ਨੇ ਕਿਹਾ ਕਿ ਪੰਜਾਬ ਨੂੰ ਕਿਸੇ ਧੱਕੇਸਾਹੀ ਨਾਲ ਦਬਾਇਆ ਨਹੀਂ ਜਾ ਸਕਦਾ ਹੈ। ਉਨਾਂ ਨੇ ਕਿਹਾ ਕਿ ਪੰਜਾਬੀ ਦੇਸ਼ ਦੇ ਕਿਸਾਨਾਂ ਦੀ ਲੜਾਈ ਲੜ ਰਹੇ ਹਨ ਅਤੇ ਇਹ ਕੇਂਦਰ ਸਰਕਾਰ ਦੇ ਕਿਸੇ ਜਬਰ ਜੁਲਮ ਜਾਂ ਧੱਕੇਸ਼ਾਹੀ ਨਾਲ ਪਿੱਛੇ ਨਹੀਂ ਮੁੜਣਗੇ ਇਸ ਲਈ ਕੇਂਦਰ ਸਰਕਾਰ ਦੇ ਭਾਜਪਾ ਆਗੂ ਪੰਜਾਬ ਤੋਂ ਉਠੀ ਸੱਚ ਦੀ ਅਵਾਜ ਦੀ ਕਦਰ ਕਰਨ ਅਤੇ ਆਪਣੇ ਗਲਤ ਨਿਰਣੇ ਵਾਪਿਸ ਲੈਣ ਨਹੀਂ ਤਾਂ ਇਸਤੇ ਗੰਭੀਰ ਨਤੀਜੇ ਨਿਕਲਣਗੇ।